MOGA NEWS : ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਹੜ੍ਹ ਦੀ ਮਾਰ ਤੋਂ ਬਚਾਇਆ ਜ਼ਿਲ੍ਹਾ ਮੋਗਾ

 ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਹੜ੍ਹ ਦੀ ਮਾਰ ਤੋਂ ਬਚਾਇਆ ਜ਼ਿਲ੍ਹਾ ਮੋਗਾ

- ਦੋ ਮੁੱਖ ਬੰਨ੍ਹਾਂ ਦੀ ਮਜ਼ਬੂਤੀ ਅਤੇ ਡਰੇਨਾਂ ਦੀ ਸਫ਼ਾਈ ਦਾ ਕੰਮ ਜੂਨ ਮਹੀਨੇ ਹੀ ਕਰਵਾ ਲਿਆ ਗਿਆ ਸੀ ਮੁਕੰਮਲ

- ਚਾਰ ਪਿੰਡਾਂ ਨੂੰ ਇਹਤਿਆਤ ਵਜੋਂ ਕਰਵਾਇਆ ਸੀ ਖਾਲੀ

- 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ ਚੱਲਿਆ ਸੀ 2 ਲੱਖ 70 ਹਜ਼ਾਰ ਕਿਉਸਕ ਪਾਣੀ

- ਪ੍ਰਸ਼ਾਸ਼ਨ ਵੱਲੋਂ ਤਿੰਨਾਂ ਬੰਨ੍ਹਾਂ ਦੀ ਹੁਣ ਵੀ ਕੀਤੀ ਜਾ ਰਹੀ ਤਿੱਖੀ ਨਜ਼ਰਸਾਨੀ

- ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਅਪੀਲ! ਕਿਸੇ ਆਪਾਤਕਾਲੀਨ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ


ਮੋਗਾ, 16 ਜੁਲਾਈ - ਮੌਨਸੂਨ ਦੇ ਚੱਲਦਿਆਂ ਪੂਰੇ ਉਤਰੀ ਭਾਰਤ ਵਿੱਚ ਮੀਂਹ ਨੇ ਤਰਥੱਲੀ ਮਚਾਈ ਹੋਈ ਹੈ। ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਕਈ ਜ਼ਿਲ੍ਹੇ ਵੀ ਇਸ ਮਾਰ ਨੂੰ ਝੱਲ ਰਹੇ ਹਨ। ਪਰ ਸਮਾਂ ਰਹਿੰਦੇ ਕੀਤੇ ਅਗਾਊਂ ਪ੍ਰਬੰਧਾਂ ਨੇ ਜ਼ਿਲ੍ਹਾ ਮੋਗਾ ਨੂੰ ਹੜ੍ਹ ਦੀ ਮਾਰ ਤੋਂ ਬਚਾ ਲਿਆ ਹੈ। ਸਤਲੁਜ ਦੇ ਕੰਢੇ ਵਸੇ ਹੋਏ ਜ਼ਿਲ੍ਹਾ ਮੋਗਾ ਵਿੱਚ ਐਤਕੀਂ ਜੂਨ ਮਹੀਨੇ ਤੋਂ ਪਹਿਲਾਂ ਹੀ ਸਾਰੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਚਾਰ ਪਿੰਡਾਂ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ।



ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੜ੍ਹ ਦਾ ਸਭ ਤੋਂ ਵੱਡਾ ਖ਼ਤਰਾ ਹਲਕਾ ਧਰਮਕੋਟ ਅਧੀਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਹੁੰਦਾ ਹੈ। ਇਸੇ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਭੈਣੀ ਦੇ ਗਿੱਦੜਪਿੰਡੀ ਬੰਨ੍ਹ ਨੂੰ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਮਿੱਟੀ ਦੀਆਂ ਬੋਰੀਆਂ ਨਾਲ ਮਜ਼ਬੂਤ ਕਰ ਦਿੱਤਾ ਗਿਆ ਸੀ। ਹੁਣ ਵੀ ਪਿੰਡ ਮੰਝਲੀ (ਫਾਇਵ ਐਲ) ਦੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਬੰਨ੍ਹ ਦੀ ਲੰਬਾਈ 20 ਕਿਲੋਮੀਟਰ ਦੇ ਕਰੀਬ ਪੈਂਦੀ ਹੈ।

ਇਸੇ ਤਰ੍ਹਾਂ 17.7 ਕਿਲੋਮੀਟਰ ਲੰਬੀ ਬੱਸੀਆਂ ਡਰੇਨ, 30.18 ਕਿਲੋਮੀਟਰ ਲੰਬੀ ਚੰਦ ਭਾਨ ਡਰੇਨ ਅਤੇ 13.10 ਕਿਲੋਮੀਟਰ ਲੰਬੀ ਬੱਧਣੀ ਡਰੇਨ ਨੂੰ ਵੀ ਪਹਿਲਾਂ ਹੀ ਸਾਫ਼ ਕਰਵਾ ਲਿਆ ਗਿਆ ਸੀ। ਇਹ ਤਿੰਨੋਂ ਡਰੇਨਾਂ ਜ਼ਿਲ੍ਹਾ ਮੋਗਾ ਦੇ 90 ਪਿੰਡਾਂ ਵਿੱਚੋਂ ਗੁਜ਼ਰਦੀਆਂ ਹਨ। ਇਹ ਸਫ਼ਾਈ ਹੋਣ ਨਾਲ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਇਲਾਕੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ।

ਉਹਨਾਂ ਕਿਹਾ ਕਿ 11 ਜੁਲਾਈ ਨੂੰ ਸਤਲੁਜ ਦਰਿਆ ਵਿੱਚ 2 ਲੱਖ 70 ਹਜ਼ਾਰ ਕਿਉਸਕ ਪਾਣੀ ਚੱਲ ਰਿਹਾ ਸੀ। ਜੇਕਰ ਉਕਤ ਸਾਰੇ ਕੰਮ ਨਾ ਕਰਵਾਏ ਹੁੰਦੇ ਤਾਂ ਇਸ ਦੀ ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਣੀ ਸੀ। ਜ਼ਿਲ੍ਹਾ ਮੋਗਾ ਸਤਲੁਜ ਦੇ ਦੱਖਣੀ ਪਾਸੇ ਪੈਂਦਾ ਹੈ ਅਤੇ ਹਮੇਸ਼ਾਂ ਦੱਖਣੀ ਪਾਸੇ ਨੂੰ ਹੀ ਨਿਵਾਣ ਹੁੰਦੀ ਹੈ ਅਤੇ ਨੁਕਸਾਨ ਵੀ ਇਸੇ ਪਾਸੇ ਹੁੰਦਾ ਹੈ। ਪਰ ਜ਼ਿਲ੍ਹਾ ਮੋਗਾ ਵਾਲੇ ਪਾਸੇ ਬੰਨ੍ਹ ਮਜ਼ਬੂਤ ਹੋਣ ਕਾਰਨ ਦਰਿਆ ਮਾਰ ਨਹੀਂ ਕਰ ਸਕਿਆ।

ਜਦੋਂ ਸਤਲੁਜ ਪੂਰੇ ਉੱਚ ਪੱਧਰ ਉੱਤੇ ਸੀ ਤਾਂ ਜ਼ਿਲ੍ਹਾ ਮੋਗਾ ਦੇ ਖੇਤਰ ਵਿੱਚ ਕੁੱਲ ਤਿੰਨ ਢਾਹਾਂ ਲੱਗੀਆਂ ਸਨ। ਜਿੰਨਾ ਨੂੰ ਪ੍ਰਸ਼ਾਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਪੂਰ ਦਿੱਤਾ ਗਿਆ ਸੀ। ਇਸ ਦੌਰਾਨ ਦਰਿਆ ਵਿੱਚ ਰਹਿੰਦੇ 155 ਲੋਕਾਂ ਨੂੰ ਹੜ੍ਹ ਵਾਲੇ ਪਾਣੀ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਸੀ। ਚਾਰ ਪਿੰਡਾਂ ਪ੍ਰੱਲੀਵਾਲ, ਮਹਿਰੂਵਾਲਾ, ਕੰਬੋਅ ਖੁਰਦ ਅਤੇ ਸੰਘੇੜਾ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਗਿਆ ਸੀ, ਉਥੇ ਵੀ ਹੁਣ ਆਮ ਵਰਗੇ ਹਾਲਾਤ ਹੋ ਚੁੱਕੇ ਹਨ। ਹੁਣ ਦਰਿਆ ਵਿੱਚ 16 ਹਜ਼ਾਰ ਕਿਉਸਕ ਪਾਣੀ ਚੱਲ ਰਿਹਾ ਹੈ। ਹੁਣ 1 ਲੱਖ ਤੱਕ ਵੀ ਪਾਣੀ ਛੱਡ ਦਿੱਤਾ ਜਾਵੇ ਤਾਂ ਵੀ ਕੋਈ ਖ਼ਤਰਾ ਨਹੀਂ ਹੈ।

ਦੱਸਣਯੋਗ ਹੈ ਕਿ ਅਗਾਮੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਸਨ ਤਾਂ ਜੋ ਸਮਾਂ ਰਹਿੰਦੇ ਇਹ ਮੁਕੰਮਲ ਕਰ ਲਏ ਜਾਣ। ਇਹਨਾਂ ਪ੍ਰਬੰਧਾਂ ਦੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਖੁਦ ਨਿਗਰਾਨੀ ਕੀਤੀ। ਪਿੰਡ ਮੰਝਲੀ (ਫਾਇਵ ਐਲ) ਅਤੇ ਭੈਣੀ ਵਾਲੇ (ਗਿੱਦੜਪਿੰਡੀ) ਬੰਨ੍ਹ ਸਮੇਤ ਹੋਰ ਕਈ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹੁਣੇ ਤੋਂ ਹੀ ਪੱਬਾਂ ਭਾਰ ਹੈ। ਪੰਜਾਬ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਵਿੱਚ ਪੈਂਦੀਆਂ ਮੁੱਖ ਚਾਰ ਡਰੇਨਾਂ ਨੂੰ ਸਾਫ਼ ਕਰਨ ਦਾ ਕੰਮ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਵਾ ਲਿਆ ਗਿਆ ਸੀ।

ਜ਼ਿਲ੍ਹਾ ਮੋਗਾ ਵਿੱਚ ਸਤਲੁਜ ਦਰਿਆ ਕਰੀਬ 31 ਕਿਲੋ ਮੀਟਰ ਲੰਬਾਈ ਪੈਂਦੀ ਹੈ। ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਅਤੇ ਅਤੇ ਡਰੇਨਾਂ ਦੀ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਦਰਿਆ ਦਾ ਬੰਨ੍ਹ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਪੱਥਰ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਮੁੱਖ ਤਿੰਨ ਬੰਨ੍ਹ ਪੈਂਦੇ ਹਨ, ਪ੍ਰਸ਼ਾਸ਼ਨ ਵੱਲੋਂ ਇਹਨਾਂ ਤਿੰਨਾਂ ਦੀ ਤਿੱਖੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਖੇਤਰ ਵਿੱਚ ਸਾਲ 2019 ਵਿੱਚ ਹੜ੍ਹ ਵਾਲੀ ਸਥਿਤੀ ਬਣੀ ਸੀ ਪਰ ਪਿਛਲੇ ਸਾਲ ਵੀ ਨਾਜ਼ੁਕ ਕਿਨਾਰਿਆਂ ਦੀ ਪੁਖ਼ਤਾ ਮੁਰੰਮਤ ਕੀਤੀ ਗਈ ਸੀ ਅਤੇ ਹੁਣ ਇਸ ਸਾਲ ਵੀ ਮੁਰੰਮਤ ਹੋਣ ਨਾਲ ਇਸ ਵਾਰ ਹੜ੍ਹ ਵਰਗੀ ਸਥਿਤੀ ਦਾ ਅੰਦੇਸ਼ਾ ਘੱਟ ਹੈ ਪਰ ਫਿਰ ਵੀ ਅਗਸਤ ਤੱਕ ਆਮ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਅਲਰਟ ਰਹਿਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਜਦੋਂ ਵੀ ਕਿਸੇ ਆਪਾਤਕਾਲੀਨ ਸਥਿਤੀ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends