ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1.51 ਲੱਖ ਵਿਦਿਆਰਥੀਆਂ ਦਾ ਵਾਧਾ

 ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1.51 ਲੱਖ ਵਿਦਿਆਰਥੀਆਂ ਦਾ ਵਾਧਾ

ਸਕੂਲਾਂ ਦੀ ਬਦਲੀ ਨੁਹਾਰ ਨੇ ਦਿਖਾਇਆ ਰੰਗ

ਐਸ.ਏ.ਐਸ. ਨਗਰ 2 ਮਈ (ਅੰਜੂ ਸੂਦ): ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਨਵੇਂ ਸ਼ੈਸ਼ਨ ‘ਚ 1.51 ਲੱਖ ਵਿਦਿਆਰਥੀਆਂ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਹਫਤਾਵਾਰੀ ਮੀਟਿੰਗ ‘ਚ ਨਵੇਂ ਦਾਖਲਿਆਂ ਸਬੰਧੀ ਵਿਸਥਾਰ ‘ਚ ਵਿਚਾਰ ਚਰਚਾ ਕੀਤੀ ਗਈ। ਤਾਜ਼ਾ ਅੰਕੜਿਆਂ ਅਨੁਸਾਰ ਨਵੇਂ ਸ਼ੈਸ਼ਨ ਦੇ ਪਹਿਲੇ ਮਹੀਨੇ (ਅਪ੍ਰੈਲ 2021) ਤੱਕ ਸਰਕਾਰੀ ਸਕੂਲਾਂ ‘ਚ 2827920 ਵਿਦਿਆਰਥੀ ਦਾਖਲ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ 2676900 ਸੀ। ਇਸ ਤਰ੍ਹਾਂ ਐਲ.ਕੇ.ਜੀ. ਤੋਂ ਲੈ ਕੇ 12ਵੀਂ ਜਮਾਤ ਤੱਕ ਪਿਛਲੇ ਸ਼ੈਸ਼ਨ ਨਾਲੋਂ 151020 ਵਿਦਿਆਰਥੀ ਵੱਧ ਦਾਖਲ ਹੋ ਚੁੱਕੇ ਹਨ। ਵਿਭਾਗ ਦੇ ਸਰਕਾਰੀ ਸੈਕੰਡਰੀ ਸਕੂਲਾਂ ‘ਚ ਪਿਛਲੇ ਵਰੇ੍ਹ 1400379 ਵਿਦਿਆਰਥੀ ਦਾਖਲ ਸਨ ਤੇ ਇਸ ਵਾਰ 1486701 ਬੱਚੇ ਦਾਖਲ ਹੋ ਚੁੱਕੇ ਹਨ। ਇਸ ਤਰ੍ਹਾਂ ਸੈਕੰਡਰੀ ਵਿੰਗ ‘ਚ ਵਿਦਿਆਰਥੀਆਂ ਦਾ ਵਾਧਾ 6.16 ਫੀਸਦੀ ਹੋ ਚੁੱਕਿਆ ਹੈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪਿਛਲੇ ਸ਼ੈਸ਼ਨ ‘ਚ 948785 ਬੱਚੇ ਪੜ੍ਹਦੇ ਸਨ ਤੇ ਇਸ ਵਾਰ 1004400 ਵਿਦਿਆਰਥੀ ਦਾਖਲ ਹੋ ਚੁੱਕੇ ਹਨ। ਇਸ ਤਰ੍ਹਾਂ ਪ੍ਰਾਇਮਰੀ ਵਿੰਗ ‘ਚ 5.86 ਫੀਸਦੀ ਵਾਧਾ ਦਰਜ਼ ਕੀਤਾ ਗਿਆ ਹੈ। ਪ੍ਰੀ-ਪ੍ਰਾਇਮਰੀ ਜਮਾਤਾਂ ‘ਚ ਪਿਛਲੇ ਸ਼ੈਸ਼ਨ ‘ਚ 327736 ਬੱਚੇ ਸਨ ਤੇ ਇਸ ਵਾਰ 2.77 ਫੀਸਦੀ ਵਾਧੇ ਨਾਲ 336819 ਬੱਚੇ ਦਾਖਲ ਹੋ ਚੁੱਕੇ ਹਨ। ਸਮੁੱਚੇ ਰੂਪ ‘ਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਲੁਧਿਆਣਾ ਜਿਲ੍ਹਾ 8.83 ਫੀਸਦੀ ਵਾਧੇ ਨਾਲ ਪਹਿਲੇ, ਐਸ.ਏ.ਐਸ. ਨਗਰ 8.11 ਫੀਸਦੀ ਵਾਧੇ ਨਾਲ ਦੂਸਰੇ ਤੇ ਸ੍ਰੀ ਫਤਹਿਗੜ੍ਹ ਸਾਹਿਬ ਜਿਲ੍ਹਾ 7.45 ਫੀਸਦੀ ਵਾਧੇ ਨਾਲ ਤੀਸਰੇ ਸਥਾਨ ‘ਤੇ ਚੱਲ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਲਗਾਤਾਰ ਦੂਸਰੇ ਸਾਲ ਹੋਏ ਵੱਡੇ ਵਾਧੇ ਬਾਰੇ ਸਟੇਟ ਇੰਨਰੋਲਮੈਂਟ ਬੂਸਟਰ ਟੀਮ ਦੇ ਕੋਆਰਡੀਨੇਟਰ ਕਮ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸਤਿੰਦਰਬੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਹਰ ਪੱਖੋਂ ਉੱਚਾ ਚੁੱਕਣ ਦੇ ਬਦੌਲਤ ਹੀ ਇਨ੍ਹਾਂ ਸਕੂਲਾਂ ‘ਚ ਵਿਦਿਆਰਥੀਆਂ ਦਾ ਵੱਡਾ ਵਾਧਾ ਹੋ ਰਿਹਾ ਹੈ। ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗੇ ਹਨ। ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਨੇ ਇਸ ਵਾਰ ਦਾਖਲਾ ਮੁਹਿੰਮ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚਲਾਈ ਹੋਈ ਹੈ। ਵਿਭਾਗ ਵੱਲੋਂ ਜਿੱਥੇ ਰਵਾਇਤੀ ਸਾਧਨਾਂ ਨੁੱਕੜ ਨਾਟਕਾਂ, ਗੀਤਾਂ, ਮੇਲਿਆਂ, ਧਾਰਮਿਕ ਸਥਾਨਾਂ ਰਾਹੀਂ ਬੇਨਤੀਆਂ ਤੇ ਘਰ-ਘਰ ਜਾ ਕੇ, ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਟੀਵੀ, ਰੇਡੀਓ, ਸੋਸ਼ਲ ਮੀਡੀਆ, ਪੋਸਟਰਾਂ, ਪੈੱਫਲਿਟਾਂ ਤੇ ਫਲੈਕਸਾਂ ਰਾਹੀਂ ਵੀ ਪ੍ਰਚਾਰ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਗਿਆ। ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਦਿਖਾਉਣ ਲਈ ‘ਸਕੂਲ ਦਰਸ਼ਨ’ ਪ੍ਰੋਗਰਾਮ ਵੀ ਚਲਾਇਆ ਹੋਇਆ ਹੈ।ਇਸ ਮੁਹਿੰਮ ਸਦਕਾ ਹੀ ਨਿੱਜੀ ਸਕੂਲਾਂ ਤੋਂ 1.31 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ‘ਚ ਦਾਖਲਾ ਲੈ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਚੱਲ ਰਿਹਾ ਹੈ।

ਤਸਵੀਰ:- ਪਟਿਆਲਾ ਜਿਲ੍ਹੇ ਦੇ ਸਰਕਾਰੀ ਮਲਟੀਪਰਪਜ਼ ਸਕੂਲ ‘ਚ ਨਿੱਜੀ ਸਕੂਲ ਛੱਡ ਕੇ ਦਾਖਲ ਹੋਣ ਆਈਆਂ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਤੋਤਾ ਸਿੰਘ ਚਹਿਲ ਤੇ ਅਧਿਆਪਕ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends