PSEB 12ਵੀਂ ਲਾਜ਼ਮੀ ਪੰਜਾਬੀ - ਪੈਰੇ ਵਿੱਚੋਂ ਪ੍ਰਸ਼ਨ-ਉੱਤਰ
ਹੇਠ ਦਿੱਤੇ ਪੈਰਿਆਂ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਉੱਪਰ ਕਲਿੱਕ ਕਰਕੇ ਸਹੀ ਉੱਤਰ ਜਾਣੋ। (ਹਰੇਕ ਪ੍ਰਸ਼ਨ 2 ਅੰਕ ਦਾ ਹੈ)
ਲੇਖ: ਪੰਜਾਬੀ ਸੱਭਿਆਚਾਰ
ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਮੁਲਕ ਹੈ ਭਾਵ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਭਿੰਨ ਸੱਭਿਆਚਾਰ ਪ੍ਰਾਪਤ ਹੁੰਦੇ ਹਨ। ਇੱਥੇ ਵੱਖ-ਵੱਖ ਰਾਜਾਂ ਦੀਆਂ ਆਪੋ-ਆਪਣੀਆਂ ਭਾਸ਼ਾਵਾਂ/ਬੋਲੀਆਂ, ਰਹਿਣ-ਸਹਿਣ, ਖਾਣ-ਪੀਣ, ਪਹਿਰਾਵਾ ਇੱਕ-ਦੂਸਰੇ ਨਾਲੋਂ ਵੱਖਰਾ ਮਿਲੇਗਾ। ਇਸ ਅਨੇਕਤਾ ਵਿੱਚ ਉਪ-ਸੱਭਿਆਚਾਰਕ ਵਿਲੱਖਣਤਾਵਾਂ ਦੇ ਬਾਵਜੂਦ ਭਾਰਤੀ ਸੱਭਿਆਚਾਰ ਦੀ ਏਕਤਾ ਕਾਇਮ ਹੈ। ਉਪ ਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ। ਫ਼ਰਕ ਕੇਵਲ ਐਨਾ ਹੀ ਹੈ ਕਿ ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਉੱਥੇ ਉਪ ਸੱਭਿਆਚਾਰ ਉਪ ਸਮੂਹਾਂ ਜਾਂ ਸਥਾਨਕ ਖਿੱਤਿਆਂ ਨਾਲ ਸੰਬੰਧਿਤ ਹੁੰਦਾ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬੀ ਸੱਭਿਆਚਾਰ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੀ ਲੇਖਕਾ 'ਡਾ. ਬਰਿੰਦਰ ਕੌਰ' ਹੈ।
ਪ੍ਰਸ਼ਨ 2: ਸੱਭਿਆਚਾਰ ਅਤੇ ਉਪ-ਸੱਭਿਆਚਾਰ ਵਿੱਚ ਕੀ ਅੰਤਰ ਹੈ?
ਉੱਤਰ: ਸੱਭਿਆਚਾਰ ਦਾ ਸੰਬੰਧ ਕਿਸੇ ਵਿਸ਼ਾਲ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਜਦਕਿ ਉਪ-ਸੱਭਿਆਚਾਰ ਉਸੇ ਸਮਾਜ ਦੇ ਛੋਟੇ ਉਪ-ਸਮੂਹਾਂ ਜਾਂ ਸਥਾਨਕ ਖਿੱਤਿਆਂ ਨਾਲ ਸੰਬੰਧਿਤ ਹੁੰਦਾ ਹੈ।
ਪ੍ਰਸ਼ਨ 3: ਪੰਜਾਬੀ ਸੱਭਿਆਚਾਰ ਦੇ ਉਪ-ਸੱਭਿਆਚਾਰਾਂ ਦੇ ਨਾਂ ਲਿਖੋ।
ਉੱਤਰ: ਮਾਝੀ, ਮਲਵਈ, ਦੁਆਬੀ ਅਤੇ ਪੁਆਧੀ।
ਲੇਖ: ਪੰਜਾਬੀ ਸੱਭਿਆਚਾਰ
ਰਿਗਵੇਦ ਦੇ ਨਾਲ-ਨਾਲ ਪਾਣਿਨੀ ਦਾ ਨਿਯਮਬੱਧ ਵਿਆਕਰਨ-ਗ੍ਰੰਥ ਵੀ ਇਸੇ ਹੀ ਧਰਤੀ ਦੀ ਰਚਨਾ ਹੈ। ਤਕਸ਼ਿਲਾ ਮਹਾਨ ਵਿਸ਼ਵ ਵਿਦਿਆਲੇ ਦੀ ਸਥਾਪਨਾ ਵੀ ਪੰਜਾਬ ਵਿੱਚ ਹੀ ਹੋਈ। ਰਮਾਇਣ, ਭਗਵਤ ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਹਾਨ ਗ੍ਰੰਥਾਂ ਦੀ ਰਚਨਾ ਵੀ ਇਸੇ ਹੀ ਧਰਤੀ 'ਤੇ ਹੋਈ। ਮੱਧ-ਕਾਲ ਵਿੱਚ ਪੰਜਾਬ ਇਸਲਾਮ ਧਰਮ ਅਤੇ ਇਸਲਾਮਿਕ ਸੰਸਕ੍ਰਿਤੀ ਦਾ ਬਹੁਤ ਵੱਡਾ ਖੇਤਰ ਬਣਿਆ ਰਿਹਾ। ਇਸਲਾਮਿਕ ਸੂਫ਼ੀ-ਸੰਤਾਂ ਨੇ ਪੰਜਾਬੀ ਸੱਭਿਆਚਾਰ ਵਿੱਚ ਭਾਰਤੀ ਅਤੇ ਇਸਲਾਮੀ ਰੰਗ ਦਾ ਸੁਮੇਲ ਸਥਾਪਿਤ ਕਰਨ ਦਾ ਭਰਪੂਰ ਯਤਨ ਕੀਤਾ। ਸਿੱਖ ਗੁਰੂਆਂ ਨੇ ਆਪਣੀ ਨਿਰੋਈ ਮਾਨਵਵਾਦੀ ਸੋਚ ਨਾਲ ਇੱਕ ਨਵੇਂ ਸੱਭਿਆਚਾਰ ਦਾ ਨਿਰਮਾਣ ਕੀਤਾ ਜੋ ਅਜੋਕੇ ਪੰਜਾਬੀ ਸੱਭਿਆਚਾਰ ਦਾ ਧੁਰਾ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬੀ ਸੱਭਿਆਚਾਰ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੀ ਲੇਖਕਾ 'ਡਾ. ਬਰਿੰਦਰ ਕੌਰ' ਹੈ।
ਪ੍ਰਸ਼ਨ 2: ਰਮਾਇਣ, ਭਗਵਤ ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਹਾਨ ਗ੍ਰੰਥਾਂ ਦੀ ਰਚਨਾ ਕਿਸ ਧਰਤੀ ਉੱਪਰ ਹੋਈ?
ਉੱਤਰ: ਇਨ੍ਹਾਂ ਸਾਰੇ ਮਹਾਨ ਗ੍ਰੰਥਾਂ ਦੀ ਰਚਨਾ ਪੰਜਾਬ ਦੀ ਧਰਤੀ ਉੱਪਰ ਹੋਈ।
ਪ੍ਰਸ਼ਨ 3: ਸਿੱਖ ਗੁਰੂ ਸਾਹਿਬਾਨ ਦੀ ਪੰਜਾਬੀ ਸੱਭਿਆਚਾਰ ਨੂੰ ਕੀ ਦੇਣ ਹੈ?
ਉੱਤਰ: ਸਿੱਖ ਗੁਰੂ ਸਾਹਿਬਾਨ ਨੇ ਆਪਣੀ ਨਿਰੋਈ ਮਾਨਵਵਾਦੀ ਸੋਚ ਨਾਲ ਇੱਕ ਨਵੇਂ ਅਤੇ ਨਰੋਏ ਸੱਭਿਆਚਾਰ ਦਾ ਨਿਰਮਾਣ ਕੀਤਾ, ਜੋ ਅਜੋਕੇ ਪੰਜਾਬੀ ਸੱਭਿਆਚਾਰ ਦਾ ਧੁਰਾ ਹੈ।
ਲੇਖ: ਪੰਜਾਬ ਦੇ ਮੇਲੇ ਤੇ ਤਿਉਹਾਰ
ਮੇਲਾ ਇੱਕੋ-ਇੱਕ ਅਜਿਹਾ ਇਕੱਠ ਹੈ ਜਿਸ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਵੀ ਨਹੀਂ। ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ। ਉਸ ਦਾ 'ਨਿੱਜ' ਘੋੜੀ ਚੜ੍ਹਿਆ ਹੁੰਦਾ ਹੈ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ, ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ। ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀਂ ਚੀਜ਼ ਜ਼ਰੂਰ ਖਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਇੱਕ ਭਰਪੂਰ ਬਜ਼ਾਰ ਉੱਭਰ ਆਉਂਦਾ ਹੈ ਜਿੱਥੇ ਖਾਣ-ਪੀਣ ਦੀਆਂ ਵੰਨ-ਸੁਵੰਨੀਆਂ ਚੀਜ਼ਾਂ ਦੇ ਨਾਲ ਨਿੱਤ ਵਰਤੋਂ ਦਾ ਨਿੱਕ-ਸੁੱਕ, ਚੂੜੀਆਂ, ਵੰਗਾਂ, ਹਾਰ-ਸ਼ਿੰਗਾਰ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਮੇਲੇ ਤੇ ਤਿਉਹਾਰ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਐੱਸ. ਐੱਸ. ਵਣਜਾਰਾ ਬੇਦੀ' ਹਨ।
ਪ੍ਰਸ਼ਨ 2: ਪੰਜਾਬੀ ਹਰ ਪੁਰਬ ਤੇ ਮੇਲੇ ਉੱਪਰ ਕੀ ਕਰਦੇ ਹਨ?
ਉੱਤਰ: ਪੰਜਾਬੀ ਹਰ ਪੁਰਬ ਅਤੇ ਮੇਲੇ ਉੱਤੇ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਖਰੀਦਦੇ ਹਨ।
ਪ੍ਰਸ਼ਨ 3: ਪੈਰੇ ਵਿੱਚ ਆਏ ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ: (ੳ) ਸ਼ਿਲਪੀ (ਅ) ਕਿਰਤ
ਉੱਤਰ: (ੳ) ਸ਼ਿਲਪੀ = ਕਾਰੀਗਰ / ਹੱਥੀਂ ਕੰਮ ਕਰਨ ਵਾਲਾ
(ਅ) ਕਿਰਤ = ਰਚਨਾ / ਮਿਹਨਤ ਨਾਲ ਬਣਾਈ ਚੀਜ਼
ਲੇਖ: ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬੀਆਂ ਦੇ ਦਿਲਾਂ ਵਿੱਚ ਪੀਰਾਂ-ਫ਼ਕੀਰਾਂ ਲਈ ਅਥਾਹ ਸ਼ਰਧਾ ਭਰੀ ਪਈ ਹੈ। ਕਹਿੰਦੇ ਹਨ, ਪੀਰਾਂ-ਫ਼ਕੀਰਾਂ ਵਿੱਚ ਇੱਕ ਕਣੀ ਹੁੰਦੀ ਹੈ ਜਿਸ ਦਾ ਕੁਝ ਅੰਸ਼ ਉਨ੍ਹਾਂ ਵਿੱਚ ਸ਼ਰਧਾ ਰੱਖਣ ਵਾਲੇ ਮੁਰੀਦਾਂ ਵਿੱਚ ਰਚ ਜਾਂਦਾ ਹੈ ਤੇ ਸਹਿਜ ਭਾਵ ਵਿੱਚ ਹੀ ਉਨ੍ਹਾਂ ਦੇ ਸਭ ਸੰਕਟ ਦੂਰ ਹੋ ਜਾਂਦੇ ਹਨ। ਖ਼ਾਨਗਾਹਾਂ, ਹੁਜਰਿਆਂ ਤੇ ਤਕੀਆ ਉੱਤੇ ਲੱਗਦੇ ਮੇਲੇ ਇਸੇ ਸ਼ਰਧਾ ਦੇ ਬੋਧਕ ਹਨ। ਖ਼ਾਨਗਾਹਾਂ ਪੀਰਾਂ ਦੀਆਂ ਕਬਰਾਂ ਹੁੰਦੀਆਂ ਹਨ ਜਿਨ੍ਹਾਂ ਦੇ ਆਲੇ-ਦੁਆਲੇ ਦਰੱਖਤਾਂ ਦੀਆਂ ਝਿੜੀਆਂ ਬਣੀਆਂ ਹੁੰਦੀਆਂ ਹਨ। ਇਹ ਮੇਲੇ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਤੇ ਭਾਵਕ ਏਕਤਾ ਦਾ ਹੁੰਗਾਰਾ ਭਰਦੇ ਹਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਮੇਲੇ ਤੇ ਤਿਉਹਾਰ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਐੱਸ. ਐੱਸ. ਵਣਜਾਰਾ ਬੇਦੀ' ਹਨ।
ਪ੍ਰਸ਼ਨ 2: ਖ਼ਾਨਗਾਹ ਕੀ ਹੁੰਦੀ ਹੈ?
ਉੱਤਰ: ਖ਼ਾਨਗਾਹਾਂ ਪੀਰਾਂ-ਫ਼ਕੀਰਾਂ ਦੀਆਂ ਕਬਰਾਂ ਹੁੰਦੀਆਂ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਦਰੱਖਤਾਂ ਦੀਆਂ ਝਿੜੀਆਂ ਬਣੀਆਂ ਹੁੰਦੀਆਂ ਹਨ।
ਪ੍ਰਸ਼ਨ 3: ਖ਼ਾਨਗਾਹਾਂ, ਹੁਜਰਿਆਂ ਤੇ ਤਕੀਆ ਉੱਤੇ ਲੱਗਣ ਵਾਲੇ ਮੇਲੇ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਤੇ ਭਾਵਕ ਏਕਤਾ ਦੇ ਪ੍ਰਤੀਕ ਕਿਵੇਂ ਹਨ?
ਉੱਤਰ: ਕਿਉਂਕਿ ਇਨ੍ਹਾਂ ਮੇਲਿਆਂ ਵਿੱਚ ਹਰ ਧਰਮ ਅਤੇ ਫਿਰਕੇ ਦੇ ਲੋਕ ਬਿਨਾਂ ਕਿਸੇ ਪੱਖ-ਪਾਤ ਅਤੇ ਭੇਦਭਾਵ ਦੇ ਸ਼ਰਧਾ ਨਾਲ ਸ਼ਾਮਲ ਹੁੰਦੇ ਹਨ।
ਲੇਖ: ਪੰਜਾਬ ਦੇ ਮੇਲੇ ਤੇ ਤਿਉਹਾਰ
ਨਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ। ਮੂਰਤੀ ਵਿੱਚ ਕਲਾਤਮਕ ਸੁੰਦਰਤਾ ਭਰਨ ਲਈ ਕਈ ਵਿਧੀਆਂ ਵਰਤੀਆਂ ਜਾਂਦੀਆਂ ਹਨ। ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇੱਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ। ਸਾਂਝੀ ਦੀ ਮੂਰਤੀ ਤੇ ਚਿੱਤਰ ਲੋਕ-ਕਲਾ ਦਾ ਸੋਹਣਾ ਨਮੂਨਾ ਹਨ ਤੇ ਇਸ ਵਿੱਚੋਂ ਲੋਕ-ਪ੍ਰਤਿਭਾ ਪੂਰੇ ਜਲੌ ਵਿੱਚ ਰੂਪਮਾਨ ਹੋਈ ਹੈ। ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ। ਦਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਮੇਲੇ ਤੇ ਤਿਉਹਾਰ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਐੱਸ. ਐੱਸ. ਵਣਜਾਰਾ ਬੇਦੀ' ਹਨ।
ਪ੍ਰਸ਼ਨ 2: ਨਰਾਤਿਆਂ ਦੀ ਗਿਣਤੀ ਕਿੰਨੀ ਹੁੰਦੀ ਹੈ? ਨਰਾਤਿਆਂ ਤੋਂ ਬਾਅਦ ਕਿਹੜਾ ਦਿਨ ਆਉਂਦਾ ਹੈ? / ਸਾਂਝੀ ਮਾਈ ਦੀ ਮੂਰਤੀ ਦੇ ਆਸੇ-ਪਾਸੇ ਕੀ ਦਿਖਾਇਆ ਜਾਂਦਾ ਹੈ?
ਉੱਤਰ: ਨਰਾਤਿਆਂ ਦੀ ਗਿਣਤੀ ਨੌਂ (9) ਹੁੰਦੀ ਹੈ ਅਤੇ ਨਰਾਤਿਆਂ ਤੋਂ ਬਾਅਦ 'ਦਸਹਿਰਾ' ਆਉਂਦਾ ਹੈ। ਸਾਂਝੀ ਮਾਈ ਦੀ ਮੂਰਤੀ ਦੇ ਇੱਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ।
ਪ੍ਰਸ਼ਨ 3: ਪੈਰੇ ਵਿੱਚ ਆਏ ਹੇਠ ਲਿਖੇ ਸ਼ਬਦਾਂ ਦੇ ਅਰਥ ਸਪਸ਼ਟ ਕਰੋ: (ੳ) ਕੌਡੀ (ਅ) ਜਲੌ / 'ਸਰਘੀ ਵੇਲਾ' ਦਿਨ ਦੇ ਕਿਹੜੇ ਸਮੇਂ ਨੂੰ ਕਿਹਾ ਜਾਂਦਾ ਹੈ?
ਉੱਤਰ: (ੳ) ਕੌਡੀ = ਸਮੁੰਦਰੀ ਜੀਵ ਦੀ ਸਿੱਪੀ/ਖੋਲ। (ਅ) ਜਲੌ = ਪ੍ਰਭਾਵ/ਸ਼ਾਨ/ਤੇਜ।
'ਸਰਘੀ ਵੇਲਾ' ਸਵੇਰ ਦੇ ਹਨੇਰੇ ਜਾਂ ਤੜਕੇ ਦੇ ਸਮੇਂ ਨੂੰ ਕਿਹਾ ਜਾਂਦਾ ਹੈ।
ਲੇਖ: ਪੰਜਾਬ ਦੇ ਰਸਮ-ਰਿਵਾਜ
ਪੰਜਾਬ ਵਿੱਚ ਆਮ ਤੌਰ 'ਤੇ ਪਹਿਲਾ ਬੱਚਾ ਹੋਣ ਸਮੇਂ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੱਤਾ ਜਾਂਦਾ ਸੀ। ਪੇਕੇ ਭੇਜਣ ਦਾ ਕਾਰਨ ਇਹ ਦੱਸਿਆ ਜਾਂਦਾ ਸੀ ਕਿ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਤੋਂ ਸਹੁਰੇ ਘਰ ਨਾਲੋਂ ਵਧੇਰੇ ਜਾਣੂ ਹੁੰਦੀ ਹੈ ਇਸ ਲਈ ਆਮ ਕਰਕੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਹੁੰਦਾ ਹੈ। ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੋਂ ਬੱਚਾ ਤੇ ਜੱਚਾ ਨੂੰ ਧੂਪ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ ਜਿਹੜਾ ਦਸ ਦਿਨ ਲਗਾਤਾਰ ਜਗਦਾ ਰਹਿੰਦਾ ਸੀ। ਮੁੰਡਾ ਜੰਮਿਆ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆ ਜਾਂਦੇ ਸਨ। ਦੱਭ ਨੂੰ ਖੁਸ਼ੀ ਦੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਸੀ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਰਸਮ-ਰਿਵਾਜ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਗੁਲਜ਼ਾਰ ਸਿੰਘ ਸੰਧੂ' ਹਨ।
ਪ੍ਰਸ਼ਨ 2: ਪੰਜਾਬ ਵਿੱਚ ਆਮ ਕਰਕੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਹੋਣ ਦਾ ਕੀ ਕਾਰਨ ਹੈ?
ਉੱਤਰ: ਕਿਉਂਕਿ ਕੁੜੀ ਦੀ ਮਾਂ ਉਸ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਨੂੰ ਸਹੁਰੇ ਘਰ ਵਾਲਿਆਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਸਮਝਦੀ ਹੈ।
ਪ੍ਰਸ਼ਨ 3: ਪੈਰੇ ਵਿੱਚ ਆਏ ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸੋ: (ੳ) ਦੱਭ (ਅ) ਜੱਚਾ
ਉੱਤਰ: (ੳ) ਦੱਭ = ਇੱਕ ਪ੍ਰਕਾਰ ਦਾ ਹਰਾ ਘਾਹ। (ਅ) ਜੱਚਾ = ਬੱਚੇ ਨੂੰ ਜਨਮ ਦੇਣ ਵਾਲੀ ਮਾਂ (ਔਰਤ)।
ਲੇਖ: ਪੰਜਾਬ ਦੇ ਰਸਮ-ਰਿਵਾਜ
ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਓਂ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਦੁਆਲੇ ਕੱਢਦਾ ਹੈ। ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲੱਗ ਜਾਣ 'ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰਦਾ ਹੈ। ਇਸ ਨੂੰ 'ਕਪਾਲ-ਕਿਰਿਆ' ਕਹਿੰਦੇ ਹਨ। 'ਕਪਾਲ-ਕਿਰਿਆ' ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ। ਸਾਰੇ ਆਦਮੀ ਇਨ੍ਹਾਂ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣਾ ਸੰਬੰਧ ਤੋੜਦੇ ਹਨ ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਜਾਂ ਅੱਕ ਦਾ ਦੁੱਧ ਚੋ ਕੇ ਸੰਬੰਧ ਤੋੜਦੇ ਹਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਰਸਮ-ਰਿਵਾਜ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਗੁਲਜ਼ਾਰ ਸਿੰਘ ਸੰਧੂ' ਹਨ।
ਪ੍ਰਸ਼ਨ 2: ‘ਕਪਾਲ-ਕਿਰਿਆ’ ਕੀ ਹੈ?
ਉੱਤਰ: ਜਦੋਂ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਜਾਂਦੀ ਹੈ ਤਾਂ ਬਾਂਸ ਦੇ ਡੰਡੇ ਨਾਲ ਮੁਰਦੇ ਦੀ ਖੋਪਰੀ ਨੂੰ ਠਕੋਰਨ/ਭੰਨਣ ਦੀ ਰਸਮ ਨੂੰ 'ਕਪਾਲ-ਕਿਰਿਆ' ਕਹਿੰਦੇ ਹਨ।
ਪ੍ਰਸ਼ਨ 3: ਮੁਰਦੇ ਨਾਲ ਸੰਬੰਧ ਤੋੜਨ ਨੂੰ ਕਿਹੜੇ ਚਿੰਨ੍ਹਾਂ ਰਾਹੀਂ ਦਰਸਾਇਆ ਗਿਆ ਹੈ?
ਉੱਤਰ: ਡੱਕਾ ਜਾਂ ਕੰਡਾ ਤੋੜ ਕੇ, ਨਿੰਮ ਦੀ ਪੱਤੀ ਚਬਾ ਕੇ ਜਾਂ ਅੱਕ ਦਾ ਦੁੱਧ ਚੋ ਕੇ ਮੁਰਦੇ ਨਾਲੋਂ ਸੰਬੰਧ ਤੋੜਨ ਨੂੰ ਦਰਸਾਇਆ ਜਾਂਦਾ ਹੈ।
ਲੇਖ: ਪੰਜਾਬ ਦੀਆਂ ਲੋਕ-ਖੇਡਾਂ
ਪੁਰਾਤਨ ਕਾਲ ਤੋਂ ਹੀ ਲੋਕ-ਖੇਡਾਂ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਇਹ ਹਰ ਪਿੰਡ ਦਾ ਵਿਸ਼ੇਸ਼ ਹਿੱਸਾ ਹੋਇਆ ਕਰਦੀਆਂ ਸਨ। ਇਨ੍ਹਾਂ ਦੇ ਪਿੜ ਪਿੰਡ ਦੀ ਜੂਹ ਵਿੱਚ ਆਥਣ ਸਮੇਂ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਬੱਚਿਆਂ ਨੇ ਰਲ ਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਊਚ-ਨੀਚ ਨਹੀਂ, ਅਮੀਰੀ-ਗਰੀਬੀ ਦਾ ਪਾੜਾ ਨਹੀਂ। ਭਾਈਚਾਰਕ ਸਾਂਝ ਏਨੀ ਸੀ ਕਿ ਸਾਰੇ ਪਿੰਡ ਨੇ ਰਲ ਕੇ ਖਿਡਾਰੀਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸਨ। ਇਹ ਗੱਭਰੂ ਵੀ ਤਾਂ ਸਾਰੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲ ਕੇ ਰਹਿੰਦੇ ਸਨ, ਪਿਆਰ ਨਾਲ ਖੇਡਦੇ ਸਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੀਆਂ ਲੋਕ-ਖੇਡਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਸੁਖਦੇਵ ਮਾਦਪੁਰੀ' ਹਨ।
ਪ੍ਰਸ਼ਨ 2: ਪੁਰਾਤਨ ਕਾਲ ਵਿੱਚ ਲੋਕ-ਖੇਡਾਂ ਦੀ ਕੀ ਵਿਸ਼ੇਸ਼ਤਾ ਸੀ?
ਉੱਤਰ: ਸਾਰੇ ਪਿੰਡ ਦੇ ਬੱਚੇ ਅਤੇ ਨੌਜਵਾਨ ਰਲ ਕੇ ਖੇਡਦੇ ਸਨ, ਉਨ੍ਹਾਂ ਵਿੱਚ ਅਮੀਰੀ-ਗਰੀਬੀ, ਜਾਤ-ਪਾਤ ਜਾਂ ਊਚ-ਨੀਚ ਦਾ ਕੋਈ ਭੇਦਭਾਵ ਨਹੀਂ ਸੀ ਹੁੰਦਾ।
ਪ੍ਰਸ਼ਨ 3: ਪਿੰਡ ਦੇ ਖਿਡਾਰੀ ਲਈ ਉੱਥੋਂ ਦੇ ਲੋਕ ਕੀ ਕਰਦੇ ਸਨ?
ਉੱਤਰ: ਪਿੰਡ ਦੇ ਲੋਕ ਖਿਡਾਰੀਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਸਾਂਝੇ ਤੌਰ 'ਤੇ ਕਰਦੇ ਸਨ ਅਤੇ ਉਨ੍ਹਾਂ ਨੂੰ ਖਾਣ ਲਈ ਦੇਸੀ ਘਿਓ ਦੇ ਪੀਪੇ ਦਿੰਦੇ ਸਨ।
ਲੇਖ: ਪੰਜਾਬ ਦੀਆਂ ਲੋਕ-ਖੇਡਾਂ
'ਲੱਲ੍ਹਿਆਂ' ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਜਿਹੀ ਥਾਂ 'ਤੇ ਖੇਡੀ ਜਾਂਦੀ ਸੀ। ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ। ਇਹ ਬੜੀ ਫੁਰਤੀ ਨਾਲ ਅਤੇ ਚੁਕੰਨਿਆਂ ਹੋ ਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫਾਸਲੇ 'ਤੇ ਤਿੰਨ-ਚਾਰ ਇੰਚ ਲੰਮੇ, ਚੌੜੇ ਤੇ ਡੂੰਘੇ ਟੋਏ ਪੁੱਟਦੇ, ਜਿਨ੍ਹਾਂ ਨੂੰ ਲੱਲ੍ਹੇ ਆਖਦੇ ਹਨ। ਇਨ੍ਹਾਂ ਲੱਲ੍ਹਿਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਖੜੋ ਜਾਂਦੇ। ਲੀਰਾਂ ਦੀ ਬਣੀ ਖਿੱਦੋ ਨੂੰ ਇੱਕ ਜਣਾ ਜ਼ੋਰ ਨਾਲ ਟੱਲਾ ਮਾਰਦਾ ਤੇ ਦਾਈ ਵਾਲਾ ਖਿੱਦੋ ਨੂੰ ਨੱਸ ਕੇ ਫੜਦਾ। ਜੇਕਰ ਕਿਸੇ ਖਿਡਾਰੀ ਨੂੰ ਖਿੱਦੋ ਛੂਹ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ। ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛੱਡ ਕੇ ਖਿੱਦੋ ਮਗਰ ਦੌੜਦੇ। ਜੇਕਰ ਦਾਈ ਵਾਲਾ ਕਿਸੇ ਖਾਲੀ ਲੱਲ੍ਹੇ ਵਿੱਚ ਪੈਰ ਪਾ ਦਿੰਦਾ ਤਾਂ ਲੱਲ੍ਹੇ ਵਾਲੇ ਦੇ ਸਿਰ ਦਾਈ ਆ ਜਾਂਦੀ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੀਆਂ ਲੋਕ-ਖੇਡਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਸੁਖਦੇਵ ਮਾਦਪੁਰੀ' ਹਨ।
ਪ੍ਰਸ਼ਨ 2: ਲੱਲ੍ਹਿਆਂ ਦੀ ਖੇਡ ਲਈ ਕਿਹੜੀ ਸਮਗਰੀ ਦੀ ਲੋੜ ਪੈਂਦੀ ਸੀ?
ਉੱਤਰ: ਇਸ ਖੇਡ ਲਈ ਖੂੰਡੇ (ਡੰਡੇ) ਅਤੇ ਲੀਰਾਂ ਦੀ ਬਣੀ ਖਿੱਦੋ (ਗੇਂਦ) ਦੀ ਲੋੜ ਪੈਂਦੀ ਸੀ।
ਪ੍ਰਸ਼ਨ 3: ਦਾਈ ਵਾਲੇ ਦਾ ਛੁਟਕਾਰਾ ਕਿਵੇਂ ਹੁੰਦਾ ਹੈ?
ਉੱਤਰ: ਜੇਕਰ ਖਿੱਦੋ ਕਿਸੇ ਹੋਰ ਖਿਡਾਰੀ ਨੂੰ ਛੂਹ ਜਾਵੇ ਜਾਂ ਦਾਈ ਵਾਲਾ ਕਿਸੇ ਖਾਲੀ ਲੱਲ੍ਹੇ (ਟੋਏ) ਵਿੱਚ ਆਪਣਾ ਪੈਰ ਪਾ ਦੇਵੇ, ਤਾਂ ਉਸ ਦਾ ਦਾਈ ਤੋਂ ਛੁਟਕਾਰਾ ਹੋ ਜਾਂਦਾ ਹੈ।
ਲੇਖ: ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ
ਪੰਜਾਬ ਦੇ ਲੋਕ-ਕਿੱਤੇ ਸਦੀਆਂ ਤੋਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਹਿਤਲ ਦਾ ਅਨਿੱਖੜਵਾਂ ਅੰਗ ਰਹੇ ਹਨ। ਪਿਛਲੀ ਇੱਕ ਸਦੀ ਵਿੱਚ ਸਮਾਜ ਦੇ ਵਿਕਾਸ ਅਤੇ ਅਬਾਦੀ ਦੇ ਵਧਣ ਨਾਲ ਮਨੁੱਖੀ ਲੋੜਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ। ਇਨ੍ਹਾਂ ਵਧੀਆਂ ਹੋਈਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਜਦੋਂ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਅਸਮਰੱਥ ਹੋ ਗਏ ਤਾਂ ਅਜੋਕੇ ਮਨੁੱਖ ਨੇ ਵਿਗਿਆਨ ਦੀਆਂ ਨਵੀਆਂ ਕਾਢਾਂ ਨੂੰ ਜਨਮ ਦਿੱਤਾ ਅਤੇ ਮਸ਼ੀਨ ਦਾ ਸਹਾਰਾ ਲਿਆ। ਵਰਤਮਾਨ ਸਮੇਂ 'ਚ ਪੰਜਾਬ ਵਿੱਚ ਬਹੁਤ ਘੱਟ ਅਜਿਹੇ ਕਿੱਤੇ ਹਨ ਜਿਨ੍ਹਾਂ ਵਿੱਚ ਮਸ਼ੀਨ ਦੀ ਵਰਤੋਂ ਨਹੀਂ ਹੁੰਦੀ। ਇਸ ਵਿਕਾਸ ਨਾਲ ਜਿੱਥੇ ਵਸਤੂਆਂ ਦੇ ਨਿਰਮਾਣ ਵਿੱਚ ਵਾਧਾ ਹੋਇਆ ਹੈ, ਉੱਥੇ ਕਾਰੀਗਰਾਂ ਦੀ ਨਿੱਜੀ ਪਛਾਣ ਵੀ ਗੁਆਚ ਗਈ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਕਿਰਪਾਲ ਕਜ਼ਾਕ' ਹਨ।
ਪ੍ਰਸ਼ਨ 2: ਕਿੱਤਿਆਂ ਵਿੱਚ ਮਸ਼ੀਨ ਦੀ ਵਰਤੋਂ ਨੇ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਹਨ?
ਉੱਤਰ: ਮਸ਼ੀਨ ਦੀ ਵਰਤੋਂ ਨਾਲ ਵਸਤੂਆਂ ਦੇ ਉਤਪਾਦਨ (ਨਿਰਮਾਣ) ਵਿੱਚ ਤਾਂ ਵਾਧਾ ਹੋਇਆ ਹੈ, ਪਰ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀ ਨਿੱਜੀ ਪਛਾਣ ਗੁਆਚ ਗਈ ਹੈ।
ਪ੍ਰਸ਼ਨ 3: ਪੈਰੇ ਵਿੱਚ ਆਏ ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ: (ੳ) ਬੇਸ਼ੁਮਾਰ (ਅ) ਮੁਹਾਰਤ
ਉੱਤਰ: (ੳ) ਬੇਸ਼ੁਮਾਰ = ਅਣਗਿਣਤ / ਬਹੁਤ ਜ਼ਿਆਦਾ। (ਅ) ਮੁਹਾਰਤ = ਨਿਪੁੰਨਤਾ / ਕੰਮ ਵਿੱਚ ਮਾਹਰ ਹੋਣਾ।
ਲੇਖ: ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ
ਬਾਗ-ਫੁਲਕਾਰੀ ਲੋਕ-ਕਲਾ ਤੋਂ ਇਲਾਵਾ ਪੰਜਾਬ ਦੀਆਂ ਲੋਕ-ਕਲਾਵਾਂ ਵਿੱਚ ਕਈ ਹੋਰ ਵੰਨਗੀਆਂ ਵੀ ਹਨ ਜਿਨ੍ਹਾਂ ਵਿੱਚ ਦਰੀਆਂ, ਨਾਲਿਆਂ, ਨਵਾਰ ਅਤੇ ਖੇਸੀਆਂ ਦੀ ਬੁਣਤੀ ਗਿਣੀਆਂ ਜਾ ਸਕਦੀਆਂ ਹਨ। ਦਰੀਆਂ ਅਤੇ ਨਵਾਰ ਇਸਤਰੀਆਂ ਅੱਡੇ ਬਣਾ ਕੇ ਬੁਣਦੀਆਂ ਹਨ ਅਤੇ ਖੇਸੀਆਂ ਖੱਡੀ 'ਤੇ ਬੁਣੀਆਂ ਜਾਂਦੀਆਂ ਹਨ। ਨਾਲੇ, ਛੋਟੇ ਅੱਡੇ 'ਤੇ ਕਾਨਿਆਂ ਨਾਲ ਬੁਣੇ ਜਾਂਦੇ ਹਨ। ਨਾਲਿਆਂ ਦੀ ਬੁਣਤੀ ਅਤੇ ਦਰੀਆਂ ਦੀ ਬੁਣਤੀ ਵਿੱਚ ਪਾਏ ਅਨੇਕਾਂ ਤਰ੍ਹਾਂ ਦੇ ਰੰਗਦਾਰ ਨਮੂਨੇ ਪੰਜਾਬ ਦੀ ਲੋਕ-ਕਲਾ ਦਾ ਅਮੀਰ ਖ਼ਜ਼ਾਨਾ ਹਨ। ਪੰਜਾਬ ਦੀਆਂ ਲੋਕ-ਕਲਾਵਾਂ ਵਿੱਚ ਪੱਖੀਆਂ ਦੀ ਨਮੂਨੇਦਾਰ ਬੁਣਤੀ, ਝੋਲਿਆਂ ਜਾਂ ਰੁਮਾਲਾਂ ਆਦਿ 'ਤੇ ਕੀਤੀ ਕਢਾਈ ਵੀ ਵਰਣਨਯੋਗ ਹੈ। ਗਾਚਣੀ ਜਾਂ ਮੁਲਤਾਨੀ ਮਿੱਟੀ ਵਿੱਚ ਕਾਗਜ਼ ਜਾਂ ਗੱਤਾ ਰਲਾ ਕੇ ਬਣਾਏ ਬੋਹੀਏ, ਗੋਹਟੇ, ਪੰਜਾਬ ਦੀ ਲੋਕ-ਕਲਾ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਕਿਰਪਾਲ ਕਜ਼ਾਕ' ਹਨ।
ਪ੍ਰਸ਼ਨ 2: ਦਰੀਆਂ ਅਤੇ ਖੇਸੀਆਂ ਬੁਣਨ ਵਿੱਚ ਕੀ ਅੰਤਰ ਹੈ?
ਉੱਤਰ: ਦਰੀਆਂ ਅੱਡੇ (ਖੱਡੀਆਂ) ਬਣਾ ਕੇ ਬੁਣੀਆਂ ਜਾਂਦੀਆਂ ਹਨ ਜਦਕਿ ਖੇਸੀਆਂ ਖੱਡੀ 'ਤੇ ਬੁਣੀਆਂ ਜਾਂਦੀਆਂ ਹਨ।
ਪ੍ਰਸ਼ਨ 3: ਉੱਪਰ ਦਿੱਤੇ ਪੈਰੇ ਵਿੱਚ ਲੋਕ-ਕਲਾ ਦੀਆਂ ਕਿਹੜੀਆਂ-ਕਿਹੜੀਆਂ ਵੰਨਗੀਆਂ ਦਾ ਜ਼ਿਕਰ ਹੈ?
ਉੱਤਰ: ਦਰੀਆਂ, ਨਾਲੇ, ਨਵਾਰ, ਖੇਸੀਆਂ ਦੀ ਬੁਣਤੀ, ਪੱਖੀਆਂ ਦੀ ਬੁਣਤੀ, ਝੋਲਿਆਂ ਅਤੇ ਰੁਮਾਲਾਂ ਦੀ ਕਢਾਈ, ਬੋਹੀਏ ਅਤੇ ਗੋਹਟੇ ਆਦਿ ਦਾ ਜ਼ਿਕਰ ਹੈ।
ਲੇਖ: ਪੰਜਾਬ ਦੇ ਲੋਕ-ਨਾਚ
ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ 'ਤੇ ਇਹ ਮੁਦਰਾਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਰਾਹੀਂ ਵੱਖ-ਵੱਖ ਆਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਮ੍ਹੋ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ ਕੇ, ਧਰਤੀ 'ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ ਆਦਿ ਜੁਗਤਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਨਿਭਾਅ-ਪ੍ਰਸਥਿਤੀ ਉਜਾਗਰ ਹੁੰਦੀ ਹੈ। ਇਸ ਨਵੀਂ ਪ੍ਰਸਥਿਤੀ ਨੂੰ ਪੇਸ਼ ਕਰਨ ਵਾਸਤੇ ਨਵੀਂ ਅਤੇ ਮੌਕੇ ਅਨੁਸਾਰ ਮੁਦਰਾ ਸਿਰਜ ਲਈ ਜਾਂਦੀ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਲੋਕ-ਨਾਚ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਜਗੀਰ ਸਿੰਘ ਨੂਰ' ਹਨ।
ਪ੍ਰਸ਼ਨ 2: ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਿਤ ਕਿਉਂ ਨਹੀਂ ਕੀਤਾ ਜਾ ਸਕਦਾ?
ਉੱਤਰ: ਕਿਉਂਕਿ ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਪ੍ਰਸਥਿਤੀ ਅਨੁਸਾਰ ਮੌਕੇ 'ਤੇ ਹੀ ਨਵੀਂ ਮੁਦਰਾ ਸਿਰਜ ਲਈ ਜਾਂਦੀ ਹੈ।
ਪ੍ਰਸ਼ਨ 3: ਗਿੱਧੇ ਦੀਆਂ ਮੁੱਖ ਮੁਦਰਾਵਾਂ ਕਿਹੜੀਆਂ ਹਨ?
ਉੱਤਰ: ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰੇ, ਬੁੱਲ੍ਹਾਂ ਰਾਹੀਂ ਆਵਾਜ਼ਾਂ ਕੱਢਣਾ ਅਤੇ ਕਿਸੇ ਦੀ ਨਕਲ ਲਾਉਣਾ ਗਿੱਧੇ ਦੀਆਂ ਮੁੱਖ ਮੁਦਰਾਵਾਂ ਹਨ।
ਲੇਖ: ਪੰਜਾਬ ਦੇ ਲੋਕ-ਨਾਚ
ਪ੍ਰਸਿੱਧ ਲੋਕ-ਨਾਚ ਝੂਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਹਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ-ਝੂਮ ਕੇ ਨੱਚਣ ਸਦਕਾ ਇਸ ਦਾ ਨਾਂ ਝੂਮਰ ਪੈ ਗਿਆ। ਰਾਜਸਥਾਨ ਦੇ ਘੂਮਰ ਵਿਚਲੀਆਂ ਕੁਝ ਵਿਸ਼ੇਸ਼ਤਾਵਾਂ ਵੀ ਇਸ ਵਿੱਚ ਹਨ। ਬਾਰ ਦੇ ਲੋਕਾਂ ਦੇ ਏਧਰਲੇ ਪੰਜਾਬ ਵਿੱਚ ਆ ਕੇ ਵੱਸਣ ਉਪਰੰਤ ਇਹ ਲੋਕ-ਨਾਚ ਵੀ ਇੱਧਰ ਆ ਗਿਆ। ਇਹ ਨਾਚ ਤਿੰਨ ਪੜਾਵਾਂ ਤਹਿਤ ਨੱਚਿਆ ਜਾਂਦਾ ਹੈ ਜਿਸ ਨੂੰ ਤਿੰਨ ਤਾਲਾਂ- (ੳ) ਮੱਠੀ ਤਾਲ (ਅ) ਤੇਜ਼ ਤਾਲ (ੲ) ਬਹੁਤ ਹੀ ਤੇਜ਼ ਤਾਲ ਦਾ ਨਾਂ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਨ੍ਹਾਂ ਤਾਲਾਂ ਨੂੰ ਕ੍ਰਮਵਾਰ 'ਝੂਮਰ ਦੀ ਤਾਲ’, ‘ਚੀਣਾ ਛੜਨਾ’ ਅਤੇ 'ਧਮਾਲ' ਵੀ ਆਖਿਆ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਲੋਕ-ਨਾਚ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਜਗੀਰ ਸਿੰਘ ਨੂਰ' ਹਨ।
ਪ੍ਰਸ਼ਨ 2: ਝੂਮਰ ਦੀਆਂ ਤਿੰਨ ਤਾਲਾਂ ਨੂੰ ਕਿਹੜੇ ਨਾਂ ਦਿੱਤੇ ਗਏ ਹਨ?
ਉੱਤਰ: ਝੂਮਰ ਦੀਆਂ ਤਿੰਨ ਤਾਲਾਂ ਨੂੰ ਕ੍ਰਮਵਾਰ 'ਝੂਮਰ ਦੀ ਤਾਲ', 'ਚੀਣਾ ਛੜਨਾ' ਅਤੇ 'ਧਮਾਲ' ਦੇ ਨਾਂ ਦਿੱਤੇ ਗਏ ਹਨ।
ਪ੍ਰਸ਼ਨ 3: ਪੈਰੇ ਵਿੱਚ ਆਏ ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ: (ੳ) ਬਾਰ (ਅ) ਵਸੇਬਾ
ਉੱਤਰ: (ੳ) ਬਾਰ = ਜੰਗਲ ਵਾਲਾ ਇਲਾਕਾ / ਰੱਕੜ ਇਲਾਕਾ। (ਅ) ਵਸੇਬਾ = ਰਿਹਾਇਸ਼ / ਵਸਣਾ।
ਲੇਖ: ਪੰਜਾਬ ਦੇ ਲੋਕ-ਨਾਚ
ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪ੍ਰਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਕਾਫ਼ੀ ਬਦਲਾਅ ਲਿਆਂਦਾ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਸੱਭਿਆਚਾਰਕ ਕੇਂਦਰਾਂ ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਦੇ ਸਫ਼ਰ ਨੂੰ ਤੈਅ ਕਰ ਚੁੱਕੇ ਹਨ। ਇਸ ਪੜਾਅ 'ਤੇ ਆ ਕੇ ਲੋਕ-ਨਾਚ ਆਪਣੇ ਪ੍ਰਯੋਜਨ, ਨਿਭਾਅ-ਪ੍ਰਸੰਗ ਅਤੇ ਨਚਾਰਾਂ ਦੇ ਪੱਧਰ 'ਤੇ ਕਈ ਪ੍ਰਕਾਰ ਦੇ ਬਦਲਾਅ ਗ੍ਰਹਿਣ ਕਰ ਚੁੱਕੇ ਹਨ। ਇਹ ਬਦਲਾਅ ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਨਵ-ਸਿਰਜਕ ਨਿੱਜੀ ਗੀਤ-ਮੁਖੀ ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ, ਸਾਜ਼-ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਪ੍ਰਗਟ ਹੁੰਦੇ ਹਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੇ ਲੋਕ-ਨਾਚ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਜਗੀਰ ਸਿੰਘ ਨੂਰ' ਹਨ।
ਪ੍ਰਸ਼ਨ 2: ਪੰਜਾਬ ਦੇ ਲੋਕ-ਨਾਚਾਂ ਵਿੱਚ ਕਿਸ ਪ੍ਰਕਾਰ ਦੇ ਬਦਲਾਅ ਹੋਏ ਹਨ?
ਉੱਤਰ: ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ ਅਤੇ ਸਾਜ਼-ਸੰਗੀਤ ਆਦਿ ਵਿੱਚ ਕਾਫੀ ਬਦਲਾਅ ਹੋਏ ਹਨ।
ਪ੍ਰਸ਼ਨ 3: ਕਿਸ ਤਰ੍ਹਾਂ ਦੇ ਬਦਲਾਅ ਨੂੰ ਉਸਾਰੂ ਮੰਨਿਆ ਜਾ ਸਕਦਾ ਹੈ?
ਉੱਤਰ: ਜੋ ਬਦਲਾਅ ਆਪਣੇ ਸੱਭਿਆਚਾਰਕ-ਇਤਿਹਾਸਕ ਚੌਖਟੇ ਵਿੱਚ ਰੱਖ ਕੇ ਉਸਾਰੂ ਕਦਰ-ਪ੍ਰਣਾਲੀ ਨੂੰ ਗ੍ਰਹਿਣ ਕਰਨ ਹਿੱਤ ਕੀਤੇ ਜਾਣ, ਉਨ੍ਹਾਂ ਨੂੰ ਉਸਾਰੂ ਮੰਨਿਆ ਜਾ ਸਕਦਾ ਹੈ।
ਲੇਖ: ਪੰਜਾਬ ਦੀਆਂ ਨਕਲਾਂ
ਨਕਲਾਂ ਮੌਖਿਕ ਰੂਪ ਵਿੱਚ ਹੀ ਉਸਤਾਦੀ-ਸ਼ਗਿਰਦੀ ਨਾਲ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰੀਆਂ ਆ ਰਹੀਆਂ ਹਨ ਪ੍ਰੰਤੂ ਇਨ੍ਹਾਂ ਉੱਪਰ ਖੋਜ ਕਰਨ ਵਾਲੇ ਕੁਝ ਖੋਜਾਰਥੀਆਂ ਨੇ ਇਨ੍ਹਾਂ ਨੂੰ ਕਲਮਬੱਧ ਵੀ ਕੀਤਾ ਹੈ। ਲਿਖਤੀ ਰੂਪ ਵਿੱਚ ਆ ਕੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਪ੍ਰਸੰਗ ਵਿੱਚ ਹੀ ਕਿਰਿਆਸ਼ੀਲ ਰਹਿੰਦੀਆਂ ਹਨ। ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਇਨ੍ਹਾਂ ਦੀ ਸਾਰਥਕਤਾ ਵੀ ਘੱਟ-ਵੱਧ ਹੁੰਦੀ ਰਹਿੰਦੀ ਹੈ। ਮੌਖਿਕ ਰੂਪ ਵਿੱਚ ਇਹ ਸਮੇਂ ਦੇ ਵਹਿਣ ਵਿੱਚ ਵਹਿ ਕੇ ਅਤੀਤ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਥਾਂ ਨਵੀਆਂ ਨਕਲਾਂ ਲੈ ਲੈਂਦੀਆਂ ਹਨ। ਇਹ ਸਾਰਾ ਕੁਝ ਆਪਣੇ-ਆਪ ਵਾਪਰਦਾ ਰਹਿੰਦਾ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੀਆਂ ਨਕਲਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਪਿਆਰਾ ਸਿੰਘ ਖੁੰਡਾ' ਹਨ।
ਪ੍ਰਸ਼ਨ 2: ਨਕਲਾਂ ਦੀ ਸਾਰਥਕਤਾ ਕਿਵੇਂ ਘਟਦੀ-ਵਧਦੀ ਰਹਿੰਦੀ ਹੈ?
ਉੱਤਰ: ਸਮਾਂ, ਸਥਾਨ ਅਤੇ ਪ੍ਰਸੰਗ ਬਦਲਣ ਨਾਲ ਨਕਲਾਂ ਦੀ ਸਾਰਥਕਤਾ ਘਟਦੀ-ਵਧਦੀ ਰਹਿੰਦੀ ਹੈ।
ਪ੍ਰਸ਼ਨ 3: ਨਕਲਾਂ ਨੂੰ ਲਿਖਤੀ ਰੂਪ ਦੇਣ ਨਾਲ ਕੀ ਵਾਪਰਦਾ ਹੈ?
ਉੱਤਰ: ਲਿਖਤੀ ਰੂਪ ਵਿੱਚ ਆ ਕੇ ਨਕਲਾਂ ਸਥਿਰ ਅਤੇ ਨਿਰਜੀਵ ਹੋ ਜਾਂਦੀਆਂ ਹਨ।
ਲੇਖ: ਪੰਜਾਬ ਦੀਆਂ ਨਕਲਾਂ
ਨਕਲਾਂ ਵਿੱਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਅਦਾਕਾਰਾਂ ਤੇ ਦਰਸ਼ਕਾਂ ਦਾ ਆਪਸ ਵਿੱਚ ਬੜਾ ਗੂੜ੍ਹਾ ਸੰਬੰਧ ਹੁੰਦਾ ਹੈ। ਦਰਸ਼ਕ ਜਦ ਜੀਅ ਚਾਹਵੇ ਨਕਲਾਂ ਵਿੱਚ ਦਖ਼ਲ-ਅੰਦਾਜ਼ੀ ਕਰ ਸਕਦੇ ਹਨ। ਜਦੋਂ ਨਕਲੀਏ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਨ੍ਹਾਂ ਦੇ ਇਰਦ-ਗਿਰਦ ਜੁੜਨੇ ਸ਼ੁਰੂ ਹੋ ਜਾਂਦੇ ਹਨ। ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ-ਪਸਾਰੀ ਹੁੰਦੀ ਹੈ। ਉਹ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਸੰਬੋਧਿਤ ਹੁੰਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ। ਇਸੇ ਕਰਕੇ ਨਕਲਾਂ ਵਿੱਚ ਦਰਸ਼ਕਾਂ ਦੀ ਮਾਨਸਿਕ ਹੀ ਨਹੀਂ ਸਰੀਰਕ ਸ਼ਮੂਲੀਅਤ ਵੀ ਹੁੰਦੀ ਹੈ। ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ, ਨਿੱਕੇ ਮੁੰਡੇ ਨੂੰ ਮਖੌਲ, ਜਵਾਨ ਵੱਲ ਇਸ਼ਾਰਾ ਕਰਨਾ ਆਮ ਵਿਧੀ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੀਆਂ ਨਕਲਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਪਿਆਰਾ ਸਿੰਘ ਖੁੰਡਾ' ਹਨ।
ਪ੍ਰਸ਼ਨ 2: ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ-ਪਸਾਰੀ ਕਿਵੇਂ ਹੁੰਦੀ ਹੈ?
ਉੱਤਰ: ਕਿਉਂਕਿ ਨਕਲੀਆ ਇੱਕੋ ਸਮੇਂ ਦਰਸ਼ਕਾਂ ਨੂੰ ਵੀ ਸੰਬੋਧਨ ਕਰਦਾ ਹੈ ਅਤੇ ਆਪਣੇ ਸਾਥੀਆਂ (ਅਦਾਕਾਰਾਂ) ਨੂੰ ਵੀ।
ਪ੍ਰਸ਼ਨ 3: ਨਕਲਾਂ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਕਿਸ ਪ੍ਰਕਾਰ ਦੀ ਹੁੰਦੀ ਹੈ?
ਉੱਤਰ: ਦਰਸ਼ਕਾਂ ਦੀ ਸਿਰਫ਼ ਮਾਨਸਿਕ ਹੀ ਨਹੀਂ, ਸਗੋਂ ਸਰੀਰਕ ਸ਼ਮੂਲੀਅਤ ਵੀ ਹੁੰਦੀ ਹੈ, ਉਹ ਨਕਲਾਂ ਵਿੱਚ ਦਖ਼ਲ ਦੇ ਸਕਦੇ ਹਨ ਅਤੇ ਨਕਲੀਏ ਉਨ੍ਹਾਂ ਨੂੰ ਆਪਣੇ ਮਜ਼ਾਕ ਦਾ ਹਿੱਸਾ ਵੀ ਬਣਾ ਲੈਂਦੇ ਹਨ।
ਲੇਖ: ਪੰਜਾਬ ਦੀਆਂ ਨਕਲਾਂ
ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ। ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿੱਚ ਲੋਕਾਂ ਲਈ ਹੁੰਦੀ ਹੈ। ਇਸ ਵਿੱਚ ਸਿਰਫ਼ ਸੰਕੇਤਕ ਤੇ ਲੋੜੀਂਦੀ ਸਮਗਰੀ ਹੀ ਵਰਤੀ ਜਾਂਦੀ ਹੈ, ਜਿਵੇਂ; ਚਮੋਟਾ ਤੇ ਛੋਟਾ ਜਿਹਾ ਤਬਲਾ ਜਿਸ ਨੂੰ ਖੱਬੇ ਹੱਥ ਵਿੱਚ ਫੜਿਆ ਜਾਂਦਾ ਹੈ। ਬਾਕੀ ਕੰਮ ਇਸ਼ਾਰਿਆਂ ਨਾਲ ਹੀ ਸਾਰ ਲਿਆ ਜਾਂਦਾ ਹੈ। ਇੱਕੋ ਆਦਮੀ ਬਿਨਾਂ ਬਸਤਰ ਬਦਲਿਆਂ ਸਿਰ 'ਤੇ ਸਾਫ਼ਾ ਰੱਖ ਕੇ ਕੁੜੀ ਬਣ ਜਾਂਦਾ ਹੈ ਤੇ ਫਿਰ ਉਹੀ ਸਾਫ਼ਾ ਸਿਰ 'ਤੇ ਬੰਨ੍ਹ ਕੇ ਪਿਉ ਜਾਂ ਵਿਚੋਲਾ ਬਣ ਜਾਂਦਾ ਹੈ। ਇੱਕ ਵਾਰ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ। ਕੋਈ ਨਵੀਂ ਸਜਾਵਟ ਦਾ ਅਡੰਬਰ ਰਚਣ ਦੀ ਲੋੜ ਨਹੀਂ ਪੈਂਦੀ। ਦਰਸ਼ਕ ਇਸ ਨੂੰ ਸਹਿਜੇ ਹੀ ਸਮਝ ਲੈਂਦੇ ਹਨ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬ ਦੀਆਂ ਨਕਲਾਂ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਪਿਆਰਾ ਸਿੰਘ ਖੁੰਡਾ' ਹਨ।
ਪ੍ਰਸ਼ਨ 2: ਮੰਚ ਦੇ ਪੱਖ ਤੋਂ ਨਕਲਾਂ ਦੀ ਕੀ ਵਿਸ਼ੇਸ਼ਤਾ ਹੈ?
ਉੱਤਰ: ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਅਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ, ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿੱਚ ਹੁੰਦੀ ਹੈ।
ਪ੍ਰਸ਼ਨ 3: ਨਕਲਾਂ ਵਿੱਚ ਦਰਸ਼ਕਾਂ ਨੂੰ ਕਿਵੇਂ ਕੀਲਿਆ ਜਾਂਦਾ ਹੈ?
ਉੱਤਰ: ਅਦਾਕਾਰ ਆਪਣੀ ਅਦਾਕਾਰੀ ਅਤੇ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਕੀਲਦਾ ਹੈ, ਨਾ ਕਿ ਰੋਸ਼ਨੀਆਂ ਜਾਂ ਬਣਾਉਟੀ ਤਕਨੀਕਾਂ ਨਾਲ।
ਲੇਖ: ਪੰਜਾਬੀ ਸੱਭਿਆਚਾਰਕ ਪਰਿਵਰਤਨ
ਸਾਡੇ ਰਵਾਇਤੀ ਖਾਣੇ ਖੁਰਾਕੀ ਤੱਤਾਂ ਦੇ ਮਾਮਲੇ ਵਿੱਚ ਚੰਗੇ ਅਤੇ ਸਸਤੇ ਹਨ ਜਦਕਿ ਬਹੁਤੇ ਨਵੇਂ ਖਾਣੇ ਸਿਹਤ ਲਈ ਮਾੜੇ ਅਤੇ ਮਹਿੰਗੇ ਹਨ। ਬਿਨਾਂ ਸ਼ੱਕ ਸਾਡੇ ਪੁਰਾਣੇ ਖਾਣੇ ਘਰਾਂ ਵਿੱਚ ਜਾਂ ਘਰਾਂ ਦੇ ਨੇੜੇ ਵਿਸ਼ੇਸ਼ ਪਕਾਵੇ ਬਣਾਉਂਦੇ ਸਨ। ਜਦਕਿ ਨਵੇਂ ਢੰਗ ਦਾ ਬਹੁਤਾ ਖਾਣਾ ਡੱਬਾਬੰਦ ਹੁੰਦਾ ਹੈ ਤੇ ਇਸ ਨੂੰ ਜ਼ਿਆਦਾ ਚਿਰ ਸਾਂਭਣ ਲਈ ਇਸ ਵਿੱਚ ਅਜਿਹੇ ਪਦਾਰਥ ਪਾਉਣੇ ਪੈਂਦੇ ਹਨ ਜਿਹੜੇ ਮਨੁੱਖੀ ਸਿਹਤ ਲਈ ਚੰਗੇ ਨਹੀਂ ਹੁੰਦੇ। ਅੱਜ ਪੰਜਾਬੀ ਸੱਭਿਆਚਾਰ ਦੀ ਪਛਾਣ ਬਣ ਚੁੱਕੇ ਕੁਝ ਖਾਣੇ ਜਿਵੇਂ ਪ੍ਰੌਂਠਾ, ਚੂਰੀ, ਸਮੋਸਾ, ਸਾਗ, ਮੱਕੀ ਦੀ ਰੋਟੀ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਚੁੱਕੇ ਹਨ। ਸਾਨੂੰ ਆਪਣੇ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬੀ ਸੱਭਿਆਚਾਰਕ ਪਰਿਵਰਤਨ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਰਾਜਿੰਦਰਪਾਲ ਸਿੰਘ ਬਰਾੜ' ਹਨ।
ਪ੍ਰਸ਼ਨ 2: ਨਵੇਂ ਖਾਣੇ ਮਨੁੱਖੀ ਸਿਹਤ ਲਈ ਮਾੜੇ ਕਿਵੇਂ ਹਨ?
ਉੱਤਰ: ਨਵੇਂ ਖਾਣੇ ਡੱਬਾਬੰਦ ਹੁੰਦੇ ਹਨ ਅਤੇ ਇਨ੍ਹਾਂ ਨੂੰ ਜ਼ਿਆਦਾ ਚਿਰ ਸਾਂਭ ਕੇ ਰੱਖਣ ਲਈ ਅਜਿਹੇ ਕੈਮੀਕਲ/ਪਦਾਰਥ ਪਾਏ ਜਾਂਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ।
ਪ੍ਰਸ਼ਨ 3: ਰਵਾਇਤੀ ਖਾਣਿਆਂ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ?
ਉੱਤਰ: ਕਿਉਂਕਿ ਰਵਾਇਤੀ ਖਾਣੇ ਖੁਰਾਕੀ ਤੱਤਾਂ ਨਾਲ ਭਰਪੂਰ, ਸਿਹਤਮੰਦ ਅਤੇ ਸਸਤੇ ਹੁੰਦੇ ਹਨ। ਇਸ ਨਾਲ ਪੰਜਾਬ ਦੇ ਅਰਥਚਾਰੇ ਨੂੰ ਵੀ ਫਾਇਦਾ ਹੁੰਦਾ ਹੈ।
ਲੇਖ: ਪੰਜਾਬੀ ਸੱਭਿਆਚਾਰਕ ਪਰਿਵਰਤਨ
ਨੌਕਰੀ-ਪੇਸ਼ਾ ਸਮਾਜ ਵਿੱਚ ਅਬਾਦੀ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਛੋਟੇ ਪਰਿਵਾਰ ਪੈਦਾ ਹੋਣੇ ਸੁਭਾਵਿਕ ਹਨ। ਸੰਯੁਕਤ ਪਰਿਵਾਰਾਂ ਵਿੱਚ ਆਪਣੇ ਢੰਗ ਦੀਆਂ ਸਮੱਸਿਆਵਾਂ ਸਨ ਅਤੇ ਉਨ੍ਹਾਂ ਵਿੱਚ ਵਿਅਕਤੀਗਤ ਆਜ਼ਾਦੀ ਲਈ ਬਿਲਕੁਲ ਥਾਂ ਨਹੀਂ ਸੀ। ਆਧੁਨਿਕ ਜੋੜਾ-ਪਰਿਵਾਰਾਂ ਵਿੱਚ ਵਿਅਕਤੀਗਤ ਆਜ਼ਾਦੀ ਤਾਂ ਹੈ ਪਰ ਦੁੱਖ-ਸੁੱਖ ਦੀ ਸਾਂਝ ਨਾ-ਮਾਤਰ ਹੈ। ਨਵੀਂ ਪੀੜ੍ਹੀ ਨੇ ਆਪਣੇ ਸੱਭਿਆਚਾਰਕ ਸੰਸਕਾਰ ਪੁਰਾਣੀ ਪੀੜ੍ਹੀ ਤੋਂ ਪ੍ਰਾਪਤ ਕਰਨੇ ਹੁੰਦੇ ਹਨ। ਜੇ ਘਰ ਵਿੱਚ ਬਜ਼ੁਰਗ ਹੀ ਨਹੀਂ ਹਨ ਤਾਂ ਲੋਕ-ਧਾਰਾ ਦਾ ਖ਼ਜ਼ਾਨਾ ਅੱਗੇ ਨਹੀਂ ਤੁਰਨਾ। ਬਿਨਾਂ ਸ਼ੱਕ ਬਦਲੀ ਪ੍ਰਸਥਿਤੀ ਵਿੱਚ ਰਵਾਇਤੀ ਕਿਸਮ ਦੇ ਸੰਯੁਕਤ ਵੱਡੇ ਪਰਿਵਾਰ ਤਾਂ ਸੰਭਵ ਹੀ ਨਹੀਂ ਹਨ ਪਰ ਜੋੜਾ-ਪਰਿਵਾਰ ਵਿੱਚ ਮਾਪਿਆਂ ਨੂੰ ਨਾਲ ਰੱਖ ਕੇ ਛੋਟੇ ਤੇ ਵੱਡੇ ਪਰਿਵਾਰ ਦਾ ਵਿਚਕਾਰਲਾ ਰੂਪ ਰੱਖਿਆ ਜਾ ਸਕਦਾ ਹੈ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬੀ ਸੱਭਿਆਚਾਰਕ ਪਰਿਵਰਤਨ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਰਾਜਿੰਦਰਪਾਲ ਸਿੰਘ ਬਰਾੜ' ਹਨ।
ਪ੍ਰਸ਼ਨ 2: ਜੋੜਾ-ਪਰਿਵਾਰਾਂ ਵਿੱਚ ਕਿਹੜੀਆਂ ਘਾਟਾਂ ਵੇਖਣ ਨੂੰ ਮਿਲ ਰਹੀਆਂ ਹਨ?
ਉੱਤਰ: ਜੋੜਾ-ਪਰਿਵਾਰਾਂ ਵਿੱਚ ਵਿਅਕਤੀਗਤ ਆਜ਼ਾਦੀ ਤਾਂ ਹੈ ਪਰ ਦੁੱਖ-ਸੁੱਖ ਦੀ ਸਾਂਝ ਨਾਮਾਤਰ ਹੈ। ਬਜ਼ੁਰਗਾਂ ਦੇ ਨਾ ਹੋਣ ਕਾਰਨ ਬੱਚੇ ਸੱਭਿਆਚਾਰਕ ਸੰਸਕਾਰਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਪ੍ਰਸ਼ਨ 3: ਪ੍ਰਸਥਿਤੀਆਂ ਦੇ ਬਦਲਾਅ ਨੂੰ ਅਨੁਕੂਲ ਬਣਾਈ ਰੱਖਣ ਲਈ ਪਰਿਵਾਰਕ ਬਣਤਰ ਵਿੱਚ ਕਿਹੜੀ ਤਬਦੀਲੀ ਕੀਤੀ ਜਾ ਸਕਦੀ ਹੈ?
ਉੱਤਰ: ਜੋੜਾ-ਪਰਿਵਾਰ ਵਿੱਚ ਮਾਪਿਆਂ (ਬਜ਼ੁਰਗਾਂ) ਨੂੰ ਨਾਲ ਰੱਖ ਕੇ ਛੋਟੇ ਅਤੇ ਵੱਡੇ ਪਰਿਵਾਰ ਦਾ ਇੱਕ ਵਿਚਕਾਰਲਾ ਰੂਪ ਕਾਇਮ ਕੀਤਾ ਜਾ ਸਕਦਾ ਹੈ।
ਲੇਖ: ਪੰਜਾਬੀ ਸੱਭਿਆਚਾਰਕ ਪਰਿਵਰਤਨ
ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਸ ਦਾ ਚਿਹਰਾ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ। ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ। ਅੰਗਰੇਜ਼ ਤਾਂ ਇੱਥੋਂ ਚਲੇ ਗਏ ਪਰ ਸਾਡੇ ਨਾਲ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਏ। ਜਦੋਂ ਬੱਚਾ ਮਾਂ-ਬੋਲੀ ਦੀ ਥਾਂਵੇ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਆਪਣੇ-ਆਪ ਸਾਡੇ 'ਤੇ ਅਸਰ ਪਾਵੇਗਾ। ਬੱਚੇ ਨੂੰ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫ਼ਿਲਮਾਂ, ਅੰਗਰੇਜ਼ੀ ਗੀਤ, ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ। ਉਹ ਆਪਣੀਆਂ ਦਾਦੀਆਂ-ਨਾਨੀਆਂ ਦੀਆਂ ਬਾਤਾਂ, ਅਖਾਣਾਂ, ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰੱਥ ਰਹਿ ਜਾਵੇਗਾ। ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛੁਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਵੇਗਾ।
ਪ੍ਰਸ਼ਨ 1: ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਉੱਤਰ: ਇਹ ਪੈਰਾ 'ਪੰਜਾਬੀ ਸੱਭਿਆਚਾਰਕ ਪਰਿਵਰਤਨ' ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਲੇਖਕ 'ਡਾ. ਰਾਜਿੰਦਰਪਾਲ ਸਿੰਘ ਬਰਾੜ' ਹਨ।
ਪ੍ਰਸ਼ਨ 2: ਭਾਸ਼ਾ ਦਾ ਸੱਭਿਆਚਾਰ ਨਾਲ ਕੀ ਰਿਸ਼ਤਾ ਹੈ?
ਉੱਤਰ: ਭਾਸ਼ਾ ਸੱਭਿਆਚਾਰ ਦਾ ਵਾਹਨ ਹੁੰਦੀ ਹੈ; ਜੇਕਰ ਕਿਸੇ ਕੌਮ ਦੀ ਭਾਸ਼ਾ ਬਦਲ ਜਾਵੇ ਤਾਂ ਉਸ ਦਾ ਸੱਭਿਆਚਾਰ ਵੀ ਬਦਲ ਜਾਂਦਾ ਹੈ।
ਪ੍ਰਸ਼ਨ 3: ਅੰਗਰੇਜ਼ੀ ਭਾਸ਼ਾ ਪੰਜਾਬੀ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ?
ਉੱਤਰ: ਮਾਂ-ਬੋਲੀ ਦੀ ਥਾਂ ਅੰਗਰੇਜ਼ੀ ਸਿੱਖਣ ਨਾਲ ਨਵੀਂ ਪੀੜ੍ਹੀ ਅੰਗਰੇਜ਼ੀ ਸੱਭਿਆਚਾਰ ਦਾ ਅਸਰ ਕਬੂਲ ਰਹੀ ਹੈ, ਜਿਸ ਕਾਰਨ ਉਹ ਆਪਣੀਆਂ ਬਾਤਾਂ, ਅਖਾਣਾਂ ਅਤੇ ਅਮੀਰ ਵਿਰਸੇ ਤੋਂ ਟੁੱਟ ਰਹੀ ਹੈ।