ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਜ਼ਿਲ੍ਹਾ ਮੁੜ ਹੋਇਆ ਕੋਰੋਨਾਮੁਕਤ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ
- ਕੋਰੋਨਾਮੁਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਤਿਓਹਾਰਾਂ ਦੇ ਸੀਜਨ ਵਿੱਚ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ
ਨਵਾਂਸ਼ਹਿਰ, 29 ਸਤੰਬਰ 2021: - ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਨਗਰ ਨੇ ਇਕ ਵਾਰ ਫਿਰ ਫਤਹਿ ਹਾਸਿਲ ਕਰ ਲਈ ਹੈ। ਜ਼ਿਲ੍ਹੇ ਵਿੱਚ ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਇਕ ਵਾਰ ਫਿਰ ਕੋਰੋਨਾਮੁਕਤ ਹੋ ਗਿਆ ਹੈ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ-19 ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਬੂਰ ਪਿਆ ਹੈ, ਜਦੋਂ ਜ਼ਿਲ੍ਹੇ ਦੇ ਆਖਰੀ ਕੋਵਿਡ ਪਾਜੇਟਿਵ ਮਰੀਜ਼ ਨੇ ਹੋਮ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ 'ਤੇ ਸਿਹਤਯਾਬ ਹੋਣ ਉਪਰੰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੇਲ-ਮਿਲਾਪ ਕੀਤਾ। ਇਹ ਜ਼ਿਲ੍ਹੇ ਲਈ ਵੱਡੀ ਰਾਹਤ ਦੀ ਖ਼ਬਰ ਹੈ।
ਇਸ ਪ੍ਰਾਪਤੀ ਉੱਤੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ, “ਸਿਹਤ ਵਿਭਾਗ ਨੂੰ ਮਾਣ ਹੈ ਕਿ ਅਸੀਂ ਜ਼ਿਲ੍ਹੇ ਵਿਚੋਂ ਕੋਰੋਨਾ ਵਾਇਰਸ ਦੇ ਲਾਗ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹੇ ਨੂੰ "ਕੋਰੋਨਾ ਮੁਕਤ ਰੁਤਬਾ" ਦਿਵਾਉਣ ਲਈ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਸਮੇਤ ਸਮੂਹ ਸਿਹਤ ਸੰਭਾਲ ਕਾਮਿਆਂ ਦੀ ਭਰਵੀਂ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਕੰਮ ਸੰਭਵ ਹੋਇਆ ਹੈ। ਸਿਵਲ ਸਰਜਨ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਗਏ "ਮਿਸ਼ਨ ਫਤਿਹ" ਵਿਚ ਆਪਣਾ ਭਰਪੂਰ ਯੋਗਦਾਨ ਦਿੱਤਾ।
ਸਿਵਲ ਸਰਜਨ ਨੇ ਕੋਰੋਨਾ ਮਹਾਂਮਾਰੀ ਉੱਤੇ ਜਿੱਤ ਹਾਸਲ ਕਰਨ ਲਈ ਉਲੀਕਿਆ ਯੋਜਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੋਵਿਡ-19 ਪਾਜੇਟਿਵ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਉਸ ਨੂੰ ਤੁਰੰਤ ਹੋਮ ਆਈਸੋਲੇਟ ਕਰ ਦਿੰਦਾ ਹੈ, ਜਿਸ ਨਾਲ ਕੋਰੋਨਾ ਵਾਇਰਸ ਦੀ ਚੇਨ ਟੁੱਟਦੀ ਹੈ। ਇਸ ਤਰ੍ਹਾਂ ਸਾਨੂੰ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਫਲਤਾ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ-19 ਮਰੀਜ਼ਾਂ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਅਤੇ ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕੋਵਿਡ-19 ਦੇ ਇਲਾਜ ਲਈ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਇਸ ਤੋਂ ਇਲਾਵਾ ਅਸੀਂ ਜ਼ਿਲ੍ਹੇ ਦੀ ਬਹੁ-ਗਿਣਤੀ ਆਬਾਦੀ ਦਾ ਟੀਕਾਕਰਨ ਕਰ ਦਿੱਤਾ ਹੈ। ਅਸੀਂ ਜ਼ਿਲ੍ਹੇ ਵਿੱਚ ਆਪਣੀ 100 ਫੀਸਦੀ ਯੋਗ ਆਬਾਦੀ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾਉਣ ਦੇ ਟੀਚੇ ਦੇ ਬੇਹੱਦ ਨਜ਼ਦੀਕ ਪਹੁੰਚ ਗਏ ਹਾਂ। ਸਾਨੂੰ ਆਸ ਹੈ ਕਿ ਇਹ ਟੀਚਾ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹਾਸਲ ਕਰ ਲਿਆ ਜਾਵੇਗਾ।
ਡਾ. ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 11459 ਵਿਅਕਤੀ ਕੋਰੋਨਾ ਪਾਜਟਿਵ ਪਾਏ ਗਏ, ਜਿਨ੍ਹਾਂ ਵਿੱਚੋਂ 11071 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦੋਂਕਿ 388 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਰਿਕਵਰੀ ਦੀ ਮੌਜੂਦਾ ਦਰ ਵਧ ਕੇ 96.61 ਫੀਸਦ ਹੋ ਗਈ ਹੈ।
ਇਸ ਦੇ ਨਾਲ ਹੀ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕੋਰੋਨਾਮਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਤਿਓਹਾਰਾਂ ਦੇ ਸੀਜਨ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਅਕਤੂਬਰ-ਨਵੰਬਰ ਮਹੀਨਿਆਂ ਵਿਚ ਆਉਣ ਵਾਲੇ ਤਿਓਹਾਰਾਂ ਦੌਰਾਨ ਲੋਕਾਂ ਨੂੰ ਵੱਡੀਆਂ ਭੀੜਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਤਿਓਹਾਰਾਂ ਦੇ ਸੀਜਨ ਦੌਰਾਨ ਬਾਜ਼ਾਰਾਂ ਵਿਚ ਵੱਡੀਆਂ ਭੀੜਾਂ ਸੰਭਾਵਿਤ ਤੌਰ 'ਤੇ ਲਾਗ਼ ਦੇ ਫ਼ੈਲਾਅ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਅਤੇ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਅਗਲੇ ਦੋ ਮਹੀਨਿਆਂ ਤੱਕ ਬੇਹੱਦ ਮਹੱਤਵਪੂਰਨ ਹਨ। ਜੇਕਰ ਅਸੀਂ ਆਉਣ ਵਾਲੇ ਤਿਓਹਾਰਾਂ ਦੇ ਸੀਜਨ ਦੌਰਾਨ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਦੇ ਹਾਂ ਅਤੇ ਵੱਧ ਤੋਂ ਵੱਧ ਟੀਕਾਕਰਨ ਕਰਵਾਉਂਦੇ ਹਾਂ ਤਾਂ ਸਾਨੂੰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਰੋਕਣ ਅਤੇ ਕੋਰੋਨਾਮਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਵਿੱਚ ਵੱਡੀ ਕਾਮਯਾਬੀ ਮਿਲੇਗੀ।