ਕਰੋਨਾ ਮਰੀਜਾਂ ਨੂੰ ਬਲੈਕ ਫੰਗਸ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ - ਜ਼ਿਲ੍ਹਾ ਟੀਕਾਕਰਨ ਅਫ਼ਸਰ
- ਕਿਹਾ ! ਕਰੋਨਾ ਦੇ ਨਾਲ-ਨਾਲ ਬਲੈਕ ਫੰਗਸ ਇਨਫੈਕਸ਼ਨ ਤੋਂ ਬਚਾਅ ਅਤੇ ਸੁਚੇਤ ਰਹਿਣ ਦੀ ਸਖਤ ਲੋੜ
- ਬਲੈਕ ਫੰਗਸ ਹੋਣ ਦੇ ਲੱਛਣ, ਜਾਂਚ ਦੇ ਢੰਗਾਂ ਬਾਰੇ ਦਿੱਤੀ ਜਾਣਕਾਰੀ
ਮੋਗਾ, 24 ਮਈ ()
ਅੱਜ ਕੱਲ ਬਲੈਕ ਫੰਗਸ (ਮਿਊਕਰਮਾਈਕੋਸਿਸ) ਨਾਮ ਦੀ ਇਨਫੈਕਸਨ ਵਧ ਰਹੀ ਹੈ ਜਿਸ ਤੋਂ ਬਚਾਅ ਕਰਨ ਅਤੇ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਦੇ ਸੰਕਰਮਣ ਦੀ ਲਪੇਟ ਵਿੱਚ ਆਏ ਮਰੀਜਾਂ ਨੂੰ ਇਹ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ ਜੋ ਕਿ ਘਾਤਕ ਸਿੱਧ ਹੋ ਸਕਦੀ ਹੈ। ਅਜਿਹੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੀਏ ਅਤੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੀਏ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ
ਅੱਜ ਵਿਸ਼ੇਸ਼ ਗੱਲਬਾਤ ਕਰਦਿਆਂ ਮੋਗਾ ਦੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਬੇਕਾਬੂ ਸ਼ੂਗਰ ਦੇ ਰੋਗੀ, ਘੱਟ ਇਮੀਊਨਿਟੀ ਵਾਲੇ ਵਿਅਕਤੀ (ਐਚ.ਆਈ.ਵੀ, ਕੈਂਸਰ ਆਦਿ ਤੋਂ ਪੀੜਤ), ਸਟੀਰਾਇਡਜ/ ਇਮਿਊਨੋਮੇਡੁਲੇਟਰਾਂ ਨਾਲ ਕੋਵਿਡ-19 ਤੋਂ ਠੀਕ ਹੋਏ ਵਿਅਕਤੀ, ਲੰਮਾ ਸਮਾਂ ਆਕਸੀਜਨ ‘ਤੇ ਰਹਿਣ ਵਾਲੇ ਮਰੀਜਾਂ ਨੂੰ ਇਸ ਇਨਫੈਕਸ਼ਨ ਦਾ ਜਿਆਦਾ ਖਤਰਾ ਹੈ।
ਉਹਨਾਂ ਅਪੀਲ ਕੀਤੀ ਕਿ ਇਹ ਉਪਰੋਕਤ ਵਿਅਕਤੀ ਆਪਣਾ ਖਾਸ ਖਿਆਲ ਰੱਖਣ ਨੂੰ ਤਰਜੀਹ ਦੇਣ। ਚਿਹਰਾ ਦਰਦ ਜਾਂ ਸੋਜਸ, ਨੱਕ ਬੰਦ ਹੋਣਾ ਜਾਂ ਭੂਰਾ ਤਰਲ ਵਹਿਣਾ, ਦੰਦ ਦਰਦ, ਦੰਦਾਂ ਦਾ ਢਿੱਲਾ ਪੈਣਾ, ਅੱਖਾਂ ਵਿੱਚ ਲਾਲੀ, ਦਰਦ ਜਾਂ ਸੋਜਸ਼, ਬੁਖਾਰ, ਸਾਹ ਲੈਣ ‘ਚ ਤਕਲੀਫ, ਸਿਰ ਦਰਦ, ਭੁਲੇਖੇ ਪੈਣਾ, ਧੁੰਦਲਾ ਜਾਂ ਦੋ-ਦੋ ਨਜਰ ਆਉਣਾ ਇਸ ਇਨਫੈਕਸ਼ਨ ਦੇ ਲੱਛਣ ਹਨ।
ਉਨਾਂ ਕਿਹਾ ਕਿ ਇਸ ਇਨਫੈਕਸ਼ਨ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਂਚਿਆ ਜਾ ਸਕਦਾ ਹੈ, ਜਿਸ ਵਿੱਚ ਕਿ ਸੀ.ਬੀ.ਸੀ. , ਐਫ.ਬੀ.ਐਸ, ਪੀ.ਪੀ.ਬੀ.ਐਸ, ਐਚ.ਬੀ.ਏ.1 ,ਨੱਕ ਦੀ ਐਂਡੋਸਕੋਪੀ, ਰੰਨਲ ਫੰਕਸਨ ਟੈਸਟ, ਸੀ.ਟੀ-ਪੀ.ਐਨ.ਐਸ., ਐਮ.ਆਰ.ਆਈ. ਔਰਬਿਟ, ਪੀ.ਐਨ.ਐਸ., ਬ੍ਰੇਨ ਵਿਦ ਕੰਟ੍ਰਾਸਟ, ਮਿਊਕਰਮਾਈਕੋਸਿਸ ਜਾਂਚਣ ਲਈ ਟੈਸਟ ਸ਼ਾਮਿਲ ਹਨ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਇਹ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਹਾਇਪਰਗਲਾਈਸੰਮੀਆ ਕੰਟਰੋਲ ਕਰਕੇ, ਐਂਟੀਫੰਗਲ ਇਲਾਜ ਨਾਲ, ਸਰਜੀਕਲ ਡੀਬ੍ਰਾਈਡਮੈਂਟ ਰੇਡੀਉਲੌਜੀਕਲ ਮੌਨੀਟਰਿੰਗ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਉਹਨਾਂ ਨੇ ਦੱਸਿਆ ਕਿ ਬਲੈਕ ਫੰਗਸ ਦਾ ਕੋਈ ਵੀ ਲੱਛਣ ਦਿੱਸਣ ‘ਤੇ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਵਿਖੇ ਨੱਕ, ਕੰਨ, ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਿਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਸ ਇਨਫੈਕਸ਼ਨ ਦਾ ਇਲਾਜ ਹੋ ਸਕੇ।
ਉਨਾਂ ਅੱਗੇ ਦੱਸਿਆ ਕਿ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ 104 ਵੀ ਡਾਇਲ ਕੀਤਾ ਜਾ ਸਕਦਾ ਹੈ ਅਤੇ ਹੋਰ ਵਧੇਰੇ ਜਾਣਕਾਰੀ ਲਈ ਕੋਵਾ ਪੰਜਾਬ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ।