ਸਰਕਾਰ ਦੀ ਵਿਵਾਦਿਤ ਦਾਖਲਾ ਨੀਤੀ ਕਾਰਨ ਅਧਿਆਪਕਾਂ ਵਿੱਚ ਰੋਸ ਦੀ ਲਹਿਰ

 ਮਾਮਲਾ ਸੈਕੰਡਰੀ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਦਾਖਲ ਕਰਨ ਦਾ-


ਸਰਕਾਰ ਦੀ  ਵਿਵਾਦਿਤ ਦਾਖਲਾ ਨੀਤੀ ਕਾਰਨ ਅਧਿਆਪਕਾਂ ਵਿੱਚ ਰੋਸ ਦੀ ਲਹਿਰ


ਸਰਕਾਰੀ ਸਕੂਲ ਸੰਸਥਾਵਾਂ ਅਤੇ ਅਧਿਆਪਕਾਂ ਦਰਮਿਆਨ ਟਕਰਾਅ ਪੈਦਾ ਕਰਨਾ ਚਾਹੁੰਦੀ ਹੈ ਸਰਕਾਰ- ਯੂਨੀਅਨ ਆਗੂ

ਜੇ ਦਾਖਲਾ ਬੰਦ ਨਾ ਕੀਤਾ ਤਾਂ, ਸਬੰਧਤ ਪ੍ਰਿੰਸੀਪਲ ਦਫਤਰਾਂ ਦਾ ਹੋਵੇਗਾ ਘਿਰਾਓ

 


ਖੰਨਾ ਦੇ ਪਿੰਡ ਲਲਹੇੜੀ ਸਮੇਤ ਜ਼ਿਲ੍ਹੇ ਦੇ ਤਿੰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ; ਸਸਸ ਸਕੂਲ ਲਲਹੇਡ਼ੀ, ਸਸਸ ਸਕੂਲ ਬੱਦੋਵਾਲ ਅਤੇ  ਸਸਸ ਸਕੂਲ ਰੋਸ਼ੀਆਣਾ, ਵਿੱਚ ਪ੍ਰੀ ਪ੍ਰਾਇਮਰੀ ਕਲਾਸ ਦੇ ਦਾਖਲਿਆਂ ਦੀ ਸ਼ੁਰੂ ਕੀਤੀ ਪ੍ਰਕਿਰਿਆ ਨੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁੱਖੀਆਂ, ਪ੍ਰਬੰਧਕਾਂ ਅਤੇ ਅਧਿਆਪਕਾਂ ਦਰਮਿਆਨ ਟਕਰਾਅ ਦੀ ਸਥਿਤੀ ਬਣਾ ਦਿੱਤੀ ਹੈ। ਇਸ ਸਬੰਧ ਵਿੱਚ ਯੂਨੀਅਨ ਆਗੂਆਂ ਸੁਖਦੇਵ ਸਿੰਘ ਰਾਣਾ, ਸਤਵੀਰ ਸਿੰਘ ਰੌਣੀ,ਗੁਰਦੀਪ ਸਿੰਘ ਚੀਮਾਂ,ਗੁਰਪ੍ਰੀਤ ਸਿੰਘ,ਰਣਜੋਧ ਸਿੰਘ, ਬਲਰਾਮ ਸਰਮਾ, ਜਗਰੂਪ ਸਿੰਘ ਢਿੱਲੋਂ,ਹਰਦੀਪ ਸਿੰਘ ਬਾਹੋਮਾਜਰਾ ਨੇ ਪ੍ਰੈਸ ਦੇ ਨਾਂ ਆਪਣੇ ਬਿਆਨ ਰਾਹੀ ਦੱਸਿਆ ਕਿ ਉਕਤ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਵੱਲੋਂ ਸੰਭਵ ਤੌਰ ਉੱਤੇ ਉੱਚ ਸਿੱਖਿਆ ਅਧਿਕਾਰੀਆਂ ਦੇ ਦਬਾਅ ਅਧੀਨ ਜਾਂ ਉਨ੍ਹਾਂ ਦੀ ਨਜ਼ਰ ਵਿੱਚ ਉੱਚਾ ਉੱਠਣ ਖਾਤਰ, ਅਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਆਪਣੇ ਸਕੂਲ ਵਿੱਚ ਦਾਖਲ ਕੀਤਾ ਜਾ ਰਿਹਾ ਹੈ। ਇਹ ਇਕ ਸੋਚੀ ਸਮਝੀ ਸਾਜ਼ਿਸ਼ ਹੈ ਜੋ ਇਸ ਸਰਕਾਰੀ ਇੱਛਾ ਤੋਂ ਉਤਪੰਨ ਹੋਈ ਹੈ ਕਿ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਮੁਖੀ ਅਤੇ ਅਧਿਆਪਕਾਂ ਵਿਚਕਾਰ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਰਹੇ; ਉਹ ਇਕ ਦੂਜੇ ਦੀਆਂ ਸੰਸਥਾਵਾਂ ਨੂੰ ਖੋਰਾ ਲਾਉਣ ਦੇ ਸੰਦ ਬਣ ਕੇ ਵਿਚਰਨ।ਆਗੂਆਂ ਨੇ ਕਿਹਾ ਕਿ ਬਿਨਾਂ ਯੋਗ ਪ੍ਰਬੰਧਾਂ (ਬੁਨਿਆਦੀ ਢਾਂਚੇ, ਕੇਅਰ ਟੇਕਰ, ਯੋਗਤਾ ਪ੍ਰਾਪਤ ਅਧਿਆਪਕਾਂ, ਬੱਚਿਆਂ ਦੀ ਸਾਂਭ ਸੰਭਾਲ ਲਈ ਹੋਰ ਢਾਂਚਾਗਤ ਲੋੜਾਂ) ਦੇ ਇਕ ਤੁਗਲੁਕੀ ਵਿਵਸਥਾ ਲਈ ਕਾਹਲੀ ਕਰਕੇ ਇਹ ਅਰਾਜਕਤਾ ਦਾ ਮਹੌਲ ਸਿਰਜਿਆ ਜਾ ਰਿਹਾ ਹੈ। 




ਇਸ ਸਬੰਧ ਵਿੱਚ ਠੋਸ ਜਾਣਕਾਰੀ ਦਿੰਦਿਆਂ ਸਪਸ ਲਲਹੇੜੀ ਸਕੂਲ ਦੇ ਮੁੱਖ ਅਧਿਆਪਕ ਮੈਡਮ ਸੁਮਨ ਬਾਲਾ ਨੇ ਦੱਸਿਆ ਕਿ ਜਦੋਂ ਅਸੀਂ ਦਾਖਲਾ ਕਰਨ ਘਰ-ਘਰ ਗਏ ਤਾਂ ਸਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਆਪਣੇ ਸਕੂਲ ਵਿੱਚ ਦਾਖਲ ਕੀਤਾ ਜਾ ਰਿਹਾ ਹੈ।"ਜਦੋਂ ਅਸੀਂ ਸਕੂਲ ਪ੍ਰਿੰਸੀਪਲ ਨਾਲ ਸਕੂਲ ਜਾ ਕੇ ਗੱਲ ਕੀਤੀ ਤਾਂ ਉਹਨਾਂ ਕੋਈ ਤਸੱਲੀਬਖਸ਼ ਜੁਆਬ ਨਾ ਦਿੱਤਾ ਤੇ ਇਸ ਸਬੰਧ ਵਿੱਚ ਉੱਚ ਅਧਿਕਾਰੀਆਂ ਦੇ ਵਟਸਪੀ ਜ਼ੁਬਾਨੀ ਕਲਾਮੀ ਆਦੇਸ਼ਾਂ ਅਤੇ ਸਮਾਰਟ ਸਕੂਲ ਪਾਲਿਸੀ ਦੀਆਂ ਕਥਿਤ ਸ਼ਰਤਾਂ ਦੀ ਦੁਹਾਈ ਦਿੱਤੀ ਗਈ।" ਉਨ੍ਹਾਂ ਨੇ ਜਦੋਂ ਕਿਹਾ ਕਿ ਇਸ ਦਾ ਸੰਸਥਾ ਸਪਸ ਲਲਹੇਡ਼ੀ ਸਮੇਤ ਪੰਜਾਬ ਦੇ ਹੋਰ ਬਹੁਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਇਨਰੋਲਮੈਂਟ ਉੱਪਰ ਬੁਰਾ ਅਸਰ ਪੈ ਸਕਦਾ ਹੈ ਤਾਂ ਸਬੰਧਤ ਸਕੂਲ ਮੁੱਖੀ ਵੱਲੋਂ ਫਿਰ ਉੱਚ ਅਧਿਕਾਰੀਆਂ ਦੇ ਕਥਿਤ ਹੁਕਮਾਂ ਦੀ ਗੱਲ ਦੁਹਰਾਈ ਗਈ। ਅੱਜ ਸਬੰਧਤ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਸੰਪਰਕ ਕਰਨ ਲਈ ਲੁਧਿਆਣੇ ਜਿਲ੍ਹੇ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਇੱਕ ਵਫਦ ਨੇ ਸਬੰਧਤ ਸਕੂਲਾਂ ਦਾ ਦੌਰਾ ਕੀਤਾ।ਯੂਨੀਅਨ ਆਗੂ ਸੁਖਦੇਵ ਸਿੰਘ ਰਾਣਾ, ਸਤਵੀਰ ਸਿੰਘ ਰੌਣੀ,ਗੁਰਦੀਪ ਸਿੰਘ ਚੀਮਾਂ,ਗੁਰਪ੍ਰੀਤ ਸਿੰਘ,ਰਣਜੋਧ ਸਿੰਘ, ਬਲਰਾਮ ਸਰਮਾ, ਜਗਰੂਪ ਸਿੰਘ ਢਿੱਲੋਂ,ਹਰਦੀਪ ਸਿੰਘ ਬਾਹੋਮਾਜਰਾ ਆਗੂ ਨੇ ਦੱਸਿਆ ਕਿ  ਸੈਕੰਡਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਦਾਖਲ ਕਰਨ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਸਮੂਹ ਸਬੰਧਤ ਸਕੂਲ ਮੁਖੀਆਂ  ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਇਸ ਤਰ੍ਹਾਂ ਦੇ ਅਣਅਧਿਕ੍ਰਿਤ ਦਾਖਲੇ ਦੇ ਕ੍ਰਮ ਨੂੰ ਉਹ ਬੰਦ ਕਰ ਦੇਣ ਕਿਉਂ ਜੋ ਇਹ ਸਰਕਾਰ ਦੀ ਜਨਤਕ ਸਿੱਖਿਆ ਨੂੰ ਵਿਆਪਕ ਖੋਰਾ ਲਗਾਉਣ, ਇਸ ਵਿੱਚ ਅਰਾਜਕਤਾ ਫੈਲਾਉਣ ਅਤੇ ਅਧਿਆਪਕਾਂ ਸਮੇਤ ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਇਕ ਦੂਜੇ ਦੇ ਖਿਲਾਫ ਖੜ੍ਹਾ ਕਰਨ ਦੀ ਕੋਝੀ ਨੀਤੀ ਦਾ ਹਿੱਸਾ ਹੈ, ਜਿਸਦਾ ਕਿ ਸਮੂਹ ਅਧਿਆਪਕ ਜਥੇਬੰਦੀਆਂ ਵਿਰੋਧ ਕਰਦੀਆਂ ਹਨ। ਇਸ ਨਾਲ ਪਿੰਡਾਂ ਸ਼ਹਿਰਾਂ ਦੇ ਬੱਚਿਆਂ ਦੇ ਮਾਪਿਆਂ ਨਾਲ ਵੀ ਸੂਖਮ ਧੋਖਾਧੜੀ ਨੂੰ ਸਾਕਾਰ ਕੀਤਾ ਜਾਣ ਵਾਲਾ ਹੈ। ਆਗੂਆਂ ਨੇ ਕਿਹਾ ਕਿ ਜੇ ਸੀਨੀਅਰ ਸੈਕੰਡਰੀ ਸਕੂਲ ਮੁਖੀ ਇਹ ਦਾਖਲੇ ਕਰਨੋਂ ਨਾ ਹਟੇ ਤਾਂ ਅਗਲੇ ਹਫਤੇ ਸਬੰਧਤ ਸਕੂਲ ਮੁਖੀਆਂ ਦੇ ਦਫਤਰਾਂ ਦਾ ਘਿਰਾਓ ਕਰਨ ਲਈ ਅਸੀਂ ਮਜ਼ਬੂਰ ਹੋਵਾਂਗੇ। ਯੂਨੀਅਨ ਆਗੂਆਂ ਨੇ ਜਿਲ੍ਹੇ ਵਿਚਲੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਨੂੰ ਪ੍ਰਾਇਮਰੀ ਪੱਧਰ ਦੇ ਬੱਚਿਆਂ ਦਾਖਲਾ ਨਾ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਅਜਿਹੀਆਂ ਅਰਾਜਕਤਾਪੂਰਨ ਘਟਨਾਵਾਂ ਨਾਲ ਸਰਕਾਰੀ ਸਕੂਲਾਂ ਦੇ ਅਕਸ ਅਤੇ ਵਿਸ਼ਵਾਸਯੋਗਤਾ ਨੂੰ ਡੂੰਘੀ ਸੱਟ ਲੱਗ ਰਹੀ ਹੈ, ਜਿਸਦੀ ਬਹਾਲੀ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਇਸ ਖ਼ਾਤਰ ਸਾਰੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ ਸਹਿਯੋਗ ਦੀ ਉਮੀਦ ਕਰਦੇ ਹਨ। ਇਸ ਸਬੰਧ ਵਿੱਚ ਆਗੂਆਂ ਨੇ ਕਿਹਾ ਕਿ ਸਮੂਹ ਅਧਿਆਪਕ ਯੂਨੀਅਨਾਂ ਦਾ ਵਫਦ ਬਹੁਤ ਜਲਦ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਤੇ ਡੀਪੀਆਈ ਪੰਜਾਬ ਨੂੰ ਮਿਲੇਗਾ। ਇਸੇ ਸੰਦਰਭ ਵਿੱਚ ਆਗੂਆਂ ਨੇ ਕਿਹਾ ਕਿ ਉਹ ਮਿਤੀ 25 ਅਪ੍ਰੈਲ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਆਯੋਜਿਤ ਕੀਤੀ ਜਾ ਰਹੀ ਅਧਿਆਪਕ ਰੈਲੀ ਨੂੰ ਆਪਣਾ ਨੈਤਿਕ ਅਤੇ ਭਰਾਤਰੀ ਸਮਰਥਨ ਦਿੰਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਮਾਹੀ,ਹਰਵਿੰਦਰ ਸਿੰਘ ਹੈਪੀ ,ਰਣਜੋਧ ਸਿੰਘ ਭਾਦਲਾ,ਕਰਮ ਸਿੰਘ ਭੱਟੀ,ਇਕਬਾਲ ਸਿੰਘ, ਮੁਨੀਸ਼ ਕੁਮਾਰ, ਸੰਜੀਵ ਕੁਮਾਰ, ਜਗਵਿੰਦਰ ਸਿੰਘ, ਵੀਰਪਾਲ ਸਿੰਘ, ਸੁਰਜੀਤ ਸਿੰਘ, ਮਨਜਿੰਦਰਪਾਲ ਸਿੰਘ, ਸੁਮਨ ਬਾਲਾ,ਜਗਰੂਪ ਸਿੰਘ, ਹਰਦੀਪ ਸਿੰਘ ਬਾਹੋਮਾਜਰਾ,ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਭਾਦਲਾ,ਬਲਰਾਮ ਸ਼ਰਮਾ,ਦਵਿੰਦਰ ਸਿੰਘ ਰਾਮਗੜ੍ਹ, ਸਪਨਾ ਸ਼ਰਮਾ ਆਦਿ ਅਧਿਆਪਕ ਹਾਜਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends