PSTET 1 ANSWER KEY 2026 DOWNLOAD HERE




 


## ਪੰਜਾਬੀ ਭਾਸ਼ਾ (ਪ੍ਰਸ਼ਨ 1-30)

ਪੈਰਾ (ਪ੍ਰਸ਼ਨ 1-12)

ਕਈ ਸਰਦੇ-ਪੁੱਜਦੇ ਮਾਪਿਆਂ ਵੱਲੋਂ ਕੁੜੀ ਦੇ ਵਿਆਹ ਵਿੱਚ ਦਿੱਤੇ ਗਏ ਖੱਟ-ਦਾਜ ਵਿੱਚ ਹੋਰ ਚੀਜ਼ਾਂ ਤੋਂ ਬਿਨਾਂ ਸ਼ਿੰਗਾਰ-ਵਸਤਾਂ ਵੀ ਦਿੱਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਲਈ ਇੱਕ ਸ਼ਿੰਗਾਰ-ਦਾਨ ਵੀ ਦਿੱਤਾ ਜਾਂਦਾ ਹੈ। ਜਿਸ ਵਿੱਚ ਅੱਜ-ਕੱਲ੍ਹ ਤਾਂ ਬਹੁਤੀਆਂ ਚੀਜ਼ਾਂ ਸ਼ਹਿਰਾਂ ਵਿੱਚ ਪ੍ਰਚਲਿਤ ਮੇਕ-ਅੱਪ ਵਾਲੀਆਂ ਹੀ ਹੁੰਦੀਆਂ ਹਨ ਪਰ ਹਾਲੇ ਵੀ ਕੁਝ ਘਰਾਂ ਵਿੱਚ ਪੁਰਾਣੀਆਂ ਕਿਸਮ ਦੀਆਂ ਸੁਰਮੇਦਾਨੀਆਂ ਆਦਿ ਵੇਖਣ ਵਿੱਚ ਆਉਂਦੀਆਂ ਹਨ, ਜਿਨ੍ਹਾਂ ਵਿੱਚ ਰੱਖੇ ਸੁਰਮਚੂਆਂ ਦੀ ਸਹਾਇਤਾ ਨਾਲ ਤੀਵੀਆਂ ਧਾਰ ਬੰਨ੍ਹ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ ਹਨ। ਲੰਮੀਆਂ ਧਾਰਾਂ ਵਾਲੇ ਸੁਰਮੇ ਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਹੈ। ਪੂਛਾਂ ਵਾਲੇ ਸੁਰਮੇ ਨੂੰ ਲੋਕਾਂ ਵਿੱਚ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ। ਬਜ਼ਾਰ ਵਿੱਚ ਭਾਵੇਂ ਪੀਸਿਆ-ਪਿਸਾਇਆ ਸੁਰਮਾ ਵੀ ਮਿਲ ਜਾਂਦਾ ਹੈ ਪਰ ਬਹੁਤੀਆਂ ਜ਼ਨਾਨੀਆਂ ਡਲੀਆਂ ਵਾਲਾ ਸੁਰਮਾ ਲਿਆ ਕੇ ਆਪਣੇ ਹੱਥਾਂ ਨਾਲ ਕਾਫ਼ੀ ਮਿਹਨਤ ਨਾਲ ਸੁਰਮਾ ਰਗੜਦੀਆਂ ਸਨ। ਸੁਰਮੇ ਦੀ ਡਲੀ ਨੂੰ ਖਰਲ ਵਿੱਚ ਪਾ ਕੇ ਲੰਬੂਤਰੇ ਜਿਹੇ ਵੱਟੇ ਨਾਲ ਕਈ ਦਿਨ ਲਗਾਤਾਰ ਰਗੜਾਈ ਕਰਕੇ ਮੈਦੇ ਵਾਂਗ ਇੰਨਾ ਮਹੀਨ ਕਰ ਲਿਆ ਜਾਂਦਾ ਸੀ ਕਿ ਅੱਖ ਵਿੱਚ ਪਾਉਣ ਸਮੇਂ ਇਹ ਅਸਲੋਂ ਹੀ ਰੜਕ ਪੈਦਾ ਨਾ ਕਰੇ। ਕੁਝ ਔਰਤਾਂ ਸੁਰਮੇ ਦੇ ਟਾਕਰੇ ਤੇ ਕੱਜਲ ਨੂੰ ਵਧੇਰੇ ਤਰਜੀਹ ਦਿੰਦੀਆਂ ਹਨ। ਨਿੱਕੀਆਂ-ਨਿੱਕੀਆਂ ਡੱਬੀਆਂ ਵਿੱਚ ਬੰਦ ਬਜ਼ਾਰੀ ਕੱਜਲ ਵੀ ਆਮ ਮਿਲ ਜਾਂਦਾ ਹੈ, ਪਰ ਪਹਿਲਾਂ-ਪਹਿਲ ਆਮ ਪੇਂਡੂ ਤੀਵੀਆਂ ਦਿਵਾਲੀ ਵਾਲੀ ਰਾਤ ਦੇਸੀ ਤੇਲ ਦੇ ਦੀਵੇ `ਪੁਰ ਕੋਈ ਪਿੱਤਲ ਜਾਂ ਕੈਹੇਂ ਦਾ ਭਾਂਡਾ ਮੂਧਾ ਮਾਰ ਕੇ ਆਪ ਕੱਜਲ ਤਿਆਰ ਕਰਦੀਆਂ ਸਨ। ਅਜੋਕੀ ਡਾਕਟਰੀ ਰਾਇ ਅਨੁਸਾਰ ਅੱਖਾਂ ਵਿੱਚ ਸੁਰਮੇ ਜਾਂ ਕੱਜਲ ਦੀ ਵਰਤੋਂ ਬਹੁਤੀ ਗੁਣਕਾਰੀ ਨਹੀਂ ਸਮਝੀ ਜਾਂਦੀ। ਗੁੱਤ ਕਰਨਾ ਜਾਂ ਗੁੱਤ ਗੁੰਦਣਾ ਵੀ ਸ਼ਿੰਗਾਰ ਦਾ ਖਾਸ ਹਿੱਸਾ ਮੰਨਿਆਂ ਗਿਆ ਹੈ। ਪੰਜਾਬੀ ਮੁਟਿਆਰਾਂ ਆਮ ਤੌਰ ਤੇ ਕੱਸ ਕੇ ਗੁੱਤ ਕਰਦੀਆਂ ਹਨ। ਵਾਲਾਂ ਨੂੰ ਵਧੇਰੇ ਕੱਸ ਪਾਉਣ ਲਈ ਪਰਾਂਦੇ ਦੀ ਵਰਤੋਂ ਕੀਤੀ ਜਾਂਦੀ ਹੈ। ਛੋਟੇ ਪਰਾਂਦੇ ਨੂੰ ਪਰਾਂਦੀ ਵੀ ਕਿਹਾ ਜਾਂਦਾ ਹੈ। ਵਿਆਹ-ਸ਼ਾਦੀਆਂ ਦੇ ਮੌਕੇ ਤੇ ਰੰਗਲੇ, ਤਿੱਲੇਦਾਰ ਪਰਾਂਦੇ ਵੀ ਗੁੱਤ ਗੁੰਦਣ ਲਈ ਵਰਤੇ ਜਾਂਦੇ ਹਨ, ਜਿਨ੍ਹਾਂ ਦੇ ਹੇਠਾਂ ਫੁੱਲ ਜਾਂ ਫੌਦੇ ਲਮਕਦੇ ਹੁੰਦੇ ਹਨ। ਆਮ ਤੌਰ `ਤੇ ਕਾਲੇ ਸੂਤ ਦੇ ਬਣੇ ਪਰਾਂਦੇ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਅਜੋਕੇ ਦੌਰ ਵਿੱਚ ਪਰਾਂਦਿਆਂ ਦੀ ਥਾਂ ਰਿਬਨਾਂ ਜਾਂ ਰਬੜ ਦੇ ਛੱਲਿਆਂ ਨੇ ਮਲ੍ਹ ਲਈ ਹੈ ਪਰ ਫਿਰ ਵੀ ਮੁਟਿਆਰ ਦੇ ਸੁਹੱਪਣ ਨੂੰ ਚਾਰ ਚੰਨ ਲਾਉਣ ਵਿੱਚ ਪਰਾਂਦੇ-ਪਰਾਂਦੀਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ।

1. "ਸ਼ਿੰਗਾਰ-ਦਾਨ" ਦੇਣ ਦਾ ਮੁੱਖ ਉਦੇਸ਼ ਕੀ ਹੈ?
a) ਸਜਾਵਟ ਲਈ
b) ਸ਼ਿੰਗਾਰ ਸਮਾਨ ਨੂੰ ਸੰਭਾਲਣ ਲਈ
c) ਤੋਹਫ਼ਾ ਦਿਖਾਉਣ ਲਈ
d) ਰਸਮ ਪੂਰੀ ਕਰਨ ਲਈ
ਉੱਤਰ: b) ਸ਼ਿੰਗਾਰ ਸਮਾਨ ਨੂੰ ਸੰਭਾਲਣ ਲਈ

2. "ਸੁਰਮਚੂਆਂ ਦੀ ਸਹਾਇਤਾ ਨਾਲ" ਦਾ ਭਾਵ ਕੀ ਹੈ?
a) ਸੁਰਮਾ ਬਣਾਇਆ ਜਾਂਦਾ ਹੈ
b) ਸੁਰਮਾ ਸੰਭਾਲਿਆ ਜਾਂਦਾ ਹੈ
c) ਸੁਰਮਾ ਅੱਖ ਵਿੱਚ ਪਾਇਆ ਜਾਂਦਾ ਹੈ
d) ਸੁਰਮਾ ਵੇਚਿਆ ਜਾਂਦਾ ਹੈ
ਉੱਤਰ: c) ਸੁਰਮਾ ਅੱਖ ਵਿੱਚ ਪਾਇਆ ਜਾਂਦਾ ਹੈ

3. ਸੁਰਮਾ ਰਗੜਨ ਦੀ ਪ੍ਰਕਿਰਿਆ ਲੰਬੀ ਕਿਉਂ ਹੁੰਦੀ ਸੀ?
a) ਰਿਵਾਜ ਕਰਕੇ
b) ਇਸ ਨੂੰ ਬਹੁਤ ਬਰੀਕ ਬਣਾਉਣ ਲਈ
c) ਰੰਗ ਬਦਲਣ ਲਈ
d) ਸਮਾਂ ਬਤੀਤ ਕਰਨ ਲਈ
ਉੱਤਰ: b) ਇਸ ਨੂੰ ਬਹੁਤ ਬਰੀਕ ਬਣਾਉਣ ਲਈ

4. “ਮੂਧਾ ਮਾਰ ਕੇ” ਦਾ ਭਾਵ ਕੀ ਹੈ?
a) ਉਲਟਾ ਕਰਕੇ
b) ਸਿੱਧਾ ਕਰਕੇ
c) ਸਾਫ ਕਰਕੇ
d) ਗਰਮ ਕਰਕੇ
ਉੱਤਰ: a) ਉਲਟਾ ਕਰਕੇ

5. "ਕੁਝ ਘਰਾਂ ਵਿੱਚ" ਵਿੱਚ “ਕੁਝ” ਕਿਹੜਾ ਸ਼ਬਦ ਹੈ?
a) ਨਾਂਵ
b) ਕਿਰਿਆ
c) ਵਿਸ਼ੇਸ਼ਣ
d) ਨਿਪਾਤ
ਉੱਤਰ: c) ਵਿਸ਼ੇਸ਼ਣ

6. "ਰਗੜਦੀਆਂ ਸਨ" ਕਿਹੜਾ ਕਾਲ ਹੈ?
a) ਵਰਤਮਾਨ
b) ਭੂਤਕਾਲ
c) ਭਵਿੱਖ
d) ਆਗਿਆ
ਉੱਤਰ: b) ਭੂਤਕਾਲ

7. "ਸ਼ਿੰਗਾਰ ਦਾ ਖਾਸ ਹਿੱਸਾ" ਵਿੱਚ "ਖਾਸ" ਕਿਹੜਾ ਵਿਸ਼ੇਸ਼ਣ ਹੈ?
a) ਗੁਣਵਾਚਕ
b) ਸੰਖਿਆਵਾਚਕ
c) ਨਿਰਦੇਸ਼ਕ
d) ਸੰਬੰਧਕ
ਉੱਤਰ: a) ਗੁਣਵਾਚਕ

8. “ਰੰਗਲੇ, ਤਿੱਲੇਦਾਰ ਪਰਾਂਦੇ" ਵਿੱਚ ਕਿਹੜੀ ਵਿਸ਼ੇਸ਼ਣ ਦੀ ਕਿਸਮ ਹੈ?
a) ਸੰਖਿਆਵਾਚਕ
b) ਗੁਣਵਾਚਕ
c) ਨਿਰਦੇਸ਼ਕ
d) ਸੰਬੰਧਕ
ਉੱਤਰ: b) ਗੁਣਵਾਚਕ

9. "ਤਰਜੀਹ” ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
a) ਇਨਕਾਰ
b) ਗਲਤੀ
c) ਰੋਕ
d) ਪਹਿਲ
ਉੱਤਰ: d) ਪਹਿਲ

10. ______ ਵਾਲੇ ਸੁਰਮੇ ਨੂੰ ਪੂਛਾਂ ਵਾਲਾ ਸੁਰਮਾ ਕਿਹਾ ਜਾਂਦਾ ਸੀ।
a) ਲੰਮੀਆਂ ਲੜੀਆਂ
b) ਕੱਜਲ ਰੇਖਾ
c) ਲੰਮੀਆਂ ਧਾਰਾਂ
d) ਡਲੀਆਂ
ਉੱਤਰ: c) ਲੰਮੀਆਂ ਧਾਰਾਂ

11. ਪੈਰੇ ਅਨੁਸਾਰ ਔਰਤਾਂ ਕਿਸ ਮੌਕੇ ਖੁਦ ਕੱਜਲ ਤਿਆਰ ਕਰਦੀਆਂ ਸਨ?
a) ਮਾਘ ਮਹੀਨੇ
b) ਵਿਸਾਖੀ 'ਤੇ
c) ਦੁਸਹਿਰੇ ਵਾਲੀ ਰਾਤ
d) ਦਿਵਾਲੀ ਵਾਲੀ ਰਾਤ
ਉੱਤਰ: d) ਦਿਵਾਲੀ ਵਾਲੀ ਰਾਤ

12. ਫੁੱਲ-ਫੌਦੇ ਦਾ ਸੰਬੰਧ ਹੇਠ ਲਿਖਿਆਂ ਵਿਚੋਂ ਕਿਸ ਨਾਲ ਹੈ?
a) ਸੁਰਮਚੂ
b) ਸੁਰਮੇਦਾਨੀ
c) ਪਰਾਂਦੇ
d) ਰਿਬਨ ਜਾਂ ਰਬੜ ਦੇ ਛੱਲਿਆਂ
ਉੱਤਰ: c) ਪਰਾਂਦੇ

ਕਵਿਤਾ (ਪ੍ਰਸ਼ਨ 13-18)

ਹੋਣੀ ਚੜ੍ਹੀ ਜੁ ਚੜ੍ਹਦਿਉਂ ਧਰਿਆ ਪੈਰ ਰਕਾਬ
ਪੋਠੋਹਾਰ ਨੂੰ ਖੁਰੀਂ ਮਧੋਲਦੀ ਤੱਕਿਆ ਸਭ ਪੰਜਾਬ।
ਚੌਂਕੇ ਧਰਤ ਅਕਾਸ਼ ਦੋਏ ਸੁਣ ਟਾਪਾਂ ਦੀ ਵਾਜ
ਕੰਬੀ ਭਾਰਤ ਮਾਂ ਨੀ ਅੱਜ ਕਿਹੜਾ ਰੱਖੇ ਲਾਜ!
ਕੋਈ ਲਾਲ ਨਾ ਜਮਿਆਂ ਮਾਂ ਨੇ ਜੋ ਮੋੜੇ ਇਸ ਦੀ ਵਾਗ
ਓਏ ਕੋਈ ਨਾ ਜਮਿਆਂ ਮਾਂਦਰੀ, ਜੋ ਕੀਲੇ ਕਾਲਾ ਨਾਗ!
ਪੂਰੇ ਵੀਹ ਸੌ ਤਿੰਨ ਦਾ ਘਟਦਾ ਸੰਮਤ ਸੀ
ਵਧੇ ਫੁੱਲੇ ਪੰਜਾਬ ਦੀ ਵਧੀ ਵੀ ਘੱਟ ਗਈ
ਉੱਚੀਆਂ ਲੰਮੀਆਂ ਪੈਲੀਆਂ ਸੂਹੇ ਸਾਵੇ ਪੱਤ
ਨਿੱਕੀ ਜਹੀ ਇੱਕ ਚਿਣਗ ਓਸ ਖਲਵਾੜੇ ਦਿੱਤੀ ਘੱਤ।
ਧੁਖਦੀ ਅੰਦਰੋਂ ਅੰਦਰੀ ਚੇਤਰ ਚੜ੍ਹਿਆ ਆਣ
ਸੂਹੀਆਂ ਲਾਟਾਂ ਲਿਸ਼ਕੀਆਂ ਲੋਹਾ ਚੜ੍ਹਿਆ ਸਾਣ
ਪਾਣੀ ਪੰਜ ਦਰਿਆ ਦੇ ਬਣ ਗਏ ਤੱਤੇ ਤੇਲ
ਬਲਦੀ ਉਤੇ ਬਾਲਦੇ ਓਏ ਤਕ ਉਨ੍ਹਾਂ ਦੇ ਖੇਲ।

13. "ਹੋਣੀ ਚੜ੍ਹੀ ਜੁ ਚੜ੍ਹਦਿਉਂ" ਵਿੱਚ "ਹੋਣੀ" ਦਾ ਭਾਵ ਕੀ ਹੈ?
a) ਕਿਸਮਤ/ਅਟੱਲ ਘਟਨਾ
b) ਮੌਸਮ
c) ਰਾਜਨੀਤੀ
d) ਸਮਾਂ
ਉੱਤਰ: a) ਕਿਸਮਤ/ਅਟੱਲ ਘਟਨਾ

14. “ਪੋਠੋਹਾਰ ਨੂੰ ਖੁਰੀਂ ਮਧੋਲਦੀ” ਵਿੱਚ “ਮਧੋਲਦੀ” ਦਾ ਸਹੀ ਅਰਥ ਕੀ ਹੈ?
a) ਸਜਾਉਣਾ
b) ਰੌਂਦਣਾ/ਕੁਚਲਣਾ
c) ਬਚਾਉਣਾ
d) ਵੰਡਣਾ
ਉੱਤਰ: b) ਰੌਂਦਣਾ/ਕੁਚਲਣਾ

15. “ਟਾਪਾਂ ਦੀ ਵਾਜ" ਦਾ ਸੰਦਰਭ ਕੀ ਹੈ?
a) ਪੰਛੀਆਂ ਦੀ ਆਵਾਜ਼
b) ਲੋਕਾਂ ਦੀ ਚੀਕ
c) ਬਿਜਲੀ ਦੀ ਗੜਗੜਾਹਟ
d) ਘੋੜਿਆਂ ਦੇ ਖੁਰਾਂ ਦੀ ਆਵਾਜ਼
ਉੱਤਰ: d) ਘੋੜਿਆਂ ਦੇ ਖੁਰਾਂ ਦੀ ਆਵਾਜ਼

16. “ਵਧੇ ਫੁੱਲੇ ਪੰਜਾਬ ਦੀ ਵਧੀ ਵੀ ਘੱਟ ਗਈ" ਵਿੱਚ ਕਿਹੜਾ ਭਾਵ ਪ੍ਰਗਟ ਹੁੰਦਾ ਹੈ?
a) ਖੁਸ਼ਹਾਲੀ ਵਿੱਚ ਵਾਧਾ
b) ਅਚਾਨਕ ਤਬਾਹੀ ਅਤੇ ਪਤਨ
c) ਸਥਿਰਤਾ
d) ਵਿਕਾਸ
ਉੱਤਰ: b) ਅਚਾਨਕ ਤਬਾਹੀ ਅਤੇ ਪਤਨ

17. “ਧੁਖਦੀ ਅੰਦਰੋਂ ਅੰਦਰੀ” ਵਿੱਚ ਕਿਹੜਾ ਅਲੰਕਾਰ ਹੈ?
a) ਉਪਮਾ
b) ਰੂਪਕ
c) ਚਿੱਤਰ
d) ਅਨੁਪ੍ਰਾਸ
ਉੱਤਰ: d) ਅਨੁਪ੍ਰਾਸ

18. “ਸੂਹੀਆਂ ਲਾਟਾਂ ਲਿਸ਼ਕੀਆਂ" ਵਿੱਚ ਮੁੱਖ ਚਿੱਤਰ ਕੀ ਦਰਸਾਇਆ ਗਿਆ ਹੈ?
a) ਖੁਸ਼ੀ
b) ਅੱਗ ਅਤੇ ਵਿਨਾਸ਼
c) ਮੀਂਹ
d) ਹਨੇਰਾ
ਉੱਤਰ: b) ਅੱਗ ਅਤੇ ਵਿਨਾਸ਼

19. ਭਾਸ਼ਾ ਸਿੱਖਣ (Language learning) ਵਿੱਚ 'ਸਿੱਖਣ' ਦੀ ਪਰਿਭਾਸ਼ਾ ਅਨੁਸਾਰ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?
a) ਸਿੱਖਣਾ ਸਿਰਫ਼ ਅਸਥਾਈ ਪ੍ਰਕਿਰਿਆ ਹੈ
b) ਸਿੱਖਣਾ ਸਿਰਫ਼ ਅਧਿਆਪਕ ਦੁਆਰਾ ਨਿਯੰਤਰਿਤ ਹੁੰਦਾ ਹੈ
c) ਸਿੱਖਣਾ ਵਿਅਕਤੀ ਵਿੱਚ ਤਬਦੀਲੀ ਲਿਆਉਂਦਾ ਹੈ ਜੋ ਅਨੁਭਵ ਨਾਲ ਹੁੰਦੀ ਹੈ
d) ਸਿੱਖਣਾ ਸਿਰਫ਼ ਕਿਤਾਬੀ ਗਿਆਨ ਹੈ
ਉੱਤਰ: c) ਸਿੱਖਣਾ ਵਿਅਕਤੀ ਵਿੱਚ ਤਬਦੀਲੀ ਲਿਆਉਂਦਾ ਹੈ ਜੋ ਅਨੁਭਵ ਨਾਲ ਹੁੰਦੀ ਹੈ

20. ਰਚਨਾਵਾਦ (Constructivism) ਅਨੁਸਾਰ ਵਿਦਿਆਰਥੀ ਦੀ ਭੂਮਿਕਾ ਕੀ ਹੈ?
a) ਨਿਸ਼ਕ੍ਰਿਯ ਸਿੱਖਣ ਵਾਲਾ
b) ਆਪਣੀ ਸਮਝ ਖੁਦ ਬਣਾਉਣ ਵਾਲਾ
c) ਸਿਰਫ਼ ਨਕਲ ਕਰਨ ਵਾਲਾ
d) ਸਿਰਫ਼ ਸੁਣਨ ਵਾਲਾ
ਉੱਤਰ: b) ਆਪਣੀ ਸਮਝ ਖੁਦ ਬਣਾਉਣ ਵਾਲਾ

21. ਪਿਆਜੇ (Piaget) ਅਨੁਸਾਰ 'ਸਿੱਖਣਾ' ਕੀ ਹੈ?
a) ਨਕਲ
b) ਵਿਕਾਸਾਤਮਕ ਪ੍ਰਕਿਰਿਆ
c) ਰਟਨ-ਪ੍ਰਕਿਰਿਆ
d) ਅਨੁਵਾਦ ਪ੍ਰਕਿਰਿਆ
ਉੱਤਰ: b) ਵਿਕਾਸਾਤਮਕ ਪ੍ਰਕਿਰਿਆ

22. ਵਿਹਾਰਵਾਦ (Behaviorism) ਵਿੱਚ ਸਿੱਖਣ ਪ੍ਰਕਿਰਿਆ ਦੀ ਬੁਨਿਆਦ ______ ਹੈ।
a) ਨਕਾਰਾਤਮਕਤਾ (Negativity)
b) ਸਿਰਜਨਾਤਮਕਤਾ (Creativity)
c) ਅੰਦਰੂਨੀ ਅਹਿਸਾਸ (Intuition)
d) ਪੁਨਰ-ਬਲ (Reinforcement)
ਉੱਤਰ: d) ਪੁਨਰ-ਬਲ (Reinforcement)

23. ਵਾਇਗੋਤਸਕੀ (Vygotsky) ਦੇ ਸਿਧਾਂਤ ਅਨੁਸਾਰ ਸਾਲਸੀ (mediation) ਦਾ ਅਰਥ ਹੈ:
a) ਵਿਆਕਰਨ ਅਧਿਆਪਨ
b) ਤਕਨੀਕੀ ਗਿਆਨ
c) ਅਭਿਆਸ
d) ਚਿਨ੍ਹਾਂ ਅਤੇ ਭਾਸ਼ਾ ਰਾਹੀਂ ਸਿੱਖਣਾ
ਉੱਤਰ: d) ਚਿਨ੍ਹਾਂ ਅਤੇ ਭਾਸ਼ਾ ਰਾਹੀਂ ਸਿੱਖਣਾ

24. ਉਪਚਾਰਾਤਮਕ ਅਧਿਆਪਨ (Remedial teaching) ਵਿੱਚ ਅਧਿਆਪਕ ਦੀ ਭੂਮਿਕਾ ਹੈ:
a) ਮਦਦਗਾਰ
b) ਨਿਰਦੇਸ਼ ਦੇਣ ਵਾਲਾ
c) ਸਜ਼ਾ ਦੇਣ ਵਾਲਾ
d) ਅਨੁਵਾਦਕ
ਉੱਤਰ: a) ਮਦਦਗਾਰ

25. ਇੱਕ ਵਿਦਿਆਰਥੀ ਆਪਣੇ ਸਿੱਖਣ ਨੂੰ ਖੁਦ ਅਨੁਸ਼ਾਸਿਤ ਕਰਦਾ ਹੈ, ਪੜ੍ਹਨ ਦੇ ਢੰਗ-ਤਰੀਕੇ ਚੁਣਦਾ ਹੈ ਅਤੇ ਆਪਣੇ ਟੀਚੇ ਤੈਅ ਕਰਦਾ ਹੈ। ਇਸ ਵਿਦਿਆਰਥੀ ਨੂੰ ਕੀ ਕਿਹਾ ਜਾਵੇਗਾ?
a) ਸਧਾਰਨ ਸਿੱਖਿਆਰਥੀ
b) ਸਵੈ-ਨਿਯੰਤਰਿਤ ਸਿੱਖਿਆਰਥੀ
c) ਕਮਜ਼ੋਰ ਸਿੱਖਿਆਰਥੀ
d) ਪਰ-ਨਿਰਭਰ ਸਿੱਖਿਆਰਥੀ
ਉੱਤਰ: b) ਸਵੈ-ਨਿਯੰਤਰਿਤ ਸਿੱਖਿਆਰਥੀ

26. ਕਿਸੇ ਭਾਸ਼ਾ ਵਿੱਚ ਅਰਥ-ਗ੍ਰਹਿਣ (Comprehension) ਕਰਨ ਦਾ ਅਰਥ ਹੈ:
a) ਸਿਰਫ਼ ਬੋਲਣ ਯੋਗਤਾ
b) ਸਮਝਣ ਦੀ ਯੋਗਤਾ
c) ਸਿਰਫ਼ ਲਿਖਣ ਯੋਗਤਾ
d) ਸਿਰਫ਼ ਯਾਦ ਕਰਨਾ
ਉੱਤਰ: b) ਸਮਝਣ ਦੀ ਯੋਗਤਾ

27. ਬੋਲ ਕੌਸ਼ਲ (Speaking skill) ਵਿੱਚ ਸਭ ਤੋਂ ਮਹੱਤਵਪੂਰਨ ਤੱਤ ਕੀ ਹੈ?
a) ਵਿਆਕਰਨਕ ਸ਼ੁੱਧਤਾ
b) ਅਨੁਵੰਸ਼ਕਤਾ
c) ਅਨੁਵਾਦ ਯੋਗਤਾ
d) ਸੰਚਾਰ
ਉੱਤਰ: d) ਸੰਚਾਰ

28. ਪੜ੍ਹਨ ਕੌਸ਼ਲ (Reading skill) ਵਿੱਚ ਸਭ ਤੋਂ ਅਹਿਮ ਹੁੰਦਾ ਹੈ:
a) ਅਰਥ ਬੋਧ
b) ਸਿਰਫ਼ ਸ਼ਬਦ ਪੜ੍ਹਨਾ
c) ਲਿਖ ਕੇ ਪੜ੍ਹਨਾ
d) ਬੋਲ ਕੇ ਪੜ੍ਹਨਾ
ਉੱਤਰ: a) ਅਰਥ ਬੋਧ

29. ਭਾਸ਼ਾਈ ਗਲਤੀਆਂ (Language errors) ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ?
a) ਸਿੱਖਿਆਰਥੀ ਦੀ ਨਾਕਾਮੀ
b) ਅਣਡਿੱਠ ਕਰ ਦੇਣਾ
c) ਸਿੱਖਣ ਪ੍ਰਕਿਰਿਆ ਦਾ ਇੱਕ ਹਿੱਸਾ
d) ਸਜ਼ਾ ਦੇ ਯੋਗ
ਉੱਤਰ: c) ਸਿੱਖਣ ਪ੍ਰਕਿਰਿਆ ਦਾ ਇੱਕ ਹਿੱਸਾ

30. ਵਿਭਿੰਨਤਾ ਵਾਲੇ ਕਲਾਸਰੂਮ (diverse classroom) ਵਿੱਚ ਸਭ ਤੋਂ ਵੱਡੀ ਚੁਣੌਤੀ ਕੀ ਹੈ?
a) ਪਾਠਕ੍ਰਮ
b) ਸਿਰਫ਼ ਵਿਆਕਰਣ
c) ਵਿਦਿਆਰਥੀਆਂ ਦਾ ਵੱਖੋ-ਵੱਖਰਾ ਪਿਛੋਕੜ
d) ਕੇਵਲ ਮੁਲੰਕਣ
ਉੱਤਰ: c) ਵਿਦਿਆਰਥੀਆਂ ਦਾ ਵੱਖੋ-ਵੱਖਰਾ ਪਿਛੋਕੜ

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends