PSEB CLASS 12 PUNJABI GENERAL SHORT QUESTIONS AND ANSWERS

PSEB 12ਵੀਂ ਪੰਜਾਬੀ ਸੱਭਿਆਚਾਰ (ਸਾਰੇ ਪ੍ਰਸ਼ਨ-ਉੱਤਰ)

📚 ਪੰਜਾਬੀ ਸੱਭਿਆਚਾਰ (ਸਾਰੇ 3 ਅੰਕਾਂ ਵਾਲੇ ਪ੍ਰਸ਼ਨ-ਉੱਤਰ)

ਸਹੀ ਉੱਤਰ ਪੜ੍ਹਨ ਲਈ ਪ੍ਰਸ਼ਨ ਉੱਪਰ ਕਲਿੱਕ ਕਰੋ (Click on a question to reveal the answer)

ਪਾਠ 1: ਪੰਜਾਬੀ ਸੱਭਿਆਚਾਰ
ਪ੍ਰਸ਼ਨ 1: ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ?
ਉੱਤਰ: ਸੱਭਿਆਚਾਰ ਦੋ ਸ਼ਬਦਾਂ 'ਸੱਭਿਅ + ਆਚਾਰ' ਦਾ ਸੁਮੇਲ ਹੈ। ਇਸ ਦਾ ਅਰਥ ਹੈ ਕਿਸੇ ਖ਼ਾਸ ਇਲਾਕੇ ਜਾਂ ਖਿੱਤੇ ਵਿੱਚ ਵਸਦੇ ਲੋਕਾਂ ਦੀ ਜੀਵਨ-ਜਾਚ। ਇਸ ਵਿੱਚ ਉਨ੍ਹਾਂ ਲੋਕਾਂ ਦਾ ਰਹਿਣ-ਸਹਿਣ, ਕਦਰਾਂ-ਕੀਮਤਾਂ, ਰਿਸ਼ਤੇ-ਨਾਤੇ, ਮੇਲੇ-ਤਿਉਹਾਰ, ਖਾਣ-ਪੀਣ, ਪਹਿਰਾਵਾ, ਬੋਲੀ ਅਤੇ ਵਿਸ਼ਵਾਸ ਸ਼ਾਮਲ ਹੁੰਦੇ ਹਨ।
ਪ੍ਰਸ਼ਨ 2: ਸੱਭਿਆਚਾਰ ਅਤੇ ਉਪ-ਸੱਭਿਆਚਾਰ ਵਿੱਚ ਕੀ ਅੰਤਰ ਹੈ?
ਉੱਤਰ: ਸੱਭਿਆਚਾਰ ਦਾ ਖੇਤਰ ਵੱਡਾ ਹੁੰਦਾ ਹੈ (ਜਿਵੇਂ ਭਾਰਤੀ ਸੱਭਿਆਚਾਰ) ਅਤੇ ਇਸਦਾ ਸੰਬੰਧ ਸਮੁੱਚੇ ਜਨ-ਸਮੂਹ ਨਾਲ ਹੁੰਦਾ ਹੈ। ਉਪ-ਸੱਭਿਆਚਾਰ ਮੁੱਖ ਸੱਭਿਆਚਾਰ ਦਾ ਹੀ ਇੱਕ ਹਿੱਸਾ ਹੁੰਦਾ ਹੈ ਜੋ ਭਾਸ਼ਾ, ਜਾਤੀ ਜਾਂ ਛੋਟੀ ਭੂਗੋਲਿਕ ਇਕਾਈ ਕਰਕੇ ਵੱਖਰਾ ਹੁੰਦਾ ਹੈ (ਜਿਵੇਂ ਪੰਜਾਬੀ ਸੱਭਿਆਚਾਰ ਵਿੱਚ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ-ਸੱਭਿਆਚਾਰ)।
ਪ੍ਰਸ਼ਨ 3: ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਦੱਸੋ।
ਉੱਤਰ: ਪੰਜਾਬੀ ਸੱਭਿਆਚਾਰ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਹੈ। ਇਸਦਾ ਇਤਿਹਾਸ ਵੈਦਿਕ ਕਾਲ ਤੋਂ ਸ਼ੁਰੂ ਹੁੰਦਾ ਹੈ; ਰਿਗਵੇਦ ਪੰਜਾਬ ਦੇ ਦਰਿਆਵਾਂ ਕੰਢੇ ਰਚਿਆ ਗਿਆ। ਮਹਾਂਭਾਰਤ ਕਾਲ ਵਿੱਚ ਇਸਨੂੰ 'ਪੰਚ-ਨਦ' ਕਿਹਾ ਜਾਂਦਾ ਸੀ। ਮੁਸਲਮਾਨਾਂ ਦੀ ਆਮਦ ਨਾਲ ਫਾਰਸੀ ਪ੍ਰਭਾਵ ਹੇਠ ਇਸਦਾ ਨਾਂ 'ਪੰਜਾਬ' ਪੈ ਗਿਆ। ਸਿੱਖ ਗੁਰੂਆਂ ਨੇ ਇਸਨੂੰ ਨਵੀਂ ਮਾਨਵਵਾਦੀ ਸੋਚ ਪ੍ਰਦਾਨ ਕੀਤੀ।
ਪ੍ਰਸ਼ਨ 4: ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਹਨ?
ਉੱਤਰ: 1. ਇਹ ਸੂਰਮਿਆਂ ਦੀ ਕੌਮ ਹੈ, ਜਿਨ੍ਹਾਂ ਵਿੱਚ ਕੁਰਬਾਨੀ ਦਾ ਜਜ਼ਬਾ ਅਤੇ ਅਣਖ ਹੈ।
2. ਪੰਜਾਬੀ ਮਿਹਨਤੀ ਸੁਭਾਅ ਵਾਲੇ ਹੁੰਦੇ ਹਨ।
3. ਪੰਜਾਬੀ ਸੱਭਿਆਚਾਰ ਮਿੱਸਾ ਅਤੇ ਬਹੁ-ਕੌਮੀ ਸੱਭਿਆਚਾਰ ਹੈ ਕਿਉਂਕਿ ਇੱਥੇ ਕਈ ਨਸਲਾਂ ਅਤੇ ਧਰਮਾਂ ਦਾ ਸੁਮੇਲ ਹੋਇਆ।
4. ਜ਼ਾਲਮ ਅੱਗੇ ਝੁਕਣਾ ਪੰਜਾਬੀਆਂ ਦੇ ਸੁਭਾਅ ਵਿੱਚ ਨਹੀਂ ਹੈ।
ਪਾਠ 2: ਪੰਜਾਬ ਦੇ ਮੇਲੇ ਤੇ ਤਿਉਹਾਰ
ਪ੍ਰਸ਼ਨ 5: ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
ਉੱਤਰ: ਮੇਲੇ ਕਿਸੇ ਜਾਤੀ ਦੇ ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਸੰਸਕ੍ਰਿਤੀ ਦੀ ਨੁਹਾਰ ਨੂੰ ਪੇਸ਼ ਕਰਦੇ ਹਨ। ਇਹ ਮਨ-ਪ੍ਰਚਾਵੇ ਅਤੇ ਮੇਲ-ਜੋਲ ਦਾ ਅਹਿਮ ਸਾਧਨ ਹਨ। ਇਹ ਲੋਕਾਂ ਦੀਆਂ ਧਾਰਮਿਕ, ਸਮਾਜਿਕ ਅਤੇ ਕਲਾਤਮਿਕ ਭਾਵਨਾਵਾਂ ਨੂੰ ਤ੍ਰਿਪਤ ਕਰਦੇ ਹਨ।
ਪ੍ਰਸ਼ਨ 6: 'ਮੇਲਾ' ਸ਼ਬਦ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੈ, ਦੱਸੋ ਕਿਵੇਂ?
ਉੱਤਰ: ਪੰਜਾਬੀਆਂ ਲਈ ਹਰ ਪਲ ਪੁਰਬ ਅਤੇ ਹਰ ਦਿਨ ਮੇਲਾ ਹੁੰਦਾ ਹੈ। ਜਿੱਥੇ ਵੀ ਚਾਰ ਪੰਜਾਬੀ ਮਿਲ ਜਾਣ, ਉੱਥੇ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ। ਪੰਜਾਬੀ ਮੇਲਿਆਂ ਦੇ ਸ਼ੌਕੀਨ ਹਨ ਅਤੇ ਮੇਲੇ ਵਿੱਚ ਹਰ ਪੰਜਾਬੀ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ।
ਪ੍ਰਸ਼ਨ 7: ਪੰਜਾਬ ਦੇ ਮੇਲਿਆਂ ਦੀ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ?
ਉੱਤਰ: ਪੰਜਾਬ ਦੇ ਮੇਲੇ ਵੱਖ-ਵੱਖ ਮੌਸਮਾਂ (ਬਸੰਤ, ਵਿਸਾਖੀ), ਧਾਰਮਿਕ ਅਸਥਾਨਾਂ, ਪੀਰਾਂ-ਫਕੀਰਾਂ ਅਤੇ ਗੁਰੂ ਸਾਹਿਬਾਨ ਦੀ ਯਾਦ ਵਿੱਚ ਲੱਗਦੇ ਹਨ। ਇਹ ਸਭ ਧਰਮਾਂ ਦਾ ਸਾਂਝਾ ਇਕੱਠ ਹੁੰਦੇ ਹਨ। ਮੇਲੇ ਵਿੱਚ ਖਾਣ-ਪੀਣ, ਹਾਰ-ਸ਼ਿੰਗਾਰ ਅਤੇ ਖਿਡੌਣਿਆਂ ਦੀਆਂ ਦੁਕਾਨਾਂ ਦਾ ਭਰਪੂਰ ਬਾਜ਼ਾਰ ਸਜਦਾ ਹੈ।
ਪ੍ਰਸ਼ਨ 8: ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ? ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ।
ਉੱਤਰ: ਦੇਵੀ ਮਾਤਾ ਦੇ ਮੇਲੇ ਮਾਤਾ ਨੂੰ ਪਤਿਆਉਣ (ਖੁਸ਼ ਕਰਨ) ਲਈ ਲੱਗਦੇ ਹਨ।
ਜਰਗ ਦਾ ਮੇਲਾ: ਇਹ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਜਰਗ ਪਿੰਡ (ਲੁਧਿਆਣਾ) ਵਿੱਚ ਸੀਤਲਾ ਮਾਤਾ ਨੂੰ ਪਤਿਆਉਣ ਲਈ ਲੱਗਦਾ ਹੈ। ਇਸ ਵਿੱਚ ਮਾਤਾ ਅਤੇ ਉਸਦੇ ਵਾਹਨ (ਖੋਤੇ) ਨੂੰ ਗੁਲਗੁਲੇ ਭੇਟ ਕੀਤੇ ਜਾਂਦੇ ਹਨ, ਇਸ ਲਈ ਇਸਨੂੰ 'ਬਹਿੜੀਏ ਦਾ ਮੇਲਾ' ਵੀ ਕਹਿੰਦੇ ਹਨ।
ਪ੍ਰਸ਼ਨ 9: ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?
ਉੱਤਰ: ਪੰਜਾਬ ਵਿੱਚ ਚੰਨ ਦੀਆਂ ਤਿਥਾਂ (ਏਕਾਦਸ਼ੀ, ਪੂਰਨਮਾਸ਼ੀ, ਮੱਸਿਆ) ਨਾਲ ਸੰਬੰਧਿਤ ਕਈ ਤਿਉਹਾਰ ਮਨਾਏ ਜਾਂਦੇ ਹਨ। ਜਿਵੇਂ: ਚੇਤਰ ਦੀ ਏਕਮ ਨੂੰ ਨਵਾਂ ਸੰਮਤ, ਚੇਤਰ ਸੁਦੀ ਅੱਠਵੀਂ ਨੂੰ ਕੰਜਕਾਂ, ਸਾਵਣ ਦੀ ਤੀਜੀ ਨੂੰ ਤੀਆਂ, ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ, ਭਾਦੋਂ ਵਿੱਚ ਗੁੱਗਾ ਨੌਵੀਂ ਤੇ ਜਨਮ ਅਸ਼ਟਮੀ, ਅੱਸੂ ਵਿੱਚ ਸਰਾਧ ਤੇ ਨਰਾਤੇ, ਕੱਤਕ ਦੀ ਮੱਸਿਆ ਨੂੰ ਦੀਵਾਲੀ ਆਦਿ।
ਪਾਠ 3: ਪੰਜਾਬ ਦੇ ਰਸਮ-ਰਿਵਾਜ
ਪ੍ਰਸ਼ਨ 10: ਰਸਮ-ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ?
ਉੱਤਰ: ਮੁੱਢਲਾ ਮਨੁੱਖ ਦੈਵੀ ਤਾਕਤਾਂ (ਕੁਦਰਤ) ਤੋਂ ਬਹੁਤ ਡਰਦਾ ਸੀ। ਉਨ੍ਹਾਂ ਨੂੰ ਪਤਿਆਉਣ, ਖੁਸ਼ ਕਰਨ ਜਾਂ ਉਹਨਾਂ ਦੇ ਡਰ ਤੋਂ ਬਚਣ ਲਈ ਬਹੁਤ ਸਾਰੇ ਸੰਸਕਾਰ ਆਰੰਭ ਹੋਏ। ਸਮਾਂ ਪਾ ਕੇ ਕੁਝ ਸੰਸਕਾਰ ਖੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋ ਗਏ ਜੋ ਹੌਲੀ-ਹੌਲੀ ਪੱਕੇ ਰਸਮ-ਰਿਵਾਜ ਬਣ ਗਏ।
ਪ੍ਰਸ਼ਨ 11: ਪਹਿਲੇ ਸਮਿਆਂ ਵਿੱਚ ਮੁੰਡੇ ਅਤੇ ਕੁੜੀ ਦੇ ਜੰਮਣ 'ਤੇ ਰਸਮ-ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ? ਹੁਣ ਇਹ ਕਿਵੇਂ ਘਟ ਰਿਹਾ ਹੈ?
ਉੱਤਰ: ਪਹਿਲੇ ਸਮਿਆਂ ਵਿੱਚ ਮੁੰਡੇ ਦੇ ਜਨਮ 'ਤੇ ਖੁਸ਼ੀ ਮਨਾਈ ਜਾਂਦੀ ਸੀ, ਸ਼ਰੀਂਹ ਬੰਨ੍ਹਿਆ ਜਾਂਦਾ ਸੀ ਅਤੇ ਗੁੜ ਵੰਡਿਆ ਜਾਂਦਾ ਸੀ, ਜਦਕਿ ਕੁੜੀ ਦੇ ਜਨਮ 'ਤੇ ਸੋਗ ਮਨਾਇਆ ਜਾਂਦਾ ਸੀ। ਹੁਣ ਵਿੱਦਿਆ ਦੇ ਪਸਾਰ, ਜਾਗਰੂਕਤਾ ਅਤੇ ਕਾਨੂੰਨੀ ਬਰਾਬਰੀ ਕਾਰਨ ਇਹ ਵਿਤਕਰਾ ਕਾਫੀ ਘਟ ਗਿਆ ਹੈ। ਹੁਣ ਕੁੜੀਆਂ ਦੇ ਜਨਮ 'ਤੇ ਵੀ ਲੋਹੜੀ ਮਨਾਈ ਅਤੇ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ।
ਪ੍ਰਸ਼ਨ 12: ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ?
ਉੱਤਰ: ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੀ ਮਾਂ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ। ਫਿਰ ਲਾੜੀ ਨੂੰ ਸ਼ਗਨ ਪਾ ਕੇ ਮੂੰਹ ਦਿਖਾਈ ਦੀ ਰਸਮ ਹੁੰਦੀ ਹੈ। ਇਸ ਤੋਂ ਇਲਾਵਾ 'ਗੋਤ-ਕਨਾਲਾ' (ਬਰਾਦਰੀ ਵਿੱਚ ਸ਼ਾਮਲ ਕਰਨ ਦੀ ਰਸਮ) ਅਤੇ ਲਾੜਾ-ਲਾੜੀ ਵਿਚਕਾਰ 'ਕੰਗਣਾ ਖੇਡਣ' ਦੀ ਰਸਮ ਹੁੰਦੀ ਹੈ।
ਪਾਠ 4: ਪੰਜਾਬ ਦੀਆਂ ਲੋਕ-ਖੇਡਾਂ
ਪ੍ਰਸ਼ਨ 13: ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ, ਸਿੱਧ ਕਰੋ।
ਉੱਤਰ: ਬੱਚੇ ਦੇ ਜਨਮ ਦੇ ਨਾਲ ਹੀ ਉਸਦੀ ਖੇਡਣ-ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਹ ਆਪਣੀ ਉਮਰ ਅਤੇ ਸਰੀਰਕ ਸਮਰੱਥਾ ਅਨੁਸਾਰ ਨਵੀਆਂ ਖੇਡਾਂ ਸਿਰਜ ਲੈਂਦਾ ਹੈ। ਹਰ ਇਨਸਾਨ ਖੇਡਣਾ ਪਸੰਦ ਕਰਦਾ ਹੈ, ਇਸ ਤੋਂ ਸਿੱਧ ਹੁੰਦਾ ਹੈ ਕਿ ਖੇਡਣਾ ਮਨੁੱਖ ਦੀ ਆਦਿ-ਕਾਲੀਨ ਅਤੇ ਮੂਲ ਪ੍ਰਵਿਰਤੀ ਹੈ।
ਪ੍ਰਸ਼ਨ 14: ਲੋਕ-ਖੇਡਾਂ ਨਾਲ ਬੱਚੇ ਅੰਦਰ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ? ਇਹ ਵੀ ਦੱਸੋ ਕਿ ਅਜਿਹੀਆਂ ਕਿਹੜੀਆਂ-ਕਿਹੜੀਆਂ ਖੇਡਾਂ ਹਨ?
ਉੱਤਰ: ਲੋਕ-ਖੇਡਾਂ ਬੱਚਿਆਂ ਵਿੱਚ ਸਦਭਾਵਨਾ, ਨੇਕ-ਨੀਅਤੀ, ਇਨਸਾਫ਼, ਮਿਲਵਰਤਣ, ਭਾਈਚਾਰਕ ਸਾਂਝ, ਧੋਖੇ ਤੋਂ ਬਚਣਾ ਅਤੇ ਹਾਰ ਨੂੰ ਖਿੜੇ-ਮੱਥੇ ਸਵੀਕਾਰ ਕਰਨ ਵਰਗੇ ਨੈਤਿਕ ਗੁਣ ਪੈਦਾ ਕਰਦੀਆਂ ਹਨ। ਇਹਨਾਂ ਖੇਡਾਂ ਵਿੱਚ ਕਬੱਡੀ, ਕੁਸ਼ਤੀਆਂ, ਰੱਸਾ-ਕਸ਼ੀ, ਲੂਣ-ਤੇਲ-ਲੱਲੇ, ਬਾਂਦਰ-ਕੀਲਾ, ਸ਼ੱਕਰ-ਭਿੱਜੀ ਅਤੇ ਖਿੱਦੋ-ਖੂੰਡੀ ਸ਼ਾਮਲ ਹਨ।
ਪ੍ਰਸ਼ਨ 15: ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਖਿਡਾਰੀਆਂ/ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ?
ਉੱਤਰ: ਪੁਰਾਤਨ ਸਮੇਂ ਵਿੱਚ ਖਿਡਾਰੀ ਜਾਂ ਪਹਿਲਵਾਨ ਸਮੁੱਚੇ ਪਿੰਡ ਦਾ ਮਾਣ ਹੁੰਦੇ ਸਨ। ਸਾਰਾ ਪਿੰਡ ਰਲ ਕੇ ਉਨ੍ਹਾਂ ਦੀ ਖੁਰਾਕ ਦਾ ਪ੍ਰਬੰਧ ਕਰਦਾ ਸੀ। ਉਨ੍ਹਾਂ ਨੂੰ ਖਾਣ ਲਈ ਦੇਸੀ ਘਿਓ ਦੇ ਪੀਪੇ ਦਿੱਤੇ ਜਾਂਦੇ ਸਨ। ਜਿੱਤਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਅਤੇ ਮਾਣ-ਸਨਮਾਨ ਕੀਤਾ ਜਾਂਦਾ ਸੀ।
ਪ੍ਰਸ਼ਨ 16: ਪੰਜਾਬ ਦੀਆਂ ਲੋਕ-ਖੇਡਾਂ ਦੀ ਸਾਂਭ-ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ, ਕਿਉਂ?
ਉੱਤਰ: ਕਿਉਂਕਿ ਲੋਕ-ਖੇਡਾਂ ਸਾਡੇ ਗੌਰਵਮਈ ਵਿਰਸੇ ਦਾ ਅਨਿੱਖੜਵਾਂ ਅੰਗ ਹਨ। ਅਜੋਕੇ ਤਕਨੀਕੀ ਯੁੱਗ ਵਿੱਚ ਬੱਚੇ ਸਰੀਰਕ ਖੇਡਾਂ ਤੋਂ ਦੂਰ ਹੋ ਗਏ ਹਨ। ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਕਰਨ, ਅਤੇ ਉਨ੍ਹਾਂ ਨੂੰ ਨਸ਼ਿਆਂ ਤੇ ਮਾੜੀਆਂ ਆਦਤਾਂ ਤੋਂ ਬਚਾਉਣ ਲਈ ਲੋਕ-ਖੇਡਾਂ ਨੂੰ ਮੁੜ ਸੁਰਜੀਤ ਕਰਨਾ ਬਹੁਤ ਜ਼ਰੂਰੀ ਹੈ।
ਪਾਠ 5: ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ
ਪ੍ਰਸ਼ਨ 17: 'ਲੋਕ-ਕਿੱਤਾ' ਅਤੇ 'ਲੋਕ-ਧੰਦਾ' ਦੇ ਅਰਥਾਂ ਵਿੱਚ ਮਾਮੂਲੀ ਫਰਕ ਹੈ, ਚਾਨਣਾ ਪਾਓ।
ਉੱਤਰ: 'ਕਿੱਤਾ' ਉਸਨੂੰ ਕਿਹਾ ਜਾਂਦਾ ਹੈ ਜਿਸ ਕੰਮ ਤੋਂ ਕਿਸੇ ਕਿਰਤ/ਵਸਤੂ ਦਾ ਨਿਰਮਾਣ ਹੋਵੇ (ਜਿਵੇਂ ਲੁਹਾਰ, ਤਰਖਾਣ)। ਪਰ 'ਧੰਦੇ' ਵਿੱਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ ਹੁੰਦਾ, ਇਸ ਵਿੱਚ ਧਨ ਕਮਾਉਣਾ ਮੁੱਖ ਹੁੰਦਾ ਹੈ (ਜਿਵੇਂ ਵਪਾਰ, ਸ਼ਾਹੂਕਾਰੀ)। ਪੰਜਾਬੀ ਵਿੱਚ ਧੰਦੇ ਨੂੰ ਕਿੱਤੇ ਦੇ ਮੁਕਾਬਲੇ ਘੱਟ ਸਤਿਕਾਰ ਨਾਲ ਵੇਖਿਆ ਜਾਂਦਾ ਹੈ।
ਪ੍ਰਸ਼ਨ 18: ਲੋਕ-ਕਿੱਤੇ ਦੀ ਵਿਸ਼ੇਸ਼ਤਾ ਕੀ ਹੈ? ਉਦਾਹਰਨਾਂ ਦਿਓ।
ਉੱਤਰ: ਲੋਕ-ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਿਤਾ-ਪੁਰਖੀ ਹੁੰਦਾ ਹੈ ਅਤੇ ਪੀੜ੍ਹੀ-ਦਰ-ਪੀੜ੍ਹੀ ਉਸਤਾਦੀ-ਸ਼ਗਿਰਦੀ ਨਾਲ ਅੱਗੇ ਤੁਰਦਾ ਹੈ। ਇਹ ਸੱਭਿਆਚਾਰ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਦਾ ਹੈ। ਉਦਾਹਰਨ ਵਜੋਂ: ਤਰਖਾਣ ਦੁਆਰਾ ਮੰਜੀ, ਚਰਖਾ, ਸੰਦੂਕ ਬਣਾਉਣਾ ਅਤੇ ਲੁਹਾਰ ਦੁਆਰਾ ਹਲ, ਦਾਤਰੀ, ਕਹੀ ਬਣਾਉਣਾ।
ਪ੍ਰਸ਼ਨ 19: ਲੋਕ-ਕਲਾ ਅਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ?
ਉੱਤਰ: ਲੋਕ-ਕਲਾ ਆਮ ਲੋਕਾਂ ਦੁਆਰਾ ਸਧਾਰਨ ਅਤੇ ਕੁਦਰਤੀ ਨਿਯਮਾਂ ਅਨੁਸਾਰ ਸਿਰਜੀ ਜਾਂਦੀ ਹੈ, ਇਸਦੇ ਨਿਯਮ ਲਚਕੀਲੇ ਹੁੰਦੇ ਹਨ। ਜਦਕਿ ਸ਼ਾਸਤਰੀ ਕਲਾ ਪੜ੍ਹੇ-ਲਿਖੇ ਕਲਾਕਾਰਾਂ ਦੁਆਰਾ ਬੱਝਵੇਂ ਅਤੇ ਸਖ਼ਤ ਨਿਯਮਾਂ (ਵਿਆਕਰਨ) ਅਧੀਨ ਰਚੀ ਜਾਂਦੀ ਹੈ।
ਪ੍ਰਸ਼ਨ 20: ਨਰਾਤਿਆਂ ਦੇ ਦਿਨਾਂ ਦੌਰਾਨ ਕੁੜੀਆਂ ਵੱਲੋਂ ਬਣਾਈਆਂ ਮਿੱਟੀ ਦੀਆਂ ਮੂਰਤੀਆਂ ਬਾਰੇ ਜਾਣਕਾਰੀ ਦਿਓ।
ਉੱਤਰ: ਨਰਾਤਿਆਂ ਵਿੱਚ ਘਰ ਦੀ ਕੰਧ ਉੱਤੇ ਗੋਹੇ ਅਤੇ ਮਿੱਟੀ ਨਾਲ 'ਸਾਂਝੀ ਮਾਈ' ਦੀ ਮੂਰਤੀ ਬਣਾਈ ਜਾਂਦੀ ਹੈ। ਕੁੜੀਆਂ ਇਸਨੂੰ ਫੁੱਲਾਂ, ਕੌਡੀਆਂ ਅਤੇ ਮੋਤੀਆਂ ਨਾਲ ਸਜਾਉਂਦੀਆਂ ਹਨ। ਨੌਂ ਦਿਨ ਇਸਦੀ ਪੂਜਾ ਹੁੰਦੀ ਹੈ ਅਤੇ ਦਸਹਿਰੇ ਵਾਲੇ ਦਿਨ ਸਰਘੀ ਵੇਲੇ ਇਸਨੂੰ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।
ਪਾਠ 6: ਪੰਜਾਬ ਦੇ ਲੋਕ-ਨਾਚ
ਪ੍ਰਸ਼ਨ 21: ਇਸਤਰੀਆਂ ਦੇ ਮੁੱਖ ਲੋਕ-ਨਾਚਾਂ ਦਾ ਸੰਖੇਪ ਵਰਣਨ ਕਰੋ।
ਉੱਤਰ: ਇਸਤਰੀਆਂ ਦੇ ਮੁੱਖ ਨਾਚ ਗਿੱਧਾ, ਸੰਮੀ ਅਤੇ ਕਿੱਕਲੀ ਹਨ। ਗਿੱਧਾ ਤਾਲੀ ਅਤੇ ਬੋਲੀਆਂ 'ਤੇ ਆਧਾਰਿਤ ਸਰਤਾਜ ਨਾਚ ਹੈ। ਸੰਮੀ ਪੱਛਮੀ ਪੰਜਾਬ ਦੀਆਂ ਬਾਰਾਂ ਦਾ ਨਾਚ ਹੈ ਜੋ ਬਾਹਾਂ ਦੇ ਹਿਲੋਰਿਆਂ ਨਾਲ ਨੱਚਿਆ ਜਾਂਦਾ ਹੈ। ਕਿੱਕਲੀ ਛੋਟੀਆਂ ਕੁੜੀਆਂ ਦਾ ਮਨਮੋਹਕ ਨਾਚ ਹੈ।
ਪ੍ਰਸ਼ਨ 22: ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦਾ ਸੰਖੇਪ ਵਰਣਨ ਕਰੋ।
ਉੱਤਰ: ਪੰਜਾਬ ਦੇ ਮਰਦਾਵੇਂ ਨਾਚਾਂ ਵਿੱਚ ਭੰਗੜਾ, ਝੂਮਰ, ਲੁੱਡੀ ਅਤੇ ਮਲਵਈ ਗਿੱਧਾ ਸ਼ਾਮਲ ਹਨ। ਭੰਗੜਾ ਢੋਲ ਦੀ ਤਾਲ 'ਤੇ ਨੱਚਿਆ ਜਾਣ ਵਾਲਾ ਕਿਸਾਨੀ ਨਾਚ ਹੈ। ਝੂਮਰ ਸਾਂਦਲ ਬਾਰ ਦਾ ਧੀਮੀ ਤਾਲ ਵਾਲਾ ਨਾਚ ਹੈ। ਲੁੱਡੀ ਜਿੱਤ ਦੀ ਖੁਸ਼ੀ ਦਾ ਨਾਚ ਹੈ ਅਤੇ ਮਲਵਈ ਗਿੱਧਾ ਬਾਬਿਆਂ ਦਾ ਨਾਚ ਹੈ।
ਪ੍ਰਸ਼ਨ 23: ਹੇਠ ਲਿਖੇ ਨਾਚ-ਰੂਪਾਂ ਬਾਰੇ ਸੰਖੇਪ ਨੋਟ ਲਿਖੋ: ਗਿੱਧਾ, ਭੰਗੜਾ, ਸੰਮੀ, ਝੂਮਰ, ਕਿੱਕਲੀ।
ਉੱਤਰ:
ਗਿੱਧਾ: ਔਰਤਾਂ ਦਾ ਸਰਤਾਜ ਨਾਚ, ਜੋ ਤਾੜੀ ਅਤੇ ਬੋਲੀਆਂ ਨਾਲ ਖੇਡਿਆ ਜਾਂਦਾ ਹੈ।
ਭੰਗੜਾ: ਮਰਦਾਂ ਦਾ ਕਿਸਾਨੀ ਨਾਚ ਜੋ ਢੋਲ ਦੀ ਤਾਲ 'ਤੇ ਨੱਚਿਆ ਜਾਂਦਾ ਹੈ।
ਸੰਮੀ: ਔਰਤਾਂ ਦਾ ਨਾਚ ਜੋ ਬਾਰਾਂ ਦੇ ਇਲਾਕੇ ਵਿੱਚ ਬਾਹਾਂ ਦੇ ਹੁਲਾਰਿਆਂ ਨਾਲ ਨੱਚਿਆ ਜਾਂਦਾ ਹੈ।
ਝੂਮਰ: ਮਰਦਾਂ ਦਾ ਨਾਚ (ਸਾਂਦਲ ਬਾਰ) ਜੋ ਧੀਮੀ ਤਾਲ ਵਿੱਚ ਝੂਮ-ਝੂਮ ਕੇ ਨੱਚਿਆ ਜਾਂਦਾ ਹੈ।
ਕਿੱਕਲੀ: ਛੋਟੀਆਂ ਕੁੜੀਆਂ ਦਾ ਨਾਚ, ਜਿਸਨੂੰ ਗਿੱਧੇ ਦੀ ਨਰਸਰੀ ਵੀ ਕਿਹਾ ਜਾਂਦਾ ਹੈ।
ਪਾਠ 7: ਪੰਜਾਬ ਦੀਆਂ ਨਕਲਾਂ
ਪ੍ਰਸ਼ਨ 24: ਪੰਜਾਬ ਦੀਆਂ ਨਕਲਾਂ ਦੇ ਵਿਸ਼ੇਸ਼ ਲੱਛਣ ਕਿਹੜੇ ਹਨ?
ਉੱਤਰ: ਨਕਲਾਂ ਵਿੱਚ ਵਿਅੰਗ, ਮਖੌਲ ਅਤੇ ਕਟਾਖਸ਼ ਹੁੰਦਾ ਹੈ। ਇਹ ਸਮੂਹਿਕ ਅਤੇ ਖੁੱਲ੍ਹੇ ਚਰਿੱਤਰ ਦੀਆਂ ਹੁੰਦੀਆਂ ਹਨ, ਜੋ ਬਿਨਾਂ ਕਿਸੇ ਖਾਸ ਸਟੇਜ ਦੇ ਖੁੱਲ੍ਹੇ ਅਖਾੜੇ ਵਿੱਚ ਖੇਡੀਆਂ ਜਾਂਦੀਆਂ ਹਨ। ਇਹਨਾਂ ਵਿੱਚ ਦਰਸ਼ਕਾਂ ਦੀ ਸਿੱਧੀ ਸ਼ਮੂਲੀਅਤ ਹੁੰਦੀ ਹੈ।
ਪ੍ਰਸ਼ਨ 25: ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?
ਉੱਤਰ: 1. ਨਿੱਕੀਆਂ ਨਕਲਾਂ: ਇਹ 5-10 ਮਿੰਟ ਦੀਆਂ ਹੁੰਦੀਆਂ ਹਨ ਅਤੇ ਸਿਰਫ ਦੋ ਕਲਾਕਾਰਾਂ (ਇੱਕ ਕੋਲ ਚਮੋਟਾ, ਦੂਜੇ ਕੋਲ ਤਬਲਾ) ਦੁਆਰਾ ਖੇਡੀਆਂ ਜਾਂਦੀਆਂ ਹਨ।
2. ਲੰਮੀਆਂ ਨਕਲਾਂ: ਇਹਨਾਂ ਵਿੱਚ 10-15 ਪਾਤਰ ਹੁੰਦੇ ਹਨ (ਜਿਨ੍ਹਾਂ ਵਿੱਚ ਰੰਗਾ ਅਤੇ ਬਿਗਲਾ ਮੁੱਖ ਹਨ) ਅਤੇ ਇਹ 3 ਘੰਟੇ ਤੱਕ ਚੱਲ ਸਕਦੀਆਂ ਹਨ।
ਪ੍ਰਸ਼ਨ 26: ਨਕਲਾਂ ਖੇਡਣ ਲਈ ਕਿਹੋ-ਜਿਹੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ: ਨਕਲਾਂ ਖੇਡਣ ਲਈ ਮੁੱਖ ਤੌਰ 'ਤੇ ਤਿੰਨ ਪ੍ਰਕਾਰ ਦੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ:
1. ਘੱਗਰੀ ਪਿੜ
2. ਤੀਰ ਕਮਾਨੀ ਪਿੜ
3. ਦਰੱਖਤ ਵਾਲਾ ਥੜ੍ਹਾ (ਪਿੜ)।
ਪਾਠ 8: ਪੰਜਾਬੀ ਸੱਭਿਆਚਾਰਕ ਪਰਿਵਰਤਨ
ਪ੍ਰਸ਼ਨ 27: ਪੰਜਾਬੀ ਸੱਭਿਆਚਾਰਕ ਪਰਿਵਰਤਨ ਕੀ ਹੈ? ਸੰਖੇਪ ਵਿੱਚ ਲਿਖੋ।
ਉੱਤਰ: ਸੱਭਿਆਚਾਰ ਇੱਕ ਵਗਦਾ ਦਰਿਆ ਹੈ, ਇਹ ਬਦਲਦਾ ਰਹਿੰਦਾ ਹੈ। ਸਮੇਂ ਦੇ ਨਾਲ, ਪੈਦਾਵਾਰੀ ਸਾਧਨਾਂ, ਤਕਨੀਕ, ਸਿੱਖਿਆ ਅਤੇ ਸ਼ਹਿਰੀਕਰਨ ਕਾਰਨ ਪੰਜਾਬੀਆਂ ਦੇ ਰਹਿਣ-ਸਹਿਣ, ਪਹਿਰਾਵੇ, ਖਾਣ-ਪੀਣ, ਪਰਿਵਾਰਕ ਢਾਂਚੇ ਅਤੇ ਰੀਤੀ-ਰਿਵਾਜਾਂ ਵਿੱਚ ਆਈਆਂ ਵੱਡੀਆਂ ਤਬਦੀਲੀਆਂ ਨੂੰ ਹੀ ਪੰਜਾਬੀ ਸੱਭਿਆਚਾਰਕ ਪਰਿਵਰਤਨ ਕਿਹਾ ਜਾਂਦਾ ਹੈ।
ਪ੍ਰਸ਼ਨ 28: ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ?
ਉੱਤਰ: ਸਾਨੂੰ ਆਪਣੇ ਰਵਾਇਤੀ ਖਾਣਿਆਂ (ਸਾਗ, ਮੱਕੀ ਦੀ ਰੋਟੀ, ਲੱਸੀ ਆਦਿ) ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਖੁਰਾਕੀ ਤੱਤਾਂ ਨਾਲ ਭਰਪੂਰ, ਸਿਹਤਮੰਦ ਅਤੇ ਸਸਤੇ ਹੁੰਦੇ ਹਨ। ਜਦਕਿ ਨਵੇਂ ਡੱਬਾਬੰਦ ਖਾਣੇ ਸਿਹਤ ਲਈ ਮਾੜੇ ਹੁੰਦੇ ਹਨ। ਰਵਾਇਤੀ ਖਾਣਿਆਂ ਦੀ ਵਰਤੋਂ ਸਥਾਨਕ ਅਰਥਚਾਰੇ ਲਈ ਵੀ ਫਾਇਦੇਮੰਦ ਹੈ।
ਪ੍ਰਸ਼ਨ 29: ਗੁਰਬਾਣੀ ਦੀ ਤੁਕ 'ਮਾਤਾ ਧਰਤਿ ਮਹਤੁ' ਅਜੋਕੇ ਸਮਾਜ ਦੀ ਕਿਹੜੀ ਸਮੱਸਿਆ ਵੱਲ ਸੰਕੇਤ ਕਰਦੀ ਹੈ? ਖੋਲ੍ਹ ਕੇ ਦੱਸੋ।
ਉੱਤਰ: ਇਹ ਤੁਕ ਅਜੋਕੇ ਸਮਾਜ ਦੀ ਗੰਭੀਰ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਵੱਲ ਸੰਕੇਤ ਕਰਦੀ ਹੈ। ਅਸੀਂ ਧਰਤੀ ਨੂੰ ਮਾਤਾ ਸਮਝਣ ਦੀ ਬਜਾਏ ਰਸਾਇਣਕ ਖਾਦਾਂ ਅਤੇ ਪਲਾਸਟਿਕ ਨਾਲ ਪਲੀਤ ਕਰ ਰਹੇ ਹਾਂ। ਸਾਨੂੰ ਧਰਤੀ ਦਾ ਮਾਤਾ ਵਾਂਗ ਸਤਿਕਾਰ ਅਤੇ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿਣ।
ਪ੍ਰਸ਼ਨ 30: ਸਾਨੂੰ ਚੇਤਨ ਪੱਧਰ 'ਤੇ ਕਿਹੜੀਆਂ ਨਵੀਆਂ ਸਿਹਤਮੰਦ ਪਰੰਪਰਾਵਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ?
ਉੱਤਰ: ਸਾਨੂੰ ਛੋਟੇ ਜੋੜਾ-ਪਰਿਵਾਰਾਂ ਵਿੱਚ ਬਜ਼ੁਰਗਾਂ ਨੂੰ ਨਾਲ ਰੱਖਣ ਦੀ ਪਰੰਪਰਾ ਵਿਕਸਿਤ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਸੰਸਕਾਰ ਸਿੱਖ ਸਕਣ। ਇਸ ਤੋਂ ਇਲਾਵਾ ਵਾਤਾਵਰਨ ਦੀ ਸੰਭਾਲ ਲਈ ਪਲਾਸਟਿਕ ਦੀ ਥਾਂ ਝੋਲੇ ਦੀ ਵਰਤੋਂ ਕਰਨਾ ਅਤੇ ਸਿਹਤ ਲਈ ਆਪਣੇ ਰਵਾਇਤੀ ਖਾਣਿਆਂ ਨੂੰ ਅਪਣਾਉਣਾ ਜ਼ਰੂਰੀ ਹੈ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends