ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਵਿਡ ਟੀਕਾਕਰਣ ਦੀ ਦੂਸਰੀ ਡੋਜ਼ ਨਾਲ ਸੂਬੇ ਚੋਂ ਦੂਸਰੇ ਨੰਬਰ ਤੇ
91 ਪ੍ਰਤੀਸ਼ਤ ਆਬਾਦੀ ਨੂੰ ਪਹਿਲੀ ਖੁਰਾਕ ਅਤੇ 76.2 ਪ੍ਰਤੀਸ਼ਤ ਨੂੰ ਦੂਜੀ ਖੁਰਾਕ ਮਿਲੀ
ਡੀ ਸੀ ਵਿਸ਼ੇਸ਼ ਸਾਰੰਗਲ ਨੇ ਮੁਹਿੰਮ ਨੂੰ ਤੇਜ਼ ਕਰਨ ਲਈ ਸਮਰਪਿਤ ਯਤਨਾਂ ਲਈ ਸਿਹਤ ਤੇ ਹੋਰਨਾਂ ਵਿਭਾਗਾਂ ਦੀ ਦੀਆਂ ਸਹਿਯੋਗੀ ਟੀਮਾਂ ਦੀ ਸ਼ਲਾਘਾ ਕੀਤੀ
ਨਵਾਂਸ਼ਹਿਰ, 3 ਫਰਵਰੀ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਵੀਰਵਾਰ ਨੂੰ 76.2 ਪ੍ਰਤੀਸ਼ਤ ਆਬਾਦੀ ਨੂੰ ਕੋਵਿਡ ਟੀਕਾਕਰਣ ਦੀ ਦੂਸਰੀ ਖੁਰਾਕ ਨਾਲ ਕਵਰ ਕਰਕੇ ਜਿਥੇ ਸੂਬੇ ਚੋਣ ਦੂਸਰਾ ਸਥਾਨ ਹਾਸਲ ਕੀਤਾ ਉਥੇ ਦੂਜੀ ਖੁਰਾਕ ਦੇਣ ਦੀ ਰਾਸ਼ਟਰੀ ਔਸਤ ਨੂੰ ਵੀ ਪਾਰ ਕਰ ਲਿਆ ਹੈ।
ਦੇਰ ਸ਼ਾਮ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਟੀਕਾਕਰਣ ਦੀ ਦੂਜੀ ਖੁਰਾਕ ਅਧੀਨ ਕਵਰ ਕੀਤੀ ਗਈ ਆਬਾਦੀ ਦੀ ਪ੍ਰਤੀਸ਼ਤਤਾ ਸ਼ਹੀਦ ਭਗਤ ਸਿੰਘ ਨਗਰ ਵਿੱਚ 76.2 ਪ੍ਰਤੀਸ਼ਤ ਹੈ ਜਦੋਂ ਕਿ ਦੂਜੀ ਖੁਰਾਕ ਦੀ
ਰਾਸ਼ਟਰੀ ਔਸਤ 75-ਪ੍ਰਤੀਸ਼ਤ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 91 ਫੀਸਦੀ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ।
ਸ਼੍ਰੀ ਸਾਰੰਗਲ ਨੇ ਦੱਸਿਆ ਕਿ ਨਵਾਂਸ਼ਹਿਰ ਰਾਸ਼ਟਰੀ ਔਸਤ ਨੂੰ ਪਾਰ ਕਰਕੇ ਸੂਬੇ ਵਿੱਚ ਦੂਜੇ ਅਤੇ ਛੋਟੇ ਜ਼ਿਲ੍ਹਿਆਂ ਵਿੱਚ ਪਹਿਲੇ ਸਥਾਨ ’ਤੇ ਆ ਗਿਆ ਹੈ।
ਟੀਕਾਕਰਣ ਵਿੱਚ ਜੁਟੀਆਂ ਸਿਹਤ ਟੀਮਾਂ, ਸਹਿਯੋਗੀ ਵਿਭਾਗਾਂ ਜਿਨ੍ਹਾਂ ਵਿੱਚ ਆਂਗਨਵਾੜੀ ਵਰਕਰਾਂ ਤੇ ਪੇਂਡੂ ਵਿਕਾਸ ਵਿਭਾਗ ਦੇ ਕਰਮਚਾਰੀ ਸ਼ਾਮਿਲ ਹਨ, ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਘਰ-ਘਰ ਟੀਕਾਕਰਨ ਮੁਹਿੰਮ ਚਲਾਉਣ ਦੇ ਨਾਲ-ਨਾਲ ਰੋਜ਼ਾਨਾ 120 ਤੋਂ ਵੱਧ ਥਾਵਾਂ ਤੇ ਟੀਕਾਕਰਣ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਯੋਗ ਵਿਅਕਤੀ ਨੂੰ ਜੀਵਨ ਬਚਾਉਣ ਵਾਲੀ ਖੁਰਾਕ ਦਿੱਤੀ ਜਾਵੇ।
ਸ਼੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਸਿਹਤ ਟੀਮਾਂ ਨੂੰ ਢੁੱਕਵੀਂ ਅਗਵਾਈ ਤੇ ਸਹਾਇਤਾ ਯਕੀਨੀ ਬਣਾਉਣ ਲਈ ਤਿੰਨ ਏ.ਡੀ.ਸੀਜ਼ ਆਪੋ-ਆਪਣੇ ਖੇਤਰਾਂ ਵਿੱਚ ਟੀਕਾਕਰਣ ਥਾਵਾਂ ਦੀ ਨਿਗਰਾਨੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਭ ਦੀ ਸਾਂਝੀ ਹੈ ਅਤੇ ਲੋਕਾਂ ਨੂੰ ਅੱਗੇ ਆਉਣ ਅਤੇ ਟੀਕਾ ਲਗਵਾਉਣ ਦੀ ਅਪੀਲ ਕੀਤੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਵਿਅਕਤੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਹੀ ਇਸ ਮੁਹਿੰਮ ਨੂੰ ਕੋਵਿਡ ਮਹਾਂਮਾਰੀ ਵਿਰੁੱਧ ਜਨਤਕ ਲਹਿਰ ਬਣਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਅਤੇ ਅੱਗੇ ਆਉਣਾ ਚਾਹੀਦਾ ਹੈ।
ਸ਼੍ਰੀ ਸਾਰੰਗਲ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋ ਕੇ ਕੋਵਿਡ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।