ਇਲੈਕਸ਼ਨ ਡਿਉਟੀ ਸਟਾਫ਼ ਲਈ ਟੋਲ ਪਲਾਜ਼ਾ ਤੋਂ ਛੋਟ ਲਈ ਪੱਤਰ ਜਾਰੀ।
ਲੁਧਿਆਣਾ, 14 ਅਪ੍ਰੈਲ 2024 ( PBJOBSOFTODAY)
ਪੰਜਾਬ ਵਿੱਚ ਚੋਣ ਜਾਬਤਾ ਲੱਗਣ ਤੋਂ ਤੁਰੰਤ ਬਾਅਦ ਹੀ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ ਅਤੇ ਇਸ ਦੀ ਦੀ ਇੰਨ-ਬਿੰਨ ਪਾਲਣਾ ਕਰਨ ਹਿੱਤ ਬਹੁਤ ਸਾਰੇ ਮੁਲਾਜਮਾਂ, ਖਾਸ ਕਰਕੇ ਆਫੀਸਰ ਰੈਂਕ ਦੀਆਂ ਚੋਣ ਡਿਉਟੀਆਂ ਲੱਗ ਗਈਆਂ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਦਿਨ-ਰਾਤ 24 ਘੰਟੇ ਡਿਉਟੀ ਤੇ ਹਨ। ਆਪਣੀ ਸਰਕਾਰੀ ਡਿਉਟੀ ਨਿਭਾਉਣ ਹਿੱਤ ਮੁਲਾਜਮਾਂ ਨੂੰ ਟੋਲ ਪਲਾਜ਼ਿਆਂ ਤੇ ਵੀ ਅਲੱਗ ਤੋਂ ਪਰਚੀ ਕਟਵਾਉਣੀ ਪੈਂਦੀ ਹੈ। ਚੋਣ ਡਿਉਟੀਆਂ ਕਰ ਰਹੇ ਸਟਾਫ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਲੁਧਿਆਣਾ ਦੇ ਆਗੂ ਸ੍ਰੀ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿੱਚ ਸਾਥੀਆਂ ਲੈਕਚਰਾਰ ਸ੍ਰੀ ਦੇਸ ਰਾਜ, ਲੈਕਚਰਾਰ ਸ੍ਰੀ ਹਰਸਿਮਰਨ ਸਿੰਘ, ਸਹਾਇਕ ਪ੍ਰੋਫੈਸਰ ਡਾਕਟਰ ਸ੍ਰੀ ਅਜੇ ਕੁਮਾਰ ਅਤੇ ਸ੍ਰੀ ਗੁਰਪ੍ਰੀਤ ਸਿੰਘ ਸਟੇਟ ਬੈਂਕ ਆਦਿ ਵੱਲੋਂ ਸਥਾਨਕ ਐੱਸ ਡੀ ਐੱਮ ਜਗਰਾਉਂ ਦਫਤਰ ਦੇ ਅਧਿਕਾਰੀਆਂ ਨਾਲ਼ ਮੀਟਿੰਗ ਕੀਤੀ ਗਈ।
ਸ੍ਰੀ ਜੌਹਲ ਨੇ ਦੱਸਿਆ ਕਿ ਐੱਸ ਡੀ ਓ ਸ੍ਰੀ ਹਰਿੰਦਰ ਸਿੰਘ (ਟੀਮ ਹੈੱਡ ਆਫੀਸਰ ਰੈਂਕ) ਦੇ ਵਿਸ਼ੇਸ਼ ਯਤਨਾਂ ਸਦਕਾ ਮਾਨਯੋਗ ਐੱਸ ਡੀ ਐੱਮ ਜਗਰਾਉਂ ਸ੍ਰੀ ਗੁਰਬੀਰ ਸਿੰਘ ਕੋਹਲੀ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਲੈਕਸ਼ਨ ਡਿਉਟੀ ਕਰ ਰਹੇ ਮੁਲਾਜਮਾਂ ਲਈ ਚੌਕੀਮਾਨ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਹੈ। ਇਹ ਕਰਮਚਾਰੀ ਹੁਣ ਆਪਣਾ ਇਲੈਕਸ਼ਨ ਪਛਾਣ-ਪੱਤਰ ਦਿਖਾ ਕੇ ਲੰਘ ਸਕਣਗੇ। ਉਹਨਾਂ ਸ੍ਰੀ ਕੋਹਲੀ ਅਤੇ ਸ੍ਰੀ ਹਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ਼ ਇਲੈਕਸ਼ਨ ਦੇ ਕੰਮ ਵਿੱਚ ਲੱਗੀਆਂ ਐੱਫ ਐੱਸ ਟੀ, ਐੱਸ ਐੱਸ ਟੀ ਅਤੇ ਵੀ ਵੀ ਟੀ ਟੀਮਾਂ ਸਮੇਤ ਸੈਕਟਰ ਅਫਸਰਾਂ, ਮਾਈਕਰੋ ਆਬਜ਼ਰਵਰਾਂ, ਐਕਸਪੈਂਡੀਚਰ ਆਬਜ਼ਰਵਰਾਂ ਅਤੇ ਹੋਰ ਵੱਖ-ਵੱਖ ਕੰਮਾਂ ਵਿੱਚ ਲੱਗੇ ਹੋਏ ਸਟਾਫ ਨੂੰ ਲਾਭ ਹੋਵੇਗਾ ਅਤੇ ਉਹ ਵਧੇਰੇ ਮਨੋਬਲ ਨਾਲ ਹੋਰ ਵਧੇਰੇ ਕੰਮ ਕਰ ਸਕਣਗੇ। ਉਹਨਾਂ ਦੱਸਿਆ ਕਿ ਜਲਦੀ ਹੀ ਫਲਾਈਂਗ ਸਕੂਐਡ ਟੀਮਾਂ ਵਿੱਚ ਵਾਧਾ ਕੀਤਾ ਜਾਵੇਗਾ ਇਲੈਕਸ਼ਨ ਟੀਮਾਂ ਨੂੰ ਦਰਪੇਸ਼ ਹੋਰ ਸਮੱਸਿਆਵਾਂ ਲਈ ਵੀ ਉਹ ਅਧਿਕਾਰੀਆਂ ਨਾਲ ਰਾਬਤੇ ਵਿੱਚ ਬਣੇ ਹੋਏ ਹਨ।