ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਸਾਂਝੇ ਮਜ਼ਦੂਰ ਮੋਰਚੇ' ਦੇ ਆਗੂਆਂ ਨੂੰ ਮੀਟਿੰਗ ਲਈ ਸੱਦਾ
ਪੰਚਾਇਤੀ ਜ਼ਮੀਨ ਘੱਟ ਰੇਟ ਤੇ ਲੈਣ, ਝੋਨੇ ਦੀ ਲਵਾਈ ਤੇ ਦਿਹਾੜੀ 'ਚ ਵਾਧਾ ਅਤੇ ਕਰਜ਼ਾ ਮੁਆਫੀ ਅਤੇ ਹੋਰ ਮੰਗਾਂ ਤੇ ਹੋਵੇਗੀ ਗੱਲਬਾਤ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 6 ਜੂਨ, 2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਸਾਂਝੇ ਮਜ਼ਦੂਰ ਮੋਰਚੇ' ਦੇ ਆਗੂਆਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਭਲਕੇ 7 ਜੂਨ ਨੂੰ ਦੁਪਹਿਰ 1 ਵਜੇ ਪੰਜਾਬ ਭਵਨ ਸੈਕਟਰ-3 ਚੰਡੀਗੜ੍ਹ ਮੀਟਿੰਗ ਲਈ ਸੱਦਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਘੱਟ ਰੇਟ ਤੇ ਲੈਣ, ਝੋਨੇ ਦੀ ਲਵਾਈ ਤੇ ਦਿਹਾੜੀ 'ਚ ਵਾਧਾ ਅਤੇ ਕਰਜ਼ਾ ਮੁਆਫੀ ਅਤੇ ਹੋਰ ਮੰਗਾਂ ਤੇ ਗੱਲਬਾਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਸਾਂਝੇ ਮਜ਼ਦੂਰ ਮੋਰਚੇ' ਦੇ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਘੱਟ ਰੇਟ ਤੇ ਪਟੇ ਤੇ ਲੈਣ, ਮਜ਼ਦੂਰਾਂ ਦੀ ਦਿਹਾੜੀ ਸੱਤ ਸੌ ਰੁਪਏ ਅਤੇ ਝੋਨੇ ਦੀ ਲਵਾਈ ਦੇ ਰੇਟ ਵਿਚ ਵਾਧਾ ਕਰਾਉਣ, ਜੇਕਰ ਕਿਤੇ 6000 ਤੋਂ ਘੱਟ ਮਿਲਦਾ ਹੈ ਤਾਂ ਉਸਦੀ ਭਰਪਾਈ ਸਰਕਾਰ ਤੋਂ ਕਰਾਉਣ, ਨਰਮੇ ਦੀ ਚੁਗਾਈ ਦਾ ਮੁਆਵਜਾ ਲੈਣ, ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਰ ਵਿੱਚ ਮਜ਼ਦੂਰਾਂ ਨੂੰ ਮੁਆਵਜਾ ਲੈਣ, ਲਾਲ ਲਕੀਰ ਅੰਦਰ ਦੇ ਮਕਾਨਾਂ ਦੇ ਮਾਲਕੀ ਹੱਕ ਲੈਣ, ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਤੇ ਇਨਾਂ ਜਮੀਨਾਂ ਤੇ ਧਨਾਢਾ ਦੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਾਉਣ ਅਤੇ ਮਜ਼ਦੂਰਾਂ ਨੂੰ ਸਹਿਕਾਰੀ ਸਭਾ ਵਿੱਚ ਮੈਂਬਰ ਬਣਾ ਕੇ ਸਸਤੇ ਕਰਜ਼ੇ ਦਾ ਪ੍ਰਬੰਧ ਕਰਵਾਉਣ, ਲੋੜਵੰਦ ਪਰਿਵਾਰਾਂ ਨੂੰ ਦਸ-ਦਸ ਦੇ ਮਰਲੇ ਦੇ ਪਲਾਟ ਅਤੇ ਉਸਾਰੀ ਲਈ ਗਰਾਂਟ ਜਾਰੀ ਕਰਵਾਉਣ, ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਣ, ਮਨਰੇਗਾ ਤਹਿਤ ਪੂਰਾ ਸਾਲ ਕੰਮ ਲੈਣ ਅਤੇ ਦਿਹਾੜੀ 700 ਰੁਪਏ ਕਰਨ, ਸੰਘਰਸ਼ ਦਰਮਿਆਨ ਮਜ਼ਦੂਰਾਂ ਉੱਤੇ ਕੀਤੇ ਝੂਠੇ ਕੇਸਾ ਨੂੰ ਵਾਪਸ ਕਰਾਉਣ, ਮਜਦੂਰਾਂ/ਦਲਿਤਾਂ ਉਪਰ ਹੁੰਦੇ ਜਗੀਰੂ ਜਬਰ ਨੂੰ ਰੋਕਣ ਅਤੇ ਉਹਨਾਂ ਉੱਪਰ ਐਸ ਸੀ ਐਕਟ ਤਹਿਤ ਹੋਏ ਪਰਚਿਆਂ ਅਧੀਨ ਧਨਾਢਾਂ ਨੂੰ ਗ੍ਰਿਫ਼ਤਾਰ ਕਰਾਉਣ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗਾਂ ਨੂੰ ਨੂੰ ਲੈ ਕੇ 9 ਜੂਨ ਨੂੰ ਸੰਗਰੂਰ ਦੀ ਦਾਣਾ ਮੰਡੀ ਵਿੱਚ ਰੈਲੀ ਕਰਨ ਉਪਰੰਤ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣ ਦੀ ਸੂਬਾ ਪੱਧਰੀ ਰੋਸ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਵੀ ਚੱਲ ਰਹੀਆਂ ਸਨ। ਉਨ੍ਹਾਂ ਕਿਹਾ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਮੀਟਿੰਗ ਅਸਫ਼ਲ ਰਹੀ ਤਾਂ ਲੋਕ 9 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸਰਕਾਰ ਖਿਲਾਫ਼ ਵੱਡੀ ਰੈਲੀ ਹੋਵੇਗੀ।
ਉਨਾਂ ਕਿਹਾ ਕਿ ਮਜ਼ਦੂਰਾਂ ਨੂੰ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲੇ ਕਰਨ ਦੀ ਨੀਤੀ ਨੂੰ ਹੁਣ ਮਜਦੂਰ ਬਰਦਾਸਤ ਨਹੀ ਕਰਨਗੇ। ਆਗੂਆਂ ਨੇ ਇਸ ਮੋਰਚੇ ਵਿੱਚੋਂ ਬਾਰੇ ਰਹਿ ਗਈ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਦਾ ਹਿੱਸਾ ਬਣਨ ਕਿਉਂਕਿ ਸਾਂਝੇ ਸੰਘਰਸ਼ ਨਾਲ ਹੀ ਸਰਕਾਰ ਨੂੰ ਝੁਕਾਇਆ ਜਾ ਸਕਦਾ ਹੈ।