~ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤੀ ਅਹਿਮ ਸੂਬਾ ਕਮੇਟੀ ਮੀਟਿੰਗ
~ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਐਲਾਨਾਂ ਨੂੰ ਲਾਗੂ ਕਰਨ ਲਈ ਆਪ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਸਬੰਧੀ ਕਈ ਐਲਾਨ ਅਤੇ ਵਾਅਦੇ ਕੀਤੇ ਗਏ ਸਨ।ਜਿਸ ਦੀ ਪ੍ਰਾਪਤੀ ਲਈ ਐਨ.ਪੀ.ਐੱਸ ਮੁਲਾਜ਼ਮਾਂ ਵਿੱਚ ਵੱਡਾ ਉਤਸ਼ਾਹ ਹੈ।ਇਸ ਆਸ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (PPPF) ਪੰਜਾਬ ਵੱਲੋਂ ਸੂਬਾ ਕਮੇਟੀ ਦੀ ਵਰਚੂਅਲ ਮੀਟਿੰਗ ਕਰਕੇ ਗੰਭੀਰ ਵਿਚਾਰ ਚਰਚਾ ਕਰਨ ਉਪਰੰਤ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਵਿੱਚ ਫਰੰਟ ਦੇ ਜ਼ੋਨ ਕਨਵੀਨਰਾਂ,ਜ਼ਿਲਾ ਕਨਵੀਨਰਾਂ ਤੋਂ ਇਲਾਵਾ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਵੀ ਸ਼ਾਮਲ ਹੋਏ।
ਮੀਟਿੰਗ ਉਪਰੰਤ ਫੈਸਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ,ਮਾਝਾ ਜ਼ੋਨ ਕਨਵੀਨਰ-ਗੁਰਬਿੰਦਰ ਸਿੰਘ ਖਹਿਰਾ ਅਤੇ ਮਾਲਵਾ ਜ਼ੋਨ-1 ਦੇ ਕਨਵੀਨਰ ਜਸਵੀਰ ਸਿੰਘ ਭੰਮਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਚੋਣ ਐਲਾਨਾਂ ਅਤੇ ਦਾਅਵਿਆਂ ਨੂੰ ਲਾਗੂ ਕਰਵਾਉਣ ਲਈ ਸੱਤਾਧਾਰੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ‘ਵਾਅਦਾ ਯਾਦ ਦਿਵਾਊ’ ਮੁਹਿੰਮ ਚਲਾ ਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਅਤੇ ਮੁਲਾਜ਼ਮਾਂ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸੱਤਾ ਵਿੱਚ ਆਉਣ ਤੇ ਪੰਜਾਬ ਵਿੱਚ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਦੇ ਜਨਤਕ ਐਲਾਨ ਕੀਤੇ ਗਏ ਸਨ।ਜਿਹਨਾਂ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਆਪਣੀ ਸੰਗਰੂਰ ਰਿਹਾਇਸ਼ ਵਿਖੇ ਕੀਤਾ ਜਨਤਕ ਐਲਾਨ ਪ੍ਰਮੁੱਖ ਤੌਰ ਤੇ ਸ਼ਾਮਲ ਹੈ। ਨਵੀਂ ਪੈਨਸ਼ਨ ਸਕੀਮ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕੇਂਦਰ ਸਮੇਤ ਪੰਜਾਬ ਦੀਆਂ ਸੂਬਾ ਸਰਕਾਰਾਂ ਵੱਲੋਂ 1.1.2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੋਂ ਪੈਨਸ਼ਨ ਦਾ ਹੱਕ ਖੋਹ ਕੇ ਵਿੱਤੀ ਬਜ਼ਾਰ ਨਾਲ਼ ਜੋੜਕੇ ਲਿਆਂਦੀ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਸਕੀਮ ਖਿਲਾਫ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਅਵਾਜ਼ ਉੱਠ ਰਹੀ ਹੈ।ਕਿਉਂਕਿ ਸੇਵਾਮੁਕਤੀ ਉਪਰੰਤ ਮਾਣਸਨਮਾਨ ਵਾਲੀ ਬੱਝਵੀਂ ਪੈਨਸ਼ਨ ਦੀ ਬਜਾਏ ਇਹ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਦੀ ਸਾਲਾਂਬੱਧੀ ਕੀਤੀ ਕਿਰਤ ਅਤੇ ਬੱਚਤਾਂ ਦੀ ਆਰਥਿਕ ਤੇ ਸਮਾਜਿਕ ਲੁੱਟ ਕਰਨ ਦਾ ਸਾਧਨ ਸਿੱਧ ਹੋ ਰਹੀ ਹੈ। ਐਨ.ਪੀ.ਐੱਸ ਮੁਲਾਜ਼ਮਾਂ ਦੇ ਤਿੱਖੇ ਰੋਸ ਅਤੇ ਸੰਘਰਸ਼ ਕਾਰਨ ਹੀ ਰਾਜਸਥਾਨ ਅਤੇ ਛੱਤੀਸਗੜ ਦੀਆਂ ਰਾਜ ਸਰਕਾਰਾਂ ਨੇ ਮੁੜ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਹੈ।ਜਿਸ ਨਾਲ਼ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਮੰਗ ਨੂੰ ਵੱਡਾ ਨੈਤਿਕ ਬੱਲ ਮਿਲਿਆ ਹੈ।ਉਹਨਾਂ ਕਿਹਾ ਕਿ ਨਵੀਂ ਚੁਣੀ ਸਰਕਾਰ ਦੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਪਿੱਛੇ ਹਟਣ ਜਾਂ ਟਾਲ ਮਟੋਲ ਕਰਨ ਦੀ ਸੂਰਤ ਵਿੱਚ ਆਪ ਸਰਕਾਰ ਖਿਲਾਫ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਝਿਜਕ ਜੱਥੇਬੰਦਕ ਅਤੇ ਸਾਂਝੇ ਫਰੰਟ ਬਣਾ ਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਫਰੰਟ ਦੇ ਦੁਆਬਾ ਜ਼ੋਨ ਕਨਵੀਨਰ ਹਰਵਿੰਦਰ ਅਲੂਵਾਲ,ਵਿੱਤ ਸਕੱਤਰ ਜਸਵਿੰਦਰ ਔਜਲਾ ਅਤੇ ਪ੍ਰੈਸ ਸੈਕਟਰੀ ਸੱਤਪਾਲ ਸਮਾਣਵੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਰਤ ਕਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ,ਲੇਬਰ ਕੋਡ ਅਤੇ ਜਨਤਕ ਸੈਕਟਰ ਦੀ ਪ੍ਰਾਈਵੇਟ ਸਮੂਹਾਂ ਕੋਲ ਕੀਤੀ ਜਾ ਰਹੀ ਬੇਕਿਰਕ ਵੇਚ ਵਟਾਈ ਦੀ ਨਿਖੇਧੀ ਕੀਤੀ ਗਈ
ਮੀਟਿੰਗ ਵਿੱਚ ਰਮਨਦੀਪ ਸਿੰਗਲਾ,ਸੁਖਜਿੰਦਰ ਸਿੰਘ,ਹਰਿੰਦਰਜੀਤ ਸਿੰਘ,ਦਲਜੀਤ ਸਫੀਪੁਰ,ਗੌਰਵਜੀਤ,ਜਗਜੀਤ ਸਿੰਘ,ਅਮ੍ਰਿਤ ਸਿੰਘ,ਕ੍ਰਿਸ਼ਨ ਸਿੰਘ,ਬਲਜੀਤ ਸਿੰਘ ਵੀ ਸ਼ਾਮਲ ਹੋਏ।