ਹਾਈ ਕੋਰਟ ਤੋਂ ਅਧਿਆਪਕ ਤਰੱਕੀਆਂ 'ਤੇ ਵੱਡਾ ਫੈਸਲਾ, ਪ੍ਰਮੋਸ਼ਨ ਹੁਕਮਾਂ 'ਤੇ ਲੱਗੀ ਰੋਕ
ਚੰਡੀਗੜ੍ਹ, 11 ਜੂਨ: ਪੰਜਾਬ ਦੇ ਅਧਿਆਪਕਾਂ ਦੀਆਂ ਤਰੱਕੀਆਂ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਅੰਤਰਿਮ ਹੁਕਮ ਜਾਰੀ ਕੀਤਾ ਹੈ। ਹਾਈ ਕੋਰਟ ਨੇ 4 ਜੂਨ 2026 ਨੂੰ ਜਾਰੀ ਕੀਤੇ ਗਏ ਪ੍ਰਮੋਸ਼ਨ ਹੁਕਮਾਂ ਨੂੰ ਅਗਲੀ ਸੁਣਵਾਈ ਤੱਕ ਅਬੇਅੰਸ (ਰੋਕ) ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਰਾਜਿੰਦਰ ਕੌਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਮਾਮਲੇ ਦੀ ਸੁਣਵਾਈ ਦੌਰਾਨ ਅਰਜ਼ੀਕਰਤਾਵਾਂ ਵੱਲੋਂ ਦਲੀਲ ਦਿੱਤੀ ਗਈ ਕਿ ਜਾਰੀ ਕੀਤੇ ਗਏ ਤਰੱਕੀ ਹੁਕਮ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਸਿੱਖਿਆ ਵਿਭਾਗ ਦੇ ਨਿਯਮਾਂ ਦੇ ਉਲਟ ਹਨ। ਇਸ 'ਤੇ ਅਦਾਲਤ ਨੇ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਲਈ ਸਮਾਂ ਦਿੰਦਿਆਂ ਅੰਤਰਿਮ ਰਾਹਤ ਦਿੱਤੀ।
ਹਾਈ ਕੋਰਟ ਦੇ ਹੁਕਮਾਂ ਅਨੁਸਾਰ, 4 ਜੂਨ 2026 ਦੇ ਪ੍ਰਮੋਸ਼ਨ ਹੁਕਮ (Annexures P-17 ਤੋਂ P-30) ਜੇਕਰ ਹਾਲੇ ਤੱਕ ਲਾਗੂ ਨਹੀਂ ਹੋਏ, ਤਾਂ ਉਨ੍ਹਾਂ ਨੂੰ ਅਗਲੀ ਸੁਣਵਾਈ ਤੱਕ ਲਾਗੂ ਨਾ ਕੀਤਾ ਜਾਵੇ।
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਕੇਸ ਦੀ ਅਗਲੀ ਸੁਣਵਾਈ 19 ਅਗਸਤ 2026 ਨੂੰ ਹੋਵੇਗੀ, ਜਿੱਥੇ ਮਾਮਲੇ 'ਤੇ ਵਿਸਥਾਰ ਨਾਲ ਸੁਣਵਾਈ ਕੀਤੀ ਜਾਵੇਗੀ।
