ਡਿਪਟੀ ਕਮਿਸ਼ਨਰ ਵੱਲੋਂ ਐਮਰਜੈਂਸੀ ਬੈਠਕ ਕਰਕੇ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ
-ਜ਼ਿਲ੍ਹੇ ਦੀਆਂ ਨਦੀਆਂ 'ਚ 50 ਦੇ ਕਰੀਬ ਪਏ ਪਾੜ ਪੂਰਨ, ਹੜ੍ਹਾਂ ਦੇ ਪਾਣੀ ਦੇ ਕੁਦਰਤੀ ਵਹਾਅ ਖੇਤਰਾਂ ਦੀ ਨਿਸ਼ਾਨਦੇਹੀ ਤੇ ਪਾਣੀ ਦੀ ਨਿਕਾਸੀ ਪ੍ਰਬੰਧ ਹੋਰ ਵਧੇਰੇ ਮਜ਼ਬੂਤ ਕਰਨ 'ਤੇ ਜ਼ੋਰ
-ਹੜ੍ਹ ਕਰਕੇ ਨੁਕਸਾਨੀਆਂ ਸੜਕਾਂ ਤੇ ਪੁੱਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ- ਸਾਕਸ਼ੀ ਸਾਹਨੀ
-ਹੜ੍ਹ ਪ੍ਰਭਾਵਤ ਖੇਤਰਾਂ ਦਾ ਡਰੋਨ ਸਰਵੇ ਕਰਵਾਉਣ ਤੇ ਮੀਂਹਾਂ ਦੇ ਮੌਸਮ 'ਚ ਹੋਰ ਵਧੇਰੇ ਚੌਕਸ ਰਹਿਣ ਦੇ ਨਿਰਦੇਸ਼
ਪਟਿਆਲਾ, 16 ਜੁਲਾਈ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹਾਂ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਅਤੇ ਚੱਲ ਰਹੇ ਬਰਸਾਤੀ ਮੌਸਮ 'ਚ ਹੋਰ ਚੌਕਸ ਰਹਿਣ ਤੇ ਚੁੱਕੇ ਜਾਣ ਵਾਲੇ ਸੰਭਾਂਵੀ ਕਦਮਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਪਤ ਨਿਰਦੇਸ਼ ਅਧਿਕਰੀਆਂ ਨੂੰ ਦੇਣ ਲਈ ਏ.ਡੀ.ਸੀਜ਼, ਐਸ.ਡੀ.ਐਮਜ਼ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਹੰਗਾਮੀ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗ ਆਪਸੀ ਤਾਲਮੇਲ ਨਾਲ ਇਨ੍ਹਾਂ ਹੜ੍ਹਾਂ ਤੋਂ ਉਭਰਨ ਲਈ ਇੱਕਜੁੱਟ ਹੋਕੇ ਹੰਭਲਾ ਮਾਰਨ ਅਤੇ ਸਾਜੋ-ਸਾਮਾਨ ਤਿਆਰ ਰੱਖਣ ਤਾਂ ਕਿ ਭਵਿੱਖ 'ਚ ਅਜਿਹੀ ਸਥਿਤੀ ਨਾਲ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਿਆ ਜਾ ਸਕੇ।
ਸਾਕਸ਼ੀ ਸਾਹਨੀ ਨੇ ਡਰੇਨੇਜ ਵਿਭਾਗ ਨੂੰ ਜ਼ਿਲ੍ਹੇ ਅੰਦਰ ਘੱਗਰ, ਟਾਂਗਰੀ, ਸਰਹਿੰਦ ਚੋਅ ਸਮੇਤ ਹੋਰ ਨਦੀਆਂ ਨਾਲਿਆਂ 'ਚ ਪਏ 50 ਦੇ ਕਰੀਬ ਪਾੜ ਤੁਰੰਤ ਪੂਰੇ ਜਾਣ, ਹੜ੍ਹ ਦੇ ਪਾਣੀ ਦੇ ਕੁਦਰਤੀ ਵਹਾਅ ਦੇ ਖੇਤਰਾਂ ਦੀ ਪਛਾਣ ਕਰਨ ਸਮੇਤ ਹੜ੍ਹ ਦੇ ਪਾਣੀ ਦੇ ਨਿਕਾਸੀ ਪ੍ਰਬੰਧ ਹੋਰ ਵਧੇਰੇ ਮਜ਼ਬੂਤ ਕਰਨ ਅਤੇ ਸਥਾਨਕ ਪੱਧਰ 'ਤੇ ਪਾਣੀ ਦਾ ਪੱਧਰ ਮਾਣ ਲਈ ਗੇਜ਼ ਮੀਟਰ ਸਥਾਪਤ ਕਰਨ 'ਤੇ ਜ਼ੋਰ ਦਿੱਤਾ।
ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹੜ੍ਹ ਕਰਕੇ ਨੁਕਸਾਨੀਆਂ ਸੜਕਾਂ ਤੇ ਪੁੱਲਾਂ ਦੀ ਤੁਰੰਤ ਮੁਰੰਮਤ ਕਰਨ ਸਮੇਤ ਸਾਰੀਆਂ ਸੜਕਾਂ ਦੇ ਸਾਰੇ ਪੁੱਲਾਂ ਦੇ ਬੁਨਿਆਦੀ ਢਾਂਚੇ ਦਾ ਨਿਰੀਖਣ ਕਰਕੇ ਇਨ੍ਹਾਂ ਨੂੰ ਹੋਰ ਮਜਬੂਤ ਕੀਤਾ ਜਾਵੇ ਤਾਂ ਕਿ ਭਾਰੀ ਮੀਂਹ ਦੇ ਪਾਣੀ ਕਰਕੇ ਕਮਜ਼ੋਰ ਹੋ ਚੁੱਕੇ ਢਾਂਚੇ ਨੂੰ ਪੈਣ ਵਾਲੇ ਮੀਂਹ ਕਰਕੇ ਕੋਈ ਹੋਰ ਨੁਕਸਾਨ ਨਾ ਪੁੱਜੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਹੜ੍ਹਾਂ ਦਾ ਡਰੋਨ ਸਰਵੇ ਕਰਵਾਇਆ ਜਾਵੇ ਅਤੇ ਚੱਲ ਰਹੇ ਮੀਂਹ ਦੇ ਮੌਸਮ 'ਚ ਹੋਰ ਵਧੇਰੇ ਚੌਕਸੀ ਰੱਖੀ ਜਾਵੇ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਸੜਕਾਂ ਕਰਕੇ ਪਾਣੀ ਦੀ ਪ੍ਰਭਾਵਿਤ ਹੁੰਦੀ ਨਿਕਾਸੀ ਨੂੰ ਠੀਕ ਕਰਨ ਲਈ ਨਵੀਆਂ ਤੇ ਚੌੜੀਆਂ ਪੁੱਲੀਆਂ (ਕਲਵਰਟ) ਬਣਾਈਆਂ ਜਾਣ। ਜਦਕਿ ਨੈਸ਼ਨਲ ਹਾਈਵੇਜ਼ ਤੇ ਹੋਰ ਸੜਕਾਂ 'ਤੇ ਪਹਿਲਾਂ ਬਣੇ ਅਜਿਹੇ ਸਾਇਫ਼ਨਾਂ, ਜਿਹੜੇ ਕਿ ਪਾਣੀ ਦੀ ਨਿਕਾਸੀ ਨਹੀਂ ਕਰ ਸਕੇ, ਦਾ ਨਿਰੀਖਣ ਕਰਕੇ ਇਨ੍ਹਾਂ ਨੂੰ ਨਵੇਂ ਸਿਰਿਉਂ ਠੀਕ ਕੀਤਾ ਜਾਵੇ।
ਸਾਕਸ਼ੀ ਸਾਹਨੀ ਨੇ ਸਮੂਹ ਵਿਭਾਗਾਂ ਨੂੰ ਕੀਤੀ ਗਈ ਕਾਰਵਾਈ ਬਾਬਤ ਇਕ ਮੁਕੰਮਲ ਰਿਪੋਰਟ ਬਣਾਕੇ ਪੇਸ਼ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਹੜ੍ਹਾਂ ਦਾ ਪਾਣੀ ਘੱਟਣ ਕਰਕੇ ਜੋ ਕੰਮ ਕੀਤੇ ਜਾਣ ਵਾਲੇ ਹਨ, ਉਹ ਵੀ ਮੀਂਹ ਪੈਣ ਦੀ ਸੰਭਾਵਨਾ ਤੋਂ ਪਹਿਲਾਂ-ਪਹਿਲਾਂ ਤੁਰੰਤ ਨਿਪਟਾਏ ਜਾਣ। ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਸਮੂਹ ਐਸ.ਡੀ.ਐਮਜ਼, ਡਰੇਨੇਜ, ਸਿੰਚਾਈ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ, ਪੇਂਡੂ ਵਿਕਾਸ ਤੇ ਪੰਚਾਇਤ, ਮੰਡੀ ਬੋਰਡ, ਮਾਲ ਵਿਭਾਗ, ਬਿਜਲੀ ਨਿਗਮ, ਸਿਹਤ, ਖੇਤੀਬਾੜੀ, ਪਸ਼ੂ ਪਾਲਣ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।