ਸੰਗਰੂਰ , 30 ਜਨਵਰੀ 2024
ਜ਼ਿਲ੍ਹਾ ਸੰਗਰੂਰ ਵਿਖੇ ਮੈਰੀਟੋਰੀਅਸ ਸਕੂਲ ਘਾਬਦਾਂ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸਿੰਘ (16) ਪਿੰਡ ਬਲਰਾੜਾ ਮੂਨਕ ਦਾ ਰਹਿਣ ਵਾਲਾ ਸੀ ਅਤੇ ਸਕੂਲ ਦੇ ਹੋਸਟਲ ਵਿੱਚ ਰਹਿੰਦਾ ਕਾਮਰਸ ਸਟਰੀਮ ਦਾ ਵਿਦਿਆਰਥੀ ਸੀ। ਪ੍ਰੀਖਿਆ ਵਿੱਚ ਘੱਟ ਅੰਕ ਆਉਣ ਕਾਰਨ ਵਿਦਿਆਰਥੀ ਪਰੇਸ਼ਾਨ ਸੀ, ਇਸ ਲਈ ਉਸ ਨੇ ਸੋਮਵਾਰ ਸ਼ਾਮ ਨੂੰ ਹੋਸਟਲ ਦੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਰਾਤ ਨੂੰ ਸਕੂਲ ਪਹੁੰਚੇ ਮ੍ਰਿਤਕ ਦੇ ਪਿਤਾ ਸੁਰੇਸ਼ ਸਿੰਘ ਦਾ ਕਹਿਣਾ ਹੈ ਕਿ ਕਰਨ ਸਮੇਤ ਉਸ ਦੇ ਤਿੰਨ ਬੱਚੇ ਹਨ। ਕਰਨ ਸਭ ਤੋਂ ਛੋਟਾ ਸੀ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਸੀ। 10ਵੀਂ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਅਤੇ ਇਸ ਤੋਂ ਬਾਅਦ ਉਸ ਨੇ 11 ਵੀ ਜਮਾਤ ਦੀ ਪੜ੍ਹਾਈ ਲਈ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲਿਆ। ਸੋਮਵਾਰ ਦੁਪਹਿਰ 3 ਵਜੇ ਉਸ ਦੇ ਸਕੂਲ ਦੇ ਅਧਿਆਪਕ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਕਰਨ ਦੇ ਇਮਤਿਹਾਨ ਵਿੱਚ ਅੰਕ ਘੱਟ ਹਨ। ਉਹ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰਦਾ, ਇਸ ਲਈ ਉਸਨੂੰ ਘਰ ਭੇਜ ਦਿੱਤਾ ਜਾਵੇਗਾ। ਉਸ ਨੇ ਅਧਿਆਪਕ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਸ਼ਾਮ 6 ਵਜੇ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਕਰਨ ਨੇ ਖੁਦਕੁਸ਼ੀ ਕਰ ਲਈ ਹੈ।
ਡੀਐਸਪੀ ਨੇ ਦੱਸਿਆ ਕਿ "ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਦੇ ਪੇਪਰਾਂ ਵਿੱਚ ਨੰਬਰ ਘੱਟ ਆਉਣ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ੍ ਹਨ , ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।"