12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖਾਸ ਖ਼ਬਰ: ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਜਾਣਗੇ ਐਕਸਪੋਜ਼ਰ ਵਿਜ਼ਿਟਾਂ ਤੇ, 200 ਰੁਪਏ ਪ੍ਰਤੀ ਵਿਦਿਆਰਥੀ ਫੰਡ ਜਾਰੀ
ਚੰਡੀਗੜ੍ਹ, 3 ਫਰਵਰੀ 2025 ( ਜਾਬਸ ਆਫ ਟੁਡੇ) ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਅਹਿਮ ਐਲਾਨ ਕੀਤਾ ਗਿਆ ਹੈ। ਪ੍ਰੀਸ਼ਦ ਵੱਲੋਂ ਜਾਰੀ ਇੱਕ ਪੱਤਰ ਦੇ ਅਨੁਸਾਰ, ਸੂਬੇ ਦੇ ਸਾਰੇ ਸਰਕਾਰੀ ਸਕੂਲਾਂ (ਪੀ.ਐਮ. ਸ਼੍ਰੀ ਸਕੂਲਾਂ ਤੋਂ ਇਲਾਵਾ) ਵਿੱਚ ਕਾਮਰਸ ਅਤੇ ਸਾਇੰਸ (ਮੈਡੀਕਲ ਅਤੇ ਨਾਨ-ਮੈਡੀਕਲ) ਦੇ ਵਿਦਿਆਰਥੀਆਂ ਲਈ ਐਕਸਪੋਜ਼ਰ ਵਿਜ਼ਿਟਾਂ ਦਾ ਆਯੋਜਨ ਕੀਤਾ ਜਾਵੇਗਾ।
ਇਹ ਵਿਜ਼ਿਟਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਗਿਆਨ ਅਤੇ ਮੁਹਾਰਤ ਪ੍ਰਦਾਨ ਕਰਨਗੀਆਂ, ਜਿਸ ਨਾਲ ਉਨ੍ਹਾਂ ਨੂੰ ਆਪਣੇ ਵਿਸ਼ਿਆਂ ਵਿੱਚ ਰੁਚੀ ਪੈਦਾ ਹੋਵੇਗੀ ਅਤੇ ਗਿਆਨ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਇਹ ਵਿਜ਼ਿਟਾਂ ਵਿਦਿਆਰਥੀਆਂ ਨੂੰ ਉੱਚੇਰੀ ਸਿੱਖਿਆ ਸੰਬੰਧੀ ਵੱਖ-ਵੱਖ ਵਿਕਲਪਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੀਆਂ।
ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਵਿਜ਼ਿਟਾਂ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਪ੍ਰਤੀ ਵਿਦਿਆਰਥੀ 200 ਰੁਪਏ ਖਰਚਾ ਆਵੇਗਾ। ਇਸ ਵਿੱਚ ਆਉਣ-ਜਾਣ ਦਾ ਖਰਚਾ, ਬੈਨਰ, ਵਿਜ਼ਿਟ ਨਾਲ ਸਬੰਧਤ ਲਿਟਰੇਚਰ, ਰਿਫਰੈਸ਼ਮੈਂਟ ਅਤੇ ਰਿਪੋਰਟਿੰਗ ਆਦਿ ਸ਼ਾਮਲ ਹਨ।