ਐਤਵਾਰ ਸ਼ਾਮ ਤੱਕ ਜਿ਼ਲ੍ਹੇ ਵਿਚ ਵੰਡੀਆਂ 2970 ਤਰਪਾਲਾਂ— ਡਿਪਟੀ ਕਮਿਸ਼ਨਰ
—ਪਾਣੀ ਖੇਤਾਂ ਤੋਂ ਵਾਪਿਸ ਨਦੀ ਵਿਚ ਜਾਣਾ ਸੁ਼ਰੂ
—ਕਾਂਵਾਂ ਵਾਲੀ ਪੱਤਣ ਦੇ ਪਾਣੀ ਦਾ ਪੱਧਰ ਪੌਣੇ ਦੋ ਫੁੱਟ ਨੀਵਾਂ ਹੋਇਆ
—ਐਤਵਾਰ ਨੂੰ ਵੰਡੀਆਂ 34 ਟਰਾਲੀਆਂ ਹਰਾ ਚਾਰਾ
—ਡਿਪਟੀ ਕਮਿਸ਼ਨਰ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਫਾਜਿ਼ਲਕਾ, 16 ਜ਼ੁਲਾਈ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਐਤਵਾਰ ਸ਼ਾਮ ਨੂੰ ਜਿ਼ਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ।ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਤੱਕ ਪ੍ਰਭਾਵਿਤ 9 ਪਿੰਡਾਂ ਵਿਚ ਕੁੱਲ 2970 ਤਰਪਾਲਾਂ ਲੋੜਵੰਦ ਲੋਕਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ। ਇਸ ਵਿਚੋਂ 500 ਤਰਪਾਲਾਂ ਬੀਕੇਯੂ ਖੋਸਾ ਵੱਲੋਂ ਵੰਡੀਆਂ ਗਈਆਂ ਹਨ ਜਦ ਕਿ 2470 ਤਰਪਾਲਾਂ ਪ੍ਰਸ਼ਾਸਨ ਵੱਲੋਂ ਤਕਸੀਮ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਬਿਨ੍ਹਾਂ ਹਾਲੇ ਵੀ ਕੰਟਰੋਲ ਰੂਮ ਵਿਖੇ ਤਿੰਨ ਟਰਾਲੀਆਂ ਤਰਪਾਲਾਂ ਹੋਰ ਪਹੁੰਚ ਚੁੱਕੀਆਂ ਹਨ ਜਿੰਨ੍ਹਾਂ ਦੀ ਵੰਡ ਭਲਕ ਨੂੰ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਰਾਹਤ ਸਮੱਗਰੀ ਦੀ ਸੁਚਾਰੂ ਅਤੇ ਪਾਰਦਰਸ਼ੀ ਵੰਡ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।
ਇਸ ਤੋਂ ਬਿਨ੍ਹਾਂ ਸਿਰਫ ਐਤਵਾਰ ਨੂੰ 34 ਟਰਾਲੀਆਂ ਹਰਾ ਚਾਰਾ ਵੰਡਿਆਂ ਗਿਆ ਹੈ ਤਾਂ ਜ਼ੋ ਜਾਨਵਰਾਂ ਨੂੰ ਖੁਰਾਕ ਦੀ ਕਮੀ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਟਰਨਰੀ ਵਿਭਾਗ ਦੀਆਂ 27 ਟੀਮਾਂ ਅੱਠ ਅੱਠ ਘੰਟਿਆਂ ਦੀ ਸਿਫਟ ਵਿਚ ਸਾਰੇ ਪ੍ਰਭਾਵਿਤ ਪਿੰਡਾਂ ਵਿਚ ਜਾਨਵਰਾਂ ਨੂੰ ਇਲਾਜ ਮੁਹਈਆਂ ਕਰਵਾ ਰਹੀਆਂ ਹਨ।ਇੰਨ੍ਹਾਂ ਟੀਮਾਂ ਵੱਲੋਂ 423 ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਗਲਘੋਟੂ ਰੋਗ ਦੇ ਟੀਕੇ ਪਹਿਲਾਂ ਹੀ ਵਿਭਾਗ ਨੇ ਲਗਾ ਦਿੱਤੇ ਸਨ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਪਿੰਡ ਵਿਚ ਜਾ ਕੇ ਲੋਕਾਂ ਨੂੰ ਸਿਹਤ ਸਹੁਲਤਾਂ ਦੇਣ ਕਿਉਂਕਿ ਹੁਣ ਜਦ ਪਾਣੀ ਘਟੇਗਾ ਤਾਂ ਇਸ ਇਲਾਕੇ ਵਿਚ ਬਿਮਾਰੀਆਂ ਵੱਧਣ ਦਾ ਡਰ ਹੁੰਦਾ ਹੈ। ਇਸਤੋਂ ਬਿਨ੍ਹਾਂ ਵਿਭਾਗ ਨੂੰ ਪਿੰਡਾਂ ਵਿਚ ਫੋਗਿੰਗ ਕਰਵਾਉਣ ਲਈ ਵੀ ਯੋਜਨਾਬੰਦੀ ਕਰਨ ਲਈ ਕਿਹਾ ਗਿਆ ਹੈ ਤਾਂ ਜ਼ੋ ਮੱਛਰਾਂ ਦਾ ਵਾਧਾ ਰੋਕਿਆ ਜਾ ਸਕੇ।
ਦੂਜ਼ੇ ਪਾਸੇ ਪਾਣੀ ਦਾ ਪੱਧਰ ਤੇਜੀ ਨਾਲ ਘੱਟ ਰਿਹਾ ਹੈ। ਖੇਤਾਂ ਤੋਂ ਪਾਣੀ ਨਦੀ ਵਿਚ ਵਾਪਿਸ ਜਾ ਰਿਹਾ ਹੈ। ਮਹਾਤਮ ਨਗਰ ਪਿੰਡ ਦੇ ਨਾਲ ਲੱਗਦੇ ਜ਼ੋ ਖੇਤ ਕੱਲ ਪੂਰੀ ਤਰਾਂ ਨਾਲ ਪਾਣੀ ਵਿਚ ਡੱੁਬੇ ਸਨ ਉਥੇ ਅੱਜ ਝੋਨਾ ਪੂਰੀ ਤਰਾਂ ਪਾਣੀ ਤੋਂ ਬਾਹਰ ਆ ਗਿਆ ਹੈ ਅਤੇ ਕਿਸਾਨਾਂ ਨੇ ਰਾਹਤ ਲਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ 24 ਘੰਟੇ ਕੰਮ ਕਰ ਰਿਹਾ ਹੈ। ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕ ਕਿਸੇ ਵੀ ਮਦਦ ਲਈ ਫੋਨ ਨੰਬਰ 01638—262153 ਤੇ ਕਾਲ ਕਰ ਸਕਦੇ ਹਨ।
ਇਸ ਮੌਕੇ ਫਾਜਿ਼ਲਕਾ ਦੇ ਐਸਡੀਐਮ ਸ੍ਰੀ ਨਿਕਾਸ ਖੀਂਚੜ, ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਰਾਜੀਵ ਛਾਬੜਾ ਤੇ ਹੋਰ ਅਧਿਕਾਰੀ ਹਾਜਰ ਸਨ।