ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਨਿੱਜੀਕਰਨ ਵਿਰੋਧੀ ਸੰਘਰਸ਼ ਨੂੰ ਐਸਮਾ ਕਾਲੇ ਕਾਨੂੰਨ ਰਾਹੀਂ ਦਬਾਉਣ ਦੀ ਨਿਖੇਧੀ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 23 ਫਰਵਰੀ, 2022: ਇਨਕਲਾਬੀ ਕੇਂਦਰ, ਪੰਜਾਬ ਨੇ ਚੰਡੀਗੜ੍ਹ ਯੂ ਟੀ ਦੇ ਪ੍ਰਸਾਸ਼ਕ ਗਵਰਨਰ ਪੁਰੋਹਿਤ ਵੱਲੋਂ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਬੀਤੀ ਰਾਤ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ਹੜਤਾਲ ਵਿਰੁੱਧ ਐਸਮਾ ਨਾਂ ਦਾ ਕਾਲਾ ਕਨੂੰਨ ਥੋਪਣ ਦੇ ਫ਼ੈਸਲੇ ਦੀ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਦੀ ਜੋਰਦਾਰ ਮੰਗ ਕੀਤੀ ਹੈ।
ਜਥੇਬੰਦੀ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਚੰਡੀਗੜ੍ਹ ਯੂ ਟੀ ਦਾ ਬਿਜਲੀ ਬੋਰਡ ਕਲਕੱਤਾ ਦੀ ਇੱਕ ਨਿੱਜੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਮੁਨਾਫ਼ੇ 'ਚ ਚੱਲ ਰਹੇ ਪਬਲਿਕ ਅਦਾਰਿਆਂ ਨੂੰ ਵੇਚ ਕੇ ਅਸਲ 'ਚ ਚੰਡੀਗੜ੍ਹ ਤੇ ਕਾਬਜ ਕੇਂਦਰ ਦੀ ਮੋਦੀ ਹਕੂਮਤ ਖੋਜ ਖੋਜ ਕੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾਂ ਨੂੰ ਲੁੱਟਣ ਤੇ ਚੂੰਡਣ ਲਈ ਪੂਰੀ ਬੇਸ਼ਰਮੀ ਨਾਲ ਤੁਰੀ ਹੋਈ ਹੈ।
ਉਨਾਂ ਕਿਹਾ ਕਿ ਚੰਡੀਗੜ੍ਹ ਬਿਜਲੀ ਅਦਾਰੇ ਦੇ ਨਿੱਜੀਕਰਨ ਨਾਲ ਜਿੱਥੇ ਠੇਕੇਦਾਰਾਂ ਵੱਲੋਂ ਕੱਚੇ ਕਾਮੇ ਰੱਖ ਕੇ ਪੱਕੇ ਕਾਮਿਆਂ ਨੂੰ ਜਬਰੀ ਰਿਟਾਇਰ ਕੀਤਾ ਜਾਵੇਗਾ ਨਾਲ ਹੀ ਸੇਵਾ ਨਿਯਮ ਤੇ ਸ਼ਰਤਾਂ ਬਦਲ ਕੇ ਮੁਲਾਜਮਾਂ ਨੂੰ ਮਿਲਦੀਆਂ ਸਾਰੀਆਂ ਰਾਹਤਾਂ ਤੇ ਸਹੂਲਤਾਂ ਖੋਹ ਲਈਆਂ ਜਾਣਗੀਆਂ। ਉਥੇ ਨਿੱਜੀ ਕੰਪਨੀ ਬਿਜਲੀ ਰੇਟਾਂ ਚ ਵਾਧਾ ਕਰਕੇ ਆਮ ਲੋਕਾਂ ਦੀ ਲੁੱਟ ਤਿੱਖੀ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਨਾਲ ਕਾਰੋਬਾਰ, ਪੈਦਾਵਾਰ ਤੇ ਮਾੜਾ ਅਸਰ ਪਵੇਗਾ। ਮੋਦੀ ਹਕੂਮਤ ਦੇ ਨਿੱਜੀਕਰਨ ਅਤੇ ਠੇਕੇਦਾਰੀਕਰਨ ਦੇ ਇਸ ਦੇਸ਼ ਤੇ ਲੋਕ ਵਿਰੋਧੀ ਅਮਲ ਨਾਲ ਕਾਰਪੋਰੇਟ ਮਾਲਾਮਾਲ ਹੋਣਗੇ ਅਤੇ ਮੁਲਾਜਮਾਂ ਅਤੇ ਲੋਕਾਂ ਦਾ ਕਚੂਮਰ ਨਿਕਲੇਗਾ। ਉਨਾਂ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਇਸ ਹੱਕੀ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ।