ਮਲੇਰਕੋਟਲਾ ਵਿੱਚ ਬਸੇਰਾ ਸਕੀਮ ਤਹਿਤ 07 ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ (ਸਲੱਮ ਏਰੀਏ) ਦੀ ਪਛਾਣ ।
ਬਸੇਰਾ ਸਕੀਮ ਕੂਟੀ ਰੋਡ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ ਦੇ
ਲੋਕਾਂ ਨੂੰ ਜਲਦ ਦਿੱਤੇ ਜਾਣਗੇ ਮਾਲਕਾਨਾ ਹੱਕ ਸਰਟੀਫਿਕੇਟ : ਡਿਪਟੀ ਕਮਿਸ਼ਨਰ
ਲੋਕਾਂ ਨੂੰ ਮਾਲਕਾਨਾ ਹੱਕ ਮਿਲਣ ਨਾਲ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ ਦੇ ਲੋਕ
ਵੀ ਬੜੇ ਮਾਣ ਅਤੇ ਆਤਮ ਵਿਸ਼ਵਾਸ ਨਾਲ ਭਰੀ ਜ਼ਿੰਦਗੀ ਜੀਅ ਸਕਣਗੇ:ਅੰਮ੍ਰਿਤ ਕੌਰ ਗਿੱਲ
ਮਲੇਰਕੋਟਲਾ 28 ਸਤੰਬਰ :
ਪੰਜਾਬ ਸਰਕਾਰ ਵੱਲੋਂ 'ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ' 'ਬਸੇਰਾ ਸਕੀਮ ' ਤਹਿਤ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੀ ਸਕੀਮ ਉਲੀਕੀ ਗਈ ,ਬਸੇਰਾ ਸਕੀਮ ਦੀ ਸਾਰਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈਂਦੇ ਸਲੱਮ ਏਰੀਆ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਗ਼ਰੀਬ ਪਰਿਵਾਰਾਂ ਨੂੰ ਮਾਲਕਾਨਾ ਹੱਕ ਸਰਟੀਫਿਕੇਟ ਦੇਣ ਲਈ ਸਰਵੇ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਲੇਰਕੋਟਲਾ ਵਿੱਚ ਬਸੇਰਾ ਸਕੀਮ ਤਹਿਤ 07 ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ (ਸਲੱਮ ਏਰੀਏ ) ਦੀ ਪਛਾਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬਸਤੀਆਂ ਵਿੱਚੋਂ ਕੂਟੀ ਰੋਡ ਸਥਿਤ ਝੁੱਗੀ ਅਤੇ ਝੌਂਪੜੀ ਬਸਤੀ (ਸਲੱਮ ਏਰੀਏ ) ਦਾ ਸਰਵੇ ਮੁਕੰਮਲ ਹੋ ਚੁੱਕਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਇਹ ਸਲੱਮ ਏਰੀਆ ਨਗਰ ਕੌਂਸਲ ਮਲੇਰਕੋਟਲਾ ਦੀ ਮਲਕੀਅਤ ਵਾਲੀ ਜਗ੍ਹਾ' ਤੇ ਹੈ। ਸਰਵੇ ਅਨੁਸਾਰ 45 ਵਰਗ ਮੀਟਰ ਦੇ ਕੁਲ 43 ਲਾਭਪਾਤਰੀਆਂ ਅਤੇ 45 ਤੋਂ 75 ਵਰਗ ਮੀਟਰ ਤੱਕ ਦੇ 13 ਲਾਭਪਾਤਰੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਜਲਦੀ ਹੀ ਮਾਲਕਾਨਾ ਹੱਕਾਂ ਦੇ ਸਰਟੀਫਿਕੇਟ ਦਿੱਤੇ ਜਾਣਗੇ ।ਉਨ੍ਹਾਂ ਕਿਹਾ ਕਿ ਮਾਲਕਾਨਾ ਹੱਕ ਸਰਟੀਫਿਕੇਟ ਮਿਲਣ ਨਾਲ ਇਨ੍ਹਾਂ ਬਸਤੀਆਂ ਦੇ ਲੋਕ ਵੀ ਬੜੇ ਮਾਣ ਅਤੇ ਆਤਮ ਵਿਸ਼ਵਾਸ ਭਰੀ ਜ਼ਿੰਦਗੀ ਜੀਅ ਸਕਣਗੇ, ਕਿਉਂ ਜੋ ਪਹਿਲਾਂ ਹਮੇਸ਼ਾ ਉਨ੍ਹਾਂ ਨੂੰ ਉਜਾੜੇ ਦਾ ਡਰ ਬਣਿਆ ਰਹਿੰਦਾ ਸੀ।
ਡਿਪਟੀ ਕਮਿਸ਼ਨਰ ਨੇ ਗ਼ਰੀਬ ਬਸਤੀਆਂ ਦੇ ਬਾਸ਼ਿੰਦਿਆਂ ਨੂੰ ਮਾਲਕੀ ਹੱਕ ਸਰਟੀਫਿਕੇਟ ਦੇਣ ਵਾਲੀ ਇਸ ਸਕੀਮ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੀ ਕਾਰਵਾਈ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ।ਉਨ੍ਹਾਂ ਹੋਰ ਕਿਹਾ ਕਿ ਗ਼ਰੀਬ ਲੋਕਾਂ ਨੂੰ ਮਾਲਕੀ ਹੱਕ ਸਰਟੀਫਿਕੇਟ ਦੇਣ ਵਾਲੀ ਇਸ ਸਕੀਮ'ਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀ ਟੀ.ਬੇਨਿਥ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਮਲੇਰਕੋਟਲਾ ਸ੍ਰੀ ਸੁਖਦੇਵ ਸਿੰਘ, ਕਾਰਜਸਾਧਕ ਅਫ਼ਸਰ (ਸ਼ਹਿਰੀ ਵਿਕਾਸ) ਸ੍ਰੀ ਗੁਰਚਰਨ ਸਿੰਘ, ਟਾਊਨ ਪਲੈਨਰ ਸ੍ਰੀ ਸਿਮਰਨਪ੍ਰੀਤ ਸਿੰਘ ਤੋਂ ਇਲਾਵਾ ਸਾਰਕ ਕਮੇਟੀ ਦੇ ਮੈਂਬਰ ਅਤੇ। ਹੋਰ ਅਧਿਕਾਰੀ ਵੀ ਮੌਜੂਦ ਸਨ ।