Saturday, 22 January 2022

ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਸਿਰਜਣ ਲਈ ਸਭਨਾਂ ਨੂੰ ਟੀਕਾਕਰਣ ਮੁਹਿੰਮ ਚ ਸਹਿਯੋਗ ਦੇਣ ਦੀ ਅਪੀਲ

 

ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਸਿਰਜਣ ਲਈ ਸਭਨਾਂ ਨੂੰ ਟੀਕਾਕਰਣ ਮੁਹਿੰਮ ਚ ਸਹਿਯੋਗ ਦੇਣ ਦੀ ਅਪੀਲ


ਨਵਾਂਸ਼ਹਿਰ, 22 ਜਨਵਰੀ


ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਵਿਡ ਸੁਰੱਖਿਅਤ ਚੋਣ ਮਾਹੌਲ ਸਿਰਜਣ ਲਈ ਚੋਣ ਸਟਾਫ਼, ਆਮ ਲੋਕਾਂ ਅਤੇ ਰਾਜਨੀਤਿਕ ਸਮਰਥਕਾਂ ਨੂੰ ਕੋਵਿਡ ਤੋਂ ਬਚਾਅ ਲਈ ਆਪਣਾ ਟੀਕਾਕਰਣ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।    ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਕੋਵਿਡ ਦੇ ਇਸ ਅਸੁਰੱਖਿਅਤ ਵਿਵਹਾਰ ਨੂੰ ਦੇਖਦੇ ਹੋਏ ਜਿੱਥੇ ਵੋਟਰਾਂ ਲਈ ਮਤਦਾਨ ਦੌਰਾਨ ਠੋਸ ਪ੍ਰਬੰਧ ਕੀਤੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਮੁੱਚੇ ਚੋਣ ਸਟਾਫ਼ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਸੁਰੱਖਿਆ ਲਈ ਜ਼ਿਲ੍ਹੇ ਵਿੱਚ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ।

      ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਟੀਕਾਕਰਣ ਦੇ ਟੀਚੇ ਨੂੰ ਵਧਾਉਣ ਦੇ ਨਾਲ ਨਾਲ ਸੈਂਪਲਿੰਗ ਨੂੰ ਵੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ 15 ਤੋਂ 18 ਸਾਲ ਵਰਗ ਅਤੇ 18 ਸਾਲ ਤੋਂ ਉੱਪਰ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਟੀਕਾਕਰਣ ਦੀ ਦੀ ਸੁਰੱਖਿਆ ਛੱਤਰੀ ਦੇ ਘੇਰੇ ਚ ਲਿਆ ਜਾਵੇ।

      ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੀ ਇਸ ਸਬੰਧੀ ਟੀਕਾਕਰਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਪ੍ਰਮੁੱਖ ਸਕੱਤਰ (ਸਿਹਤ) ਪੰਜਾਬ ਵੱਲੋਂ ਵੀ ਇਸ ਸਬੰਧੀ ਕਲ੍ਹ ਅਤੇ ਅੱਜ ਵੀਡਿਓ ਕਾਨਫਰੰਸਿੰਗ ਕਰਕੇ ਕੋਵਿਡ ਟੀਕਾਕਰਣ ਸਬੰਧੀ ਰੋਜ਼ਾਨਾ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। 


ਫ਼ੋਟੋ ਕੈਪਸ਼ਨ: 

ਕੋਵਿਡ ਟੀਕਾਕਰਣ ਦੀ ਪ੍ਰਗਤੀ ਲਈ ਵੀਡਿਓ ਕਾਨਫਰੰਸਿੰਗ ਵਿਚ ਸ਼ਾਮਿਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਸਿਹਤ ਅਧਿਕਾਰੀ।


----------------------------------------------


ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸੋਸ਼ਲ ਮੀਡੀਆ ਦੀ ਵਰਤੋਂ ਧਿਆਨ ਨਾਲ ਕਰਨ


ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਖ਼ਿਲਾਫ਼ ਨਿੱਜੀ ਬਿਆਨਬਾਜ਼ੀ ਤੋਂ ਗ਼ੁਰੇਜ਼ ਕੀਤਾ ਜਾਵੇ


ਨਵਾਂਸ਼ਹਿਰ, 22 ਜਨਵਰੀ:


ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅਗਲੇ ਦਿਨਾਂ ਵਿੱਚ ਨਾਮਜ਼ਦਗੀ ਅਮਲ ਸ਼ੁਰੂ ਹੋਣ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਸਮੂਹ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬੜੇ ਹੀ ਧਿਆਨ ਨਾਲ ਕਰਨ।

     ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਚੋਣ ਮੁਹਿੰਮ ਚ ਸੋਸ਼ਲ ਮੀਡੀਆ ਦੀ ਵਰਤੋਂ ਵਧ ਜਾਣ ਕਾਰਨ ਰਾਜਨੀਤਿਕ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਵੱਲੋਂ ਪ੍ਰਚਾਰ ਦੇ ਹੋਰ ਮਾਧਿਅਮਾਂ ਦੇ ਨਾਲ ਨਾਲ ਇਸ ਮਾਧਿਅਮ ਨੂੰ ਵੀ ਪੂਰੀ ਤਰਾਂ ਵਰਤੋਂ ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਪਾਰਟੀਆਂ, ਸੰਭਾਵੀ ਉਮੀਦਵਾਰ ਅਤੇ ਉਨ੍ਹਾਂ ਦੇ ਸਮਰੱਥਕ ਇਸ ਗੱਲ ਨੂੰ ਯਕੀਨੀ ਬਣਾ ਕੇ ਰੱਖਣ ਕਿ ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਖਿਲਾਫ਼ ਨਿੱਜੀ ਬਿਆਨਬਾਜ਼ੀ ਤੋਂ ਗ਼ੁਰੇਜ਼ ਕੀਤਾ ਜਾਵੇ।

    ਉਨ੍ਹਾਂ ਕਿਹਾ ਕਿ ਸਿਹਤਮੰਦ ਲੋਕਤੰਤਰ ਵਿੱਚ ਨਿੱਜੀ ਜਾਂ ਵਰਗ ਵਿਸ਼ੇਸ਼ ਦੀ ਆਲੋਚਨਾ ਜਾਂ ਨਫ਼ਰਤੀ ਭਾਸ਼ਨਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। 

     ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ ਨਾਲ ਸੋਸ਼ਲ ਮੀਡੀਆ ਦੀ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਲਈ ਬਾਕਾਇਦਾ ਮੀਡੀਆ ਮੋਨੀਟਰਿੰਗ ਤੇ ਸਰਟੀਫਿਕੇਸ਼ਨ ਸੈੱਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਗਰਮ ਕਿਸੇ ਵੀ ਸਿਆਸੀ ਪਾਰਟੀ ਜਾਂ ਰਾਜਨੀਤਕ ਵਿਅਕਤੀ ਵੱਲੋਂ ਕੀਤੀ ਜਾਂਦੀ ਬਿਆਨਬਾਜ਼ੀ ਦੀ ਪੂਰੀ ਗੰਭੀਰਤਾ ਨਾਲ ਪੁਣ - ਛਾਣ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਵੀ ਰਾਜਨੀਤਕ ਪਾਰਟੀ ਜਾਂ ਸਿਆਸੀ ਵਿਅਕਤੀ ਇਸ ਵਿਚ ਸ਼ਾਮਿਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

    ਉਨ੍ਹਾਂ ਨੇ ਸੰਭਾਵੀ ਉਮੀਦਵਾਰਾਂ/ਸਮਰੱਥਕਾਂ/ਰਾਜਸੀ ਪਾਰਟੀਆਂ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਖਾਤਿਆਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਚਲਾਏ ਜਾਣ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਅਸੀਂ ਸਵੈ - ਅਨੁਸ਼ਾਸਨ ਰੱਖ ਕੇ ਚੱਲਾਂਗੇ ਤਾਂ ਹੀ ਸਿਹਤਮੰਦ ਲੋਕਤੰਤਰੀ ਮਾਹੌਲ ਸਿਰਜ ਕੇ ਭਾਈਚਾਰਕ ਏਕਤਾ ਨੂੰ ਕਾਇਮ ਰੱਖ ਸਕਾਂਗੇ।

RECENT UPDATES

Today's Highlight