ਮਿੱਡ ਡੇ ਮੀਲ ਸੋਸਾਇਟੀ ਵੱਲੋਂ ਅਧਿਆਪਕ ਸਾਖ ਨੂੰ ਖੋਰਾ ਲਾਉਂਦਾ ਪੱਤਰ ਵਾਪਸ ਲਿਆ ਜਾਵੇ : ਡੀ ਟੀ ਐੱਫ
follow this link to join WhatsApp channel
ਮਿਡ ਡੇ ਮੀਲ ਸੁਸਾਇਟੀ ਦੁਆਰਾ ਜਾਰੀ ਪੱਤਰ ਦਾ ਡੀ ਟੀ ਐੱਫ ਵੱਲੋਂ ਸਖਤ ਨੋਟਿਸ
ਅਧਿਆਪਕ ਵਰਗ ਦੀ ਸਾਖ ਖਰਾਬ ਕਰਨ ਵਾਲੇ ਪੱਤਰ ਬਰਦਾਸ਼ਤਯੋਗ ਨਹੀਂ: ਡੀ ਟੀ ਐੱਫ
ਚੰਡੀਗੜ੍ਹ, 17 ਅਗਸਤ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ ਦੁਆਰਾ ਜਾਰੀ ਪੱਤਰ ਦਾ ਸਖਤ ਨੋਟਿਸ ਲੈਂਦਿਆਂ ਇਸ ਪੱਤਰ ਦੀ ਅਧਿਆਪਕ ਵਰਗ ਦੀ ਸਾਖ ਨੂੰ ਖੋਰਾ ਲਾਉਣ ਵਾਲੀ ਭਾਸ਼ਾ 'ਤੇ ਇਤਰਾਜ਼ ਜਾਹਿਰ ਕੀਤਾ। ਇਸ ਬਾਰੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਮਿੱਡ ਡੇ ਮੀਲ ਸੁਸਾਇਟੀ ਦੁਆਰਾ ਜਾਰੀ ਪੱਤਰ ਰਾਹੀਂ ਇੱਕ ਆਨ ਲਾਈਨ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਸਾਰੇ ਅਧਿਆਪਕਾਂ ਨੂੰ ਹੀ ਬੇਈਮਾਨ ਕਰਾਰ ਦਿੱਤਾ ਗਿਆ ਹੈ ਜੋ ਕਿ ਕਿਸੇ ਕੀਮਤ ਤੇ ਬਰਦਾਸ਼ਤ ਯੋਗ ਨਹੀਂ। ਅਸਲ ਵਿੱਚ ਅਜਿਹਾ ਕਰਕੇ ਵਿਭਾਗ ਅਧਿਆਪਕ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਜੋ ਲੋਕਾਂ ਨੂੰ ਮਿਲਦੀ ਮਾੜੀ ਮੋਟੀ ਸਿੱਖਿਆ ਵੀ ਖੋਹ ਕੇ ਕਾਰਪੋਰੇਟ ਦੇ ਹਵਾਲੇ ਕੀਤੀ ਜਾ ਸਕੇ।
ਡੀ ਟੀ ਐੱਫ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਅਧਿਆਪਕਾਂ ਤੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੀ ਐੱਮ ਪੋਸ਼ਣ ਸਕੀਮ ਸਬੰਧੀ ਆਨ ਲਾਈਨ ਪੋਰਟਲ ਤੇ ਅਧਿਆਪਕਾਂ ਦੀ ਕੀਤੀ ਗਈ ਸ਼ਿਕਾਇਤ ਬੇਬੁਨਿਆਦ ਹੈ ਅਤੇ ਸ਼ਿਕਾਇਤ ਕਰਤਾ ਵੱਲੋਂ ਆਪਣੇ ਹੱਕ ਵਿੱਚ ਕੋਈ ਸਬੂਤ ਵਗੈਰਾ ਨਹੀਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦਾ ਅਸਲ ਕੰਮ ਪੜ੍ਹਾਉਣਾ ਹੈ ਨਾ ਕਿ ਵਿਦਿਆਰਥੀਆਂ ਨੂੰ ਮਿੱਡ ਡੇ ਮੀਲ ਉਪਲਬਧ ਕਰਾਉਣਾ ,ਪਰ ਇਸਦੇ ਬਾਵਜੂਦ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਵਿੱਚ ਅਧਿਆਪਕ ਮਿਡ ਡੇ ਮੀਲ ਲਈ ਮਿਲਣ ਵਾਲੀ ਰਾਸ਼ੀ ਵਿੱਚੋਂ ਵਿਦਿਆਰਥੀਆਂ ਨੂੰ ਵਧੀਆ ਕਿਸਮ ਦਾ ਖਾਣਾ ਉਪਲਬਧ ਕਰਾਉਣ ਲਈ ਆਪਣੇ ਪੱਧਰ 'ਤੇ ਵਾਧੂ ਯਤਨ ਕਰਦੇ ਹਨ। ਉਹਨਾਂ ਦੱਸਿਆ ਕਿ ਜਿੰਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 100-125 ਤੋ ਘੱਟ ਹੈ ਉੱਥੇ ਮਿਡ ਡੇ ਮੀਲ ਵਿੱਚ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਵੀ ਖਰਚ ਕਰਨੇ ਪੈਂਦੇ ਹਨ ਕਿਉਂਕਿ ਪਿਛਲੇ ਸਮੇਂ ਵਿੱਚ ਰਾਸ਼ਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਜਦਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਕੋਈ ਵਾਧਾ ਨਹੀਂ ਹੋਇਆ। ਆਗੂਆਂ ਨੇ ਦੱਸਿਆ ਕਿ ਇਸ ਪੱਤਰ ਨਾਲ ਨੱਥੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਗਿਆ ਹੈ ਕਿ ਵਿਦਿਆਰਥੀਆਂ ਦੀ ਬੋਗਸ ਹਾਜ਼ਰੀ ਦਿਖਾ ਕੇ ਅਧਿਆਪਕ ਜਾਂ ਮਿੱਡ ਡੇ ਮੀਲ ਵਰਕਰ ਸਕੂਲਾਂ ਨੂੰ ਮਿਲਣ ਵਾਲੇ ਅਨਾਜ ਵਿੱਚੋਂ ਅਨਾਜ ਘਰੇ ਲੈ ਜਾਂਦੇ ਹਨ, ਜਦਕਿ ਅਸਲੀਅਤ ਇਹ ਹੈ ਕਿ ਅਨੇਕਾਂ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਲਈ ਅਤੇ ਸਕੂਲਾਂ ਨੂੰ ਸਹੂਲਤਾਂ ਉਪਲਬਧ ਕਰਾਉਣ ਲਈ ਜੇਬਾਂ ਵਿੱਚੋਂ ਪੈਸੇ ਖਰਚ ਕਰਦੇ ਹਨ। ਅਧਿਆਪਕਾਂ ਵੱਲੋਂ ਬੇਲੋੜੇ ਚਲਾਏ ਜਾਂਦੇ ਫੋਨ ਦੇ ਦੋਸ਼ ਨੂੰ ਨਕਾਰਦਿਆਂ ਆਗੂਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ ਕਿਸਮ ਦੇ ਅੰਕੜੇ ਆਨ ਲਾਈਨ ਮੰਗੇ ਜਾਣੇ, ਸਕੂਲਾਂ ਵਿੱਚ ਪ੍ਰੋਜੈਕਟਰ ਚਲਾਉਣ ਲਈ ਫੋਨ ਨਾਲ ਕੁਨੈਕਸ਼ਨ, ਵੱਟਸ ਗਰੁੱਪਾਂ ਰਾਹੀਂ ਵਿਭਾਗੀ ਕੰਮਾਂ ਦੇ ਸੁਨੇਹੇ ਆਦਿ ਕਾਰਨ ਜ਼ਿੰਮੇਵਾਰ ਹਨ, ਜਿਸਤੋਂ ਅਧਿਆਪਕ ਖੁਦ ਵੀ ਛੁਟਕਾਰਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਸੁਸਾਇਟੀ ਜਾਂ ਵਿਭਾਗ ਵੱਲੋਂ ਜਾਰੀ ਇਸ ਤਰ੍ਹਾਂ ਦੇ ਪੱਤਰਾਂ ਦਾ ਇੱਕੋ ਅਰਥ ਲੋਕਾਂ ਵਿੱਚ ਅਧਿਆਪਕਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਹੈ ਅਤੇ ਸਰਕਾਰੀ ਸਿੱਖਿਆ ਨੂੰ ਬਦਨਾਮ ਕਰਕੇ ਇਸਦਾ ਨਿੱਜੀਕਰਨ ਕਰਨਾ ਹੈ।