ਸਿੱਖਿਆ ਸਕੱਤਰ ਵੱਲੋਂ 'ਆਓ ਬੱਚਿਓ ਆਓ' ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਅਪੀਲ ਕਰਦਾ ਗੀਤ ਜਾਰੀ
ਅਧਿਆਪਕ ਬਲਕਾਰ ਗਿੱਲ ਗੁਲਾਮੀ ਵਾਲੇ ਨੇ ਲਿਖਿਆ ਅਤੇ ਗਾਇਆ ਸੋਹਣੇ ਸਮਾਰਟ ਸਕੂਲਾਂ ਸਬੰਧੀ ਗੀਤ
ਜ਼ਿਲ੍ਹਾ ਫਿਰੋਜ਼ਪੁਰ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਪੇਸ਼ ਕਰਦਾ ਗੀਤ ਬਣਿਆ ਬੱਚਿਆਂ ਅਤੇ ਅਧਿਆਪਕਾਂ ਦੀ ਪਸੰਦ
ਐੱਸ.ਏ.ਐੱਸ. ਨਗਰ 23 ਅਪ੍ਰੈਲ (ਪ੍ਮੋਦ ਭਾਰਤੀ )
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਚਲ ਰਹੀ ਦਾਖ਼ਲਾ ਮੁਹਿੰਮ ਸਬੰਧੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਸਬੰਧੀ ਬਲਕਾਰ ਸਿੰਘ ਗਿੱਲ ਗੁਲਾਮੀ ਵਾਲਾ ਦਾ ਲਿਖਿਆ ਅਤੇ ਗਾਇਆ ਗੀਤ 'ਆਓ ਬੱਚਿਓ ਆਓ, ਸਰਕਾਰੀ ਸਕੂਲ 'ਚ ਆਓ' ਜਾਰੀ ਕੀਤਾ ਅਤੇ ਵਧਾਈ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਗਿੱਲ ਗੁਲਾਮੀਵਾਲਾ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੁਧਾਰ ਨਾਲ ਸਕੂਲਾਂ ਦੀ ਨੁਹਾਰ ਬਦਲੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਮਾਡਲ ਕਲਾਸਰੂਮ ਬੱਚਿਆਂ ਅਤੇ ਮਾਪਿਆਂ ਲਈ ਆਕਰਸ਼ਣ ਦਾ ਕੇਂਦਰ ਬਣੇ ਹਨ। ਸਕੂਲਾਂ ਵਿੱਚ ਲੱਗੇ ਝੂਲੇ ਅਤੇ ਰੰਗਦਾਰ ਇਮਾਰਤਾਂ ਮਾਪਿਆਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕਰ ਰਹੀਆਂ ਹਨ। ਇਹਨਾਂ ਖੂਬਸੂਰਤ ਇਮਾਰਤਾਂ, ਸਮਾਰਟ ਕਲਾਸਰੂਮਾਂ, ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਉੱਚ ਆਹੁਦਿਆਂ 'ਤੇ ਬਿਰਾਜਮਾਨ ਸ਼ਖ਼ਸ਼ੀਅਤਾਂ ਨੂੰ ਗੀਤ ਵਿੱਚ ਸ਼ਾਮਲ ਕਰ ਕੇ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਦਾ ਸਾਰਥਕ ਯਤਨ ਕੀਤਾ ਗਿਆ ਹੈ ਜਿਸ ਨੂੰ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੁਖੀਆਂ ਅਤੇ ਮਾਪਿਆਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਫਿਰੋਜ਼ਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮਹਿੰਦਰ ਸਿੰਘ ਸ਼ੈਲੀ, ਰਾਜਿੰਦਰ ਸਿੰਘ ਚਾਨੀ, ਸੁਖਵਿੰਦਰ ਸਿੰਘ ਭੁੱਲਰ ਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਮੌਜੂਦ ਰਹੇ।