ਨਵਜੋਤ ਵੱਲੋਂ ਰਾਸ਼ਟਰਪਤੀ ਅਵਾਰਡ ਦੀ ਪ੍ਰਾਪਤੀ ਸਾਡੇ ਲਈ ਵੱਡਾ ਮਾਣ-ਜਿਲ੍ਹਾ ਸਿੱਖਿਆ ਅਧਿਕਾਰੀ

 ਨਵਜੋਤ ਵੱਲੋਂ ਰਾਸ਼ਟਰਪਤੀ ਅਵਾਰਡ ਦੀ ਪ੍ਰਾਪਤੀ ਸਾਡੇ ਲਈ ਵੱਡਾ ਮਾਣ-ਜਿਲ੍ਹਾ ਸਿੱਖਿਆ ਅਧਿਕਾਰੀ


● ਸਿੱਖਿਆ ਅਧਿਕਾਰੀ ਨੇ ਘਰ ਪਹੁੰਚ ਕੇ ਕੀਤਾ ਸਨਮਾਨ।


ਬਰਨਾਲਾ,29 ਸਤੰਬਰ(  )-ਜਿਲ੍ਹੇ ਦੇ ਪਿੰੰਡ ਭੈਣੀ ਜੱਸਾ ਦੀ ਧੀ ਨਵਜੋਤ ਕੌਰ ਵੱਲੋਂ ਬਤੌਰ ਐਨ.ਐਸ.ਐਸ ਵਾਲੰਟੀਅਰ ਕੀਤੀਆਂ ਬਿਹਤਰੀਨ ਗਤੀਵਿਧੀਆਂ ਲਈ  ਦੇਸ਼ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ) ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸਾਬਾਸ਼ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਘਰ ਪਹੁੰਚੇ।ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਨਵਜੋਤ ਕੌਰ ਦੀ ਪ੍ਰਾਪਤੀ ਸਾਡੇ ਲਈ ਵੱਡਾ ਮਾਣ ਹੈ ਅਤੇ ਇਸ ਪ੍ਰਾਪਤੀ ਨਾਲ ਨਵਜੋਤ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਗੱਲੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਨਵਜੋਤ ਦਸਵੀਂ ਜਮਾਤ ਤੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਰਹੀ ਹੈ।ਸਿੱਖਿਆ ਅਧਿਕਾਰੀ ਵੱਲੋਂ ਨਵਜੋਤ ਕੌਰ ਨੂੰ ਫੁਲਕਾਰੀ,ਲੋਈ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

            ਨਵਜੋਤ ਕੌਰ ਦੇ ਪਿਤਾ ਗੁਰਸੰਗਤ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਆਪਣੀ ਬੇਟੀ ਦੀ ਪ੍ਰਾਪਤੀ 'ਤੇ ਖੁਸ਼ ਹੁੰਦਿਆਂ ਦੱਸਿਆ ਕਿ ਸਕੂਲ ਸਮੇਂ ਤੋਂ ਹੀ ਹਰ ਖੇਤਰ 'ਚ ਮੋਹਰੀ ਰਹੀ ਉਹਨਾਂ ਦੀ ਧੀ ਨੇ ਅੱਜ ਨਾ ਕੇਵਲ ਸਾਡਾ ਸਗੋਂ ਪੂਰੇ ਜਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।ਮਿਲੇ ਅਵਾਰਡ ਬਾਰੇ ਨਵਜੋਤ ਕੌਰ ਨੇ ਦੱਸਿਆ ਕਿ ਸੂਬੇ ਭਰ ਵਿੱਚ ਉਹ ਇਕਲੌਤੀ ਇਹ ਅਵਾਰਡ ਹਾਸਿਲ ਕਰਨ ਵਿੱਚ ਕਾਮਯਾਬ ਹੋਈ ਹੈ।ਨਵਜੋਤ ਨੇ ਦੱਸਿਆ ਕਿ 2015 ਤੋਂ ਬਤੌਰ ਐਨ.ਐਸ.ਐਸ ਵਾਲੰਟੀਅਰ ਕੰਮ ਕਰਦਿਆਂ ਰੁੱਖ ਲਗਾਉਣ, ਵਾਤਾਵਰਨ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਨ,ਖੂਨਦਾਨ,ਸਕੂਲੋਂ ਵਿਰਵੇ ਨੂੰ ਬੱਚਿਆਂ ਨੂੰ ਪੜਾਉਣ ਅਤੇ ਉਹਨਾਂ ਦੇ ਸਕੂਲਾਂ ਵਿੱਚ ਦਾਖਲੇ ਕਰਵਾਉਣ, ਗਰੀਬ ਲੋਕਾਂ ਨੂੰ ਕੱਪੜੇ ਅਤੇ ਖਾਣਾ ਮੁਹੱਈਆ ਕਰਵਾਉਣ, ਸਿਹਤ ਜਾਗਰੂਕਤਾ, ਲੜਕੀਆਂ ਦੀ ਸਿੱਖਿਆ, ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕਤਾ ਅਤੇ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਜਾਗੂਰਕਤਾ ਪੈਦਾ ਕਰਨ ਦੇ ਖੇਤਰ ਵਿੱਚ ਕੀਤੇ ਕਾਰਜਾਂ ਬਦੌਲਤ ਉਹ ਇਹ ਅਵਾਰਡ ਹਾਸਿਲ ਕਰਨ ਵਿੱਚ ਕਾਮਯਾਬ ਹੋਈ ਹੈ।ਨਵਜੋਤ ਨੇ ਦੱਸਿਆ ਕਿ ਅੱਜਕਲ੍ਹ ਉਹ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਜਿਲ੍ਹਾ ਬਠਿੰਡਾ ਵਿਖੇ ਪੀ.ਜੀ.ਡੀ.ਸੀ.ਏ ਦੀ ਵਿਦਿਆਰਥਣ ਹੈ ਅਤੇ ਉਸ ਵੱਲੋਂ ਬਤੌਰ ਐਨ.ਐਸ.ਐਸ ਵਾਲੰਟੀਅਰ ਸਮਾਜ ਸੇਵਾ ਦੀਆਂ ਗਤੀਵਿਧੀਆਂ ਜਾਰੀ ਰੱਖੀਆਂ ਹੋਈਆਂ ਹਨ।

            ਇਸ ਮੌਕੇ ਮੌਜ਼ੂਦ ਪਿੰਡ ਦੇ ਸਰਪੰਚ ਗੁਰਮਖ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੌਰਵਮਈ ਪ੍ਰਾਪਤੀ ਨਾਲ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀ ਇਸ ਧੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਧੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਉਸਾਰੂ ਸੇਧ ਮਿਲ ਸਕੇ।ਇਸ ਮੌਕੇ ਨਵਜੋਤ ਦੇ ਸਕੂਲ ਅਧਿਆਪਕ ਅਤੇ ਜਿਲ੍ਹਾ ਮੈਂਟਰ ਖੇਡਾਂ ਸਿਮਰਦੀਪ ਸਿੰਘ, ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਅਤੇ ਸਰਬਜੀਤ ਸਿੰਘ ਜੋਗਾ ਵੀ ਹਾਜਰ ਸਨ।




ਫੋਟੋ ਕੈਪਸ਼ਨ: ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਨਵਜੋਤ ਨੂੰ ਸਨਮਾਨਿਤ ਕਰਦੇ ਹੋਏ।


                         

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends