PSEB CLASS 12 PUNJABI GENERAL ਅਖਾਉਤਾਂ

PSEB 12ਵੀਂ ਲਾਜ਼ਮੀ ਪੰਜਾਬੀ - ਅਖਾਉਤਾਂ

💡 ਮਹੱਤਵਪੂਰਨ ਅਖਾਉਤਾਂ (PSEB 12ਵੀਂ ਲਾਜ਼ਮੀ ਪੰਜਾਬੀ)

ਸਹੀ ਵਾਕ ਅਤੇ ਸਥਿਤੀ ਪੜ੍ਹਨ ਲਈ ਅਖਾਉਤ ਉੱਪਰ ਕਲਿੱਕ ਕਰੋ (ਕੁੱਲ ਅੰਕ: 10)

ਅੱਗੇ ਸੱਪ ਤੇ ਪਿੱਛੇ ਸੀਂਹ
ਵਰਤੋਂ ਦੀ ਸਥਿਤੀ: ਜਦੋਂ ਕੋਈ ਵਿਅਕਤੀ ਦੋਹਾਂ ਪਾਸਿਆਂ ਤੋਂ ਮੁਸੀਬਤ ਵਿੱਚ ਫਸ ਜਾਵੇ।
ਵਾਕ: ਦਿਨ ਭਰ ਪੈਂਡਾ ਮਾਰ ਕੇ ਸ਼ਹਿਰ ਦੇ ਨੇੜੇ ਗਏ ਤਾਂ ਪਤਾ ਲੱਗਾ ਕਿ ਵਿਚਕਾਰ ਪੈਂਦੀ ਨਦੀ ਵਿੱਚ ਹੜ੍ਹ ਆਇਆ ਹੋਇਆ ਹੈ। ਅੱਗੇ ਰਸਤਾ ਬੰਦ ਹੈ ਅਤੇ ਪਿੱਛੇ ਮੁੜਨਾ ਵੀ ਮੁਸ਼ਕਲ ਸੀ ਕਿਉਂਕਿ ਹਨੇਰਾ ਹੋ ਰਿਹਾ ਸੀ। ਮੇਰੇ ਲਈ ਤਾਂ 'ਅੱਗੇ ਸੱਪ ਤੇ ਪਿੱਛੇ ਸੀਂਹ' ਵਾਲੀ ਗੱਲ ਹੋ ਗਈ ਸੀ।
ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ
ਵਰਤੋਂ ਦੀ ਸਥਿਤੀ: ਜਦੋਂ ਕੋਈ ਇਨਸਾਨ ਦੀ ਥਾਂ ਉਸਦੇ ਪੈਸੇ ਜਾਂ ਰੁਤਬੇ ਦੀ ਕਦਰ ਕਰੇ।
ਵਾਕ: "ਕਰਮ ਚੰਦ ਜਦੋਂ ਦਾ ਪ੍ਰਧਾਨ ਬਣਿਆ ਹੈ ਉਸ ਦੀ ਬੈਠਕ ਵਿੱਚ ਬਹੁਤ ਭੀੜ ਰਹਿੰਦੀ ਹੈ।" ਖੁਸ਼ੀ ਰਾਮ ਨੇ ਕਿਹਾ, "ਲੋਕੀ ਕਰਮ ਚੰਦ ਕਰਕੇ ਥੋੜ੍ਹੀ ਜਾਂਦੇ ਹਨ, ਉਹ ਤਾਂ ਉਸਦੀ ਪ੍ਰਧਾਨਗੀ ਕਰਕੇ ਜਾਂਦੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ 'ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ'।"
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ
ਵਰਤੋਂ ਦੀ ਸਥਿਤੀ: ਜਦੋਂ ਕੋਈ ਵਿਅਕਤੀ ਹਰ ਵੇਲੇ ਆਪਣੀ ਅਤੇ ਆਪਣੇ ਪਰਿਵਾਰ ਦੀ ਹੀ ਤਾਰੀਫ਼ ਕਰਦਾ ਰਹੇ।
ਵਾਕ: ਸੁੰਦਰ ਸਿੰਘ ਹਰ ਵੇਲੇ ਆਪਣੀ ਜਾਇਦਾਦ, ਔਲਾਦ ਅਤੇ ਆਪਣੀਆਂ ਪ੍ਰਾਪਤੀਆਂ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਉਸ ਦੇ ਬਾਰੇ ਤਾਂ ਅਕਸਰ ਕਿਹਾ ਜਾਂਦਾ ਹੈ- 'ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ'।
ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ
ਵਰਤੋਂ ਦੀ ਸਥਿਤੀ: ਜਦੋਂ ਦੁਨੀਆ ਹਰ ਹਾਲਤ ਵਿੱਚ ਨੁਕਤਾਚੀਨੀ (ਨਿੰਦਿਆ) ਕਰਦੀ ਹੋਵੇ, ਭਾਵੇਂ ਕੰਮ ਮਾੜਾ ਹੋਵੇ ਜਾਂ ਚੰਗਾ।
ਵਾਕ: ਅਮਰ ਸਿੰਘ ਨੂੰ ਪਹਿਲਾਂ ਤਾਂ ਲੋਕ ਕਹਿੰਦੇ ਸਨ ਕਿ ਕਿੰਨਾ ਕੰਜੂਸ ਹੈ, ਮਕਾਨ ਦੀ ਛੱਤ ਨਹੀਂ ਕਰਦਾ। ਹੁਣ ਜਦੋਂ ਉਸ ਨੇ ਛੱਤ ਕਰ ਦਿੱਤੀ ਤਾਂ ਲੋਕ ਕਹਿੰਦੇ ਹਨ ਕਿ ਐਵੇਂ ਪੈਸੇ ਉਜਾੜ ਦਿੱਤੇ। ਸਿਆਣਿਆਂ ਸੱਚ ਹੀ ਕਿਹਾ ਹੈ- 'ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ'।
ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ
ਵਰਤੋਂ ਦੀ ਸਥਿਤੀ: ਸੱਚਾਈ ਅਤੇ ਚੰਗੇ ਰਸਤੇ 'ਤੇ ਚੱਲਣ ਵਾਲੇ ਦੀ ਸਭ ਪ੍ਰਸੰਸਾ ਕਰਦੇ ਹਨ।
ਵਾਕ: ਸਕੂਲ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਕੈਂਪ ਲਾ ਕੇ ਸਫ਼ਾਈ ਕੀਤੀ ਅਤੇ ਅਨਪੜ੍ਹਾਂ ਨੂੰ ਪੜ੍ਹਨਾ ਸਿਖਾਇਆ, ਜਿਸ ਕਾਰਨ ਸਾਰੇ ਪਿੰਡ ਵਲੋਂ ਬੜੀ ਪ੍ਰਸੰਸਾ ਹੋ ਰਹੀ ਹੈ। ਸੱਚ ਹੀ ਕਿਹਾ ਗਿਆ ਹੈ ਕਿ 'ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ'।
ਆਪੇ ਫਾਥੜੀਏ ਤੈਨੂੰ ਕੌਣ ਛੁਡਾਏ
ਵਰਤੋਂ ਦੀ ਸਥਿਤੀ: ਜਦੋਂ ਕੋਈ ਜਾਣ-ਬੁੱਝ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਲਵੇ।
ਵਾਕ: ਮਨਜੀਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਾ ਲਿਆ, ਜਦੋਂ ਕਿ ਮੁੰਡਾ ਸ਼ਰਾਬੀ ਸੀ। ਹੁਣ ਦੁਖੀ ਹੋ ਕੇ ਆਪਣੀ ਮਾਂ ਕੋਲ ਰੋਣ ਲੱਗੀ ਤਾਂ ਮਾਂ ਨੇ ਕਿਹਾ, "ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ, ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।"
ਸਵੈ ਭਰੋਸਾ ਵੱਡਾ ਤੋਸਾ
ਵਰਤੋਂ ਦੀ ਸਥਿਤੀ: ਆਤਮ-ਵਿਸ਼ਵਾਸ (Self-confidence) ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ।
ਵਾਕ: ਜਦੋਂ ਗੁਰਪ੍ਰੀਤ ਭਾਸ਼ਣ ਪ੍ਰਤੀਯੋਗਤਾ ਵਿੱਚ ਸ਼ਾਮਲ ਹੋਣ ਲੱਗੀ ਤਾਂ ਪ੍ਰੋਫ਼ੈਸਰ ਨੇ ਕਿਹਾ, "ਤੇਰੀ ਤਿਆਰੀ ਤਾਂ ਬਥੇਰੀ ਹੈ ਪਰ ਉੱਥੇ ਆਪਣਾ ਆਤਮ-ਵਿਸ਼ਵਾਸ ਕਾਇਮ ਰੱਖੀਂ, ਕਿਉਂਕਿ 'ਸਵੈ-ਭਰੋਸਾ ਵੱਡਾ ਤੋਸਾ'।"
ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ
ਵਰਤੋਂ ਦੀ ਸਥਿਤੀ: ਜਦੋਂ ਸਾਰਾ ਕੁਝ ਤਬਾਹ ਹੋ ਰਿਹਾ ਹੋਵੇ, ਤਾਂ ਅੱਧਾ ਨੁਕਸਾਨ ਸਹਿ ਕੇ ਬਾਕੀ ਬਚਾ ਲੈਣਾ ਸਿਆਣਪ ਹੈ।
ਵਾਕ: ਸੁਰਮੁਖ ਸਿੰਘ ਜ਼ੈਲਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਰਕੇ ਉਸ ਪਾਸੋਂ ਖੁਸ ਰਹੀ ਸੀ। ਉਸ ਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ 'ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ'।
ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ
ਵਰਤੋਂ ਦੀ ਸਥਿਤੀ: ਜਦੋਂ ਕੋਈ ਚੀਜ਼ ਅਸਲ ਵਿੱਚ ਮਾਮੂਲੀ ਹੋਵੇ ਪਰ ਦਿਖਾਵਾ ਬਹੁਤ ਵੱਡਾ ਕੀਤਾ ਜਾਵੇ।
ਵਾਕ: ਮਿਸਜ਼ ਸ਼ਰਮਾ ਆਪਣੇ ਅਮਰੀਕਾ ਗਏ ਪੁੱਤਰ ਦੀ ਉਚੇਰੀ ਤਨਖ਼ਾਹ ਦੀਆਂ ਫੋਕੀਆਂ ਸਿਫ਼ਤਾਂ ਕਰਦੀ ਰਹਿੰਦੀ ਸੀ, ਤਾਂ ਗੁਆਂਢਣ ਕਹਿਣ ਲੱਗੀ, “ਲੈ ਵੇਖ 'ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ', ਜਿਵੇਂ ਸਾਨੂੰ ਪਤਾ ਨਹੀਂ ਕਿ ਇਹਦਾ ਮੁੰਡਾ ਉੱਥੇ ਹੋਟਲ ਵਿੱਚ ਸਫ਼ਾਈ ਦਾ ਕੰਮ ਕਰਦਾ ਹੈ।”
ਹੱਥ ਨੂੰ ਹੱਥ ਧੋਂਦਾ ਹੈ
ਵਰਤੋਂ ਦੀ ਸਥਿਤੀ: ਮਿਲ-ਜੁਲ ਕੇ ਅਤੇ ਇੱਕ-ਦੂਜੇ ਦਾ ਸਾਥ ਦੇਣ ਨਾਲ ਹੀ ਜੀਵਨ ਸਫਲ ਹੁੰਦਾ ਹੈ।
ਵਾਕ: ਗਿਆਨੀ ਜੀ ਨੇ ਅਨੰਦ ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੱਤੀ, “ਬੱਚਿਓ! ਤੁਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟੱਲ ਸਚਾਈ ਹੈ ਕਿ 'ਹੱਥ ਨੂੰ ਹੱਥ ਧੋਂਦਾ ਹੈ'।”
ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ
ਵਰਤੋਂ ਦੀ ਸਥਿਤੀ: ਦੁਸ਼ਮਣ ਨੂੰ ਸਿੱਧਾ ਕਰਨ ਲਈ ਤਾਕਤ ਅਤੇ ਸਖ਼ਤੀ ਦੀ ਵਰਤੋਂ ਕਰਨੀ ਪੈਂਦੀ ਹੈ।
ਵਾਕ: ਸ. ਹਰੀ ਸਿੰਘ ਨਲੂਆਂ ਨੇ ਫ਼ੌਜ ਦੇ ਜੁਆਨਾਂ ਨੂੰ ਲਲਕਾਰਿਆ, “ਇਹ ਪਠਾਣ ਹਮਲਾਵਰ ਤੁਹਾਨੂੰ ਲੁੱਟਦੇ ਰਹੇ ਹਨ। ਹੁਣ ਇਹਨਾਂ ਨੂੰ ਤਕੜੇ ਹੋ ਕੇ ਸਬਕ ਸਿਖਾਓ, ਕਿਉਂਕਿ 'ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ'।"
ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ
ਵਰਤੋਂ ਦੀ ਸਥਿਤੀ: ਜਦੋਂ ਬਿਨਾਂ ਕੋਈ ਖਰਚਾ ਜਾਂ ਨੁਕਸਾਨ ਕੀਤਿਆਂ ਕੋਈ ਵੱਡਾ ਫਾਇਦਾ ਹੋ ਜਾਵੇ।
ਵਾਕ: ਸੰਤ ਜੀ ਨੇ ਉਪਦੇਸ਼ ਦਿੱਤਾ, “ਬੱਚਿਓ ਮਿੱਠਾ ਬੋਲਣਾ ਸਿੱਖੋ। ਇਸ ਨਾਲ ਤੁਹਾਡਾ ਕੁਝ ਘਟ ਨਹੀਂ ਜਾਂਦਾ ਪਰ ਹਾਸਲ ਬੜਾ ਕੁਝ ਹੁੰਦਾ ਹੈ। ਇਹ ਤਾਂ ਉਹੀ ਗੱਲ ਹੈ- 'ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ'।"
ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ
ਵਰਤੋਂ ਦੀ ਸਥਿਤੀ: ਕੰਮ ਨੂੰ ਅੱਗੇ ਪਾਉਣ ਦੀ ਥਾਂ ਤੁਰੰਤ ਕਰਨ ਦੀ ਨਸੀਹਤ ਦੇਣ ਲਈ।
ਵਾਕ: ਜਦੋਂ ਸੁਰਿੰਦਰ ਸਕੂਲ ਦਾ ਕੰਮ ਕਰਕੇ ਨਾ ਲਿਆਇਆ ਤੇ ਕਹਿਣ ਲੱਗਾ ਕਿ ਕੱਲ੍ਹ ਕਰ ਲਿਆਵਾਂਗਾ ਤਾਂ ਮਾਸਟਰ ਜੀ ਨੇ ਕਿਹਾ, "ਅੱਜ ਦਾ ਕੰਮ ਅੱਜ ਹੀ ਕਰੋ, ਤੁਸੀਂ ਨਹੀਂ ਸੁਣਿਆ- 'ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ'।"
ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ
ਵਰਤੋਂ ਦੀ ਸਥਿਤੀ: ਬਹੁਤਾ ਰੌਲਾ ਪਾਉਣ ਵਾਲੇ ਜਾਂ ਧਮਕੀਆਂ ਦੇਣ ਵਾਲੇ ਲੋਕ ਅਮਲ ਵਿੱਚ ਕੁਝ ਨਹੀਂ ਕਰਦੇ।
ਵਾਕ: “ਅਧਿਕਾਰੀ ਰੌਲਾ ਤਾਂ ਬਹੁਤ ਪਾਉਂਦੇ ਹਨ ਕਿ ਉਹ ਕਾਲੇ ਧੰਦੇ ਕਰਨ ਵਾਲਿਆਂ ਦੇ ਖ਼ਿਲਾਫ ਕਾਰਵਾਈ ਕਰਨਗੇ ਪਰ ਕਰਦੇ ਕੁਝ ਨਹੀਂ। ਉਹਨਾਂ ਦਾ ਤਾਂ ਉਹ ਹਾਲ ਹੈ- 'ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ'।”
ਖਿੱਦੋ ਫੋਲਿਆਂ ਲੀਰਾਂ ਹੀ ਨਿਕਲਦੀਆਂ ਹਨ
ਵਰਤੋਂ ਦੀ ਸਥਿਤੀ: ਪੁਰਾਣੇ ਗਿਲੇ-ਸ਼ਿਕਵੇ ਛੇੜਨ ਨਾਲ ਸਿਰਫ਼ ਕੌੜੀਆਂ ਗੱਲਾਂ ਹੀ ਨਿਕਲਦੀਆਂ ਹਨ, ਇਸ ਲਈ ਪੁਰਾਣੇ ਝਗੜੇ ਨਹੀਂ ਫਰੋਲਣੇ ਚਾਹੀਦੇ।
ਵਾਕ: ਸਰਪੰਚ ਨੇ ਦੋਹਾਂ ਭਰਾਵਾਂ ਨੂੰ ਸਮਝਾਉਂਦਿਆਂ ਕਿਹਾ, “ਆਪਸੀ ਸਹਿਮਤੀ ਨਾਲ ਮਸਲੇ ਸੁਲਝਾਓ। ਇੱਕ ਦੂਜੇ ਦੀਆਂ ਗਲਤੀਆਂ ਚਿਤਾਰਨ ਦੀ ਲੋੜ ਨਹੀਂ ਕਿਉਂਕਿ 'ਖਿੱਦੋ ਫੋਲਿਆਂ ਲੀਰਾਂ ਹੀ ਨਿਕਲਦੀਆਂ ਹਨ'।”
ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ
ਵਰਤੋਂ ਦੀ ਸਥਿਤੀ: ਜਦੋਂ ਕੋਈ ਬੰਦਾ ਖ਼ੁਦ ਹੀ ਜਾਣ-ਬੁੱਝ ਕੇ ਆਪਣੀ ਤਬਾਹੀ ਸਹੇੜ ਲਵੇ।
ਵਾਕ: ਦੁੱਲੇ ਦੀਆਂ ਲੁੱਟਾਂ ਖੋਹਾਂ ਸੁਣ ਕੇ ਬਾਦਸ਼ਾਹ ਨੇ ਗੁੱਸੇ ਵਿੱਚ ਕਿਹਾ, "ਮੇਰੇ ਸਰਦਾਰੋ, ਦੁੱਲੇ ਨੂੰ ਬੰਨ੍ਹ ਕੇ ਲਿਆਓ। ਜਦੋਂ 'ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ'।"
ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ
ਵਰਤੋਂ ਦੀ ਸਥਿਤੀ: ਬਦਕਿਸਮਤ ਇਨਸਾਨ ਜਿੱਥੇ ਵੀ ਜਾਂਦਾ ਹੈ, ਮੁਸੀਬਤ ਉਸਦੇ ਮਗਰ ਹੀ ਰਹਿੰਦੀ ਹੈ।
ਵਾਕ: ਸੁੰਦਰ ਸਿੰਘ ਗਰੀਬੀ ਕਾਰਨ ਪਿੰਡ ਛੱਡ ਕੇ ਸ਼ਹਿਰ ਗਿਆ ਪਰ ਉੱਥੇ ਮਹਿੰਗਾਈ ਕਾਰਨ ਹੋਰ ਵੀ ਦੁਖੀ ਹੋ ਗਿਆ। ਉਸ ਨਾਲ ਤਾਂ ਉਹ ਹੋਈ, 'ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ'।
ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ
ਵਰਤੋਂ ਦੀ ਸਥਿਤੀ: ਰਿਸ਼ਤੇ-ਨਾਤੇ ਮਿਲਣ-ਗਿਲਣ ਨਾਲ ਹੀ ਪੱਕੇ ਰਹਿੰਦੇ ਹਨ।
ਵਾਕ: ਚੰਡੀਗੜ੍ਹ ਰਹਿੰਦੇ ਅਜਮੇਰ ਸਿੰਘ ਨੂੰ ਉਸ ਦਾ ਫੁੱਫੜ ਮਿਲਣ ਆਇਆ ਤੇ ਕਹਿਣ ਲੱਗਾ, “ਭਾਈ ਅਜਮੇਰ ਕਦੀ ਪਿੰਡ ਵੀ ਗੇੜਾ ਮਾਰਿਆ ਕਰ। ਸਿਆਣਿਆ ਨੇ ਕਿਹਾ ਹੈ, 'ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ'।"
ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ
ਵਰਤੋਂ ਦੀ ਸਥਿਤੀ: ਜਦੋਂ ਕਿਸੇ ਇੱਕ ਨੂੰ ਕੋਈ ਚੀਜ਼ ਮਿਲੇ, ਤਾਂ ਬਾਕੀ ਸਾਰੇ ਵੀ ਉਸੇ ਚੀਜ਼ ਦੀ ਮੰਗ ਕਰਨ ਲੱਗ ਪੈਣ।
ਵਾਕ: ਮਨਮੋਹਨ ਨੇ ਜਦੋਂ ਆਪਣੇ ਲਈ ਡਿਕਸ਼ਨਰੀ ਕੱਢੀ ਤਾਂ ਕੋਲ ਬੈਠੇ ਸੋਹਣ ਅਤੇ ਤਲਿੰਦਰ ਵੀ ਕਹਿਣ ਲੱਗੇ ਕਿ ਸਾਨੂੰ ਵੀ ਅਰਥ ਵੇਖਣੇ ਹਨ। ਮਨਮੋਹਨ ਕਹਿਣ ਲੱਗਾ, "ਇਹ ਤਾਂ ਉਹ ਗੱਲ ਹੋਈ, 'ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ'।"
ਚਾਹੇ ਛੁਰੀ ਖਰਬੂਜੇ ਉੱਤੇ ਡਿੱਗੇ ਚਾਹੇ ਖਰਬੂਜਾ ਛੁਰੀ ਉੱਤੇ, ਨੁਕਸਾਨ ਖਰਬੂਜੇ ਦਾ
ਵਰਤੋਂ ਦੀ ਸਥਿਤੀ: ਜਦੋਂ ਤਕੜੇ ਅਤੇ ਮਾੜੇ ਦੀ ਟੱਕਰ ਵਿੱਚ ਹਮੇਸ਼ਾ ਮਾੜੇ/ਗਰੀਬ ਦਾ ਹੀ ਨੁਕਸਾਨ ਹੋਵੇ।
ਵਾਕ: ਅੱਜ ਦੇ ਯੁੱਗ ਵਿੱਚ ਗਰੀਬ ਕਿਸਾਨ ਜਦੋਂ ਫਸਲ ਵੇਚਦਾ ਹੈ ਤਾਂ ਸਸਤੀ ਵਿਕਦੀ ਹੈ, ਜਦੋਂ ਖਰੀਦਦਾ ਹੈ ਤਾਂ ਮਹਿੰਗੀ ਮਿਲਦੀ ਹੈ। ਉਹਦਾ ਤਾਂ ਉਹੀ ਹਾਲ ਹੈ 'ਚਾਹੇ ਛੁਰੀ ਖਰਬੂਜੇ ਉੱਤੇ ਡਿੱਗੇ ਚਾਹੇ ਖਰਬੂਜਾ ਛੁਰੀ ਉੱਤੇ, ਨੁਕਸਾਨ ਖਰਬੂਜੇ ਦਾ'।
ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ
ਵਰਤੋਂ ਦੀ ਸਥਿਤੀ: ਜਦੋਂ ਖ਼ੁਦ ਦੋਸ਼ੀ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਦੋਸ਼ ਕੱਢੇ।
ਵਾਕ: ਵਲੈਤੀ ਲਾਲ ਨੇ ਜਦੋਂ ਸ਼ਾਮ ਦਾਸ ਉੱਪਰ ਮਿਲਾਵਟੀ ਚੀਜ਼ਾ ਵੇਚਣ ਦਾ ਦੋਸ਼ ਲਾਇਆ ਤਾਂ ਲੋਕਾਂ ਨੇ ਕਿਹਾ, "ਵਲੈਤੀ ਲਾਲ ਤੂੰ ਚੁੱਪ ਕਰ, ਤੂੰ ਤਾਂ ਆਪ ਜ਼ਖੀਰੇਬਾਜ਼ ਹੈਂ। ਅਖੇ, 'ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ'।"
ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ
ਵਰਤੋਂ ਦੀ ਸਥਿਤੀ: ਕਿਸੇ ਇਨਸਾਨ ਦੇ ਅਸਲੀ ਸੁਭਾਅ ਦਾ ਪਤਾ ਉਸ ਨਾਲ ਵਰਤ-ਵਿਹਾਰ (ਸਫ਼ਰ ਜਾਂ ਕੰਮ) ਕਰਕੇ ਹੀ ਲੱਗਦਾ ਹੈ।
ਵਾਕ: ਸ਼ਰਨ ਸਿੰਘ ਬਾਰੇ ਮੈਂ ਸੁਣਿਆ ਸੀ ਕਿ ਉਹ ਬੜਾ ਸਖ਼ਤ ਆਦਮੀ ਹੈ, ਪਰ ਜਦੋਂ ਮੈਂ ਉਸ ਨਾਲ ਕੰਮ ਕੀਤਾ ਤਾਂ ਉਹ ਬੜਾ ਮਿਲਣਸਾਰ ਨਿਕਲਿਆ। ਸੱਚ ਹੀ ਕਿਹਾ ਹੈ, 'ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ'।
ਜਾਂਦੇ ਚੋਰ ਦੀ ਲੰਗੋਟੀ ਹੀ ਸਹੀ
ਵਰਤੋਂ ਦੀ ਸਥਿਤੀ: ਬਹੁਤ ਵੱਡੇ ਨੁਕਸਾਨ ਤੋਂ ਬਾਅਦ ਜੇਕਰ ਥੋੜ੍ਹੀ ਬਹੁਤ ਚੀਜ਼ ਵੀ ਬਚ ਜਾਵੇ, ਤਾਂ ਉਸੇ 'ਤੇ ਸਬਰ ਕਰ ਲੈਣਾ ਚਾਹੀਦਾ ਹੈ।
ਵਾਕ: ਜਦੋਂ ਕਿਰਾਏਦਾਰ ਕਿਰਾਇਆ ਮਾਰ ਕੇ ਭੱਜ ਗਿਆ ਤਾਂ ਕਮਰੇ ਵਿੱਚ ਛੱਡੇ ਹੋਏ ਉਸਦੇ ਦੋ ਮੰਜੇ ਦੇਖ ਕੇ ਮਾਲਕ ਨੇ ਕਿਹਾ, “ਚਲੋ ਇਹਨਾਂ ਨੂੰ ਤਾਂ ਕਾਬੂ ਕਰੋ। ਅਖੇ 'ਜਾਂਦੇ ਚੋਰ ਦੀ ਲੰਗੋਟੀ ਹੀ ਸਹੀ'।”
ਜੋ ਰਾਤੀਂ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ
ਵਰਤੋਂ ਦੀ ਸਥਿਤੀ: ਜਿਹੜੇ ਲੋਕ ਸਖ਼ਤ ਮਿਹਨਤ ਕਰਦੇ ਹਨ, ਉਹ ਹੀ ਬਾਅਦ ਵਿੱਚ ਸੁੱਖ ਭੋਗਦੇ ਹਨ।
ਵਾਕ: ਅਧਿਆਪਕ ਨੇ ਬੱਚਿਆਂ ਨੂੰ ਸਮਝਾਇਆ, “ਜਿਹੜੇ ਵਿਦਿਆਰਥੀ ਹੁਣੇ ਤੋਂ ਸਖ਼ਤ ਮਿਹਨਤ ਕਰਨਗੇ ਉਹ ਜ਼ਿੰਦਗੀ ਵਿੱਚ ਕਾਮਯਾਬ ਰਹਿਣਗੇ। ਸਿਆਣਿਆਂ ਦਾ ਕਥਨ ਹੈ- 'ਜੋ ਰਾਤੀਂ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ'।”
ਟੂਠਾ ਫੁੱਟ ਕੇ ਛੰਨਾ ਮਿਲਿਆ
ਵਰਤੋਂ ਦੀ ਸਥਿਤੀ: ਜਦੋਂ ਕਿਸੇ ਮਾੜੀ/ਛੋਟੀ ਚੀਜ਼ ਦੇ ਗੁਆਚਣ ਜਾਂ ਨੁਕਸਾਨ ਹੋਣ ਤੋਂ ਬਾਅਦ ਕੋਈ ਬਹੁਤ ਵਧੀਆ ਚੀਜ਼ ਮਿਲ ਜਾਵੇ।
ਵਾਕ: ਯੂਸਫ ਦੀ ਕੱਚੀ ਨੌਕਰੀ ਛੁੱਟਣ ਤੋਂ ਬਾਅਦ ਉਸਨੇ ਫਲਾਂ ਦੀ ਦੁਕਾਨ ਖੋਲ੍ਹ ਲਈ ਜੋ ਬਹੁਤ ਵਧੀਆ ਚੱਲ ਪਈ। ਇਸ ਬਾਰੇ ਉਹ ਆਮ ਕਹਿੰਦਾ ਹੈ ਕਿ ਮੈਨੂੰ ਤਾਂ 'ਟੂਠਾ ਫੁੱਟ ਕੇ ਛੰਨਾ ਮਿਲਿਆ' ਹੈ।
ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ
ਵਰਤੋਂ ਦੀ ਸਥਿਤੀ: ਆਪਣੇ ਤੋਂ ਤਕੜੇ ਜਾਂ ਬਦਮਾਸ਼ ਵਿਅਕਤੀ ਨਾਲ ਸਾਂਝੀਵਾਲੀ (partnership) ਕਰਨ 'ਤੇ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ।
ਵਾਕ: ਚਾਚਾ ਜੀ ਨੇ ਸਮਝਾਉਂਦਿਆਂ ਕਿਹਾ, "ਸੰਤੋਖ ਸਿੰਘਾਂ, ਆਪਣੇ ਤੋਂ ਤਾਕਤਵਰ ਬੰਦੇ ਨਾਲ ਸਾਂਝ ਕਦੇ ਨਾ ਪਾ। ਸਿਆਣਿਆਂ ਨੇ ਵੀ ਕਿਹਾ ਹੈ- 'ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ'।"
ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ
ਵਰਤੋਂ ਦੀ ਸਥਿਤੀ: ਗੁੱਸਾ ਕਰਨ ਵਾਲਾ ਇਨਸਾਨ ਆਪਣਾ ਹੀ ਨੁਕਸਾਨ ਕਰਦਾ ਹੈ।
ਵਾਕ: “ਆਦਮੀ ਨੂੰ ਹਰ ਨਿੱਕੀ-ਨਿੱਕੀ ਗੱਲ ਉੱਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸੁਣਿਆਂ ਹੋਇਐ ਨਾ? 'ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ'।”
ਮਨ ਜੀਤੈ ਜਗੁ ਜੀਤੁ
ਵਰਤੋਂ ਦੀ ਸਥਿਤੀ: ਜਿਸ ਇਨਸਾਨ ਨੇ ਆਪਣੇ ਮਨ ਅਤੇ ਇੱਛਾਵਾਂ ਉੱਪਰ ਕਾਬੂ ਪਾ ਲਿਆ, ਉਸਨੇ ਸਮਝੋ ਸਾਰੀ ਦੁਨੀਆ ਜਿੱਤ ਲਈ।
ਵਾਕ: ਸੰਤਾਂ ਨੇ ਉਪਦੇਸ਼ ਦਿੰਦਿਆਂ ਕਿਹਾ ਕਿ ਮਾੜੀਆਂ ਆਦਤਾਂ ਤੋਂ ਬਚਣ ਲਈ ਬਸ ਆਪਣੇ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ ਕਿਉਂਕਿ ਗੁਰਬਾਣੀ ਦਾ ਕਥਨ ਹੈ - 'ਮਨ ਜੀਤੈ ਜਗੁ ਜੀਤੁ'।
ਵਿਦਿਆ ਵਿਚਾਰੀ ਤਾਂ ਪਰਉਪਕਾਰੀ
ਵਰਤੋਂ ਦੀ ਸਥਿਤੀ: ਅਸਲ ਵਿੱਦਿਆ (Education) ਉਹੀ ਹੈ ਜੋ ਦੂਜਿਆਂ ਦਾ ਭਲਾ (ਪਰਉਪਕਾਰ) ਕਰੇ।
ਵਾਕ: ਸੱਜਣ ਸਿੰਘ ਵਰਗੇ ਅਧਿਆਪਕ ਨੇ ਆਪਣੇ ਪਿੰਡ ਵਿੱਚ ਵਿੱਦਿਆ ਦੀ ਐਸੀ ਜੋਤ ਜਗਾਈ ਕਿ ਅੱਜ ਸਾਰਾ ਪਿੰਡ ਪੜ੍ਹਿਆ-ਲਿਖਿਆ ਹੈ। ਉਹਨਾਂ ਨੇ ਤਾਂ 'ਵਿਦਿਆ ਵਿਚਾਰੀ ਤਾਂ ਪਰਉਪਕਾਰੀ' ਦਾ ਵਾਕ ਸੱਚ ਕਰ ਵਿਖਾਇਆ।
ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ
ਵਰਤੋਂ ਦੀ ਸਥਿਤੀ: ਜਦੋਂ ਕੋਈ ਕੰਮ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਬਾਅਦ ਵਿੱਚ ਖੱਜਲ-ਖੁਆਰੀ ਹੀ ਹੁੰਦੀ ਹੈ।
ਵਾਕ: ਜਦੋਂ ਕਣਕ ਵੱਢਣ ਦਾ ਵੇਲਾ ਸੀ ਉਦੋਂ ਬੰਤਾ ਸਿੰਘ ਮੇਲੇ ਵੇਖਦਾ ਰਿਹਾ, ਹੁਣ ਮੀਂਹ ਆਉਂਦਾ ਦੇਖ ਕੇ ਘਾਬਰਿਆ ਫਿਰਦਾ ਹੈ। ਇਹ ਤਾਂ ਉਹੀ ਗੱਲ ਹੈ- 'ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ'।
ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ
ਵਰਤੋਂ ਦੀ ਸਥਿਤੀ: ਚੰਗੇ ਅਤੇ ਮਹਾਨ ਲੋਕ ਨਿੰਦਕਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਮੰਜ਼ਿਲ ਵੱਲ ਵੱਧਦੇ ਰਹਿੰਦੇ ਹਨ।
ਵਾਕ: ਜਦੋਂ ਬਾਬਾ ਹਰਬੰਸ ਸਿੰਘ ਜੀ ਦੇ ਵਿਰੋਧੀ ਉਹਨਾਂ ਦੇ ਸਮਾਜ-ਸੁਧਾਰ ਕੰਮਾਂ ਬਾਰੇ ਮਾੜਾ ਬੋਲਦੇ ਤਾਂ ਬਾਬਾ ਜੀ ਦ੍ਰਿੜਤਾ ਨਾਲ ਕਹਿੰਦੇ, “ਪਰਵਾਹ ਨਾ ਕਰੋ, 'ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ'।"
ਆਪਣੀ ਅਕਲ ਤੇ ਪਰਾਇਆ ਧਨ ਬਹੁਤ ਜਾਪਦਾ ਹੈ
ਵਰਤੋਂ ਦੀ ਸਥਿਤੀ: ਹਰ ਇਨਸਾਨ ਨੂੰ ਆਪਣੀ ਸਮਝਦਾਰੀ ਅਤੇ ਦੂਜਿਆਂ ਦਾ ਪੈਸਾ ਹਮੇਸ਼ਾ ਵੱਧ ਲੱਗਦਾ ਹੈ।
ਵਾਕ: ਗਿਆਨੀ ਜੀ ਨੇ ਕਿਹਾ ਕਿ ਦੂਸਰਿਆਂ ਦੀ ਤਰੱਕੀ ਵੇਖ ਕੇ ਈਰਖਾ ਨਾ ਕਰਿਆ ਕਰੋ, ਇਸ ਸੰਸਾਰ ਵਿੱਚ ਇਹ ਭੁਲੇਖਾ ਹੀ ਹੁੰਦਾ ਹੈ ਕਿ ਹਰ ਇੱਕ ਨੂੰ 'ਆਪਣੀ ਅਕਲ ਤੇ ਪਰਾਇਆ ਧਨ ਬਹੁਤ ਜਾਪਦਾ ਹੈ'।
ਉਖਲੀ ਵਿੱਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ
ਵਰਤੋਂ ਦੀ ਸਥਿਤੀ: ਜਦੋਂ ਕੋਈ ਔਖਾ ਕੰਮ ਸ਼ੁਰੂ ਕਰ ਲਿਆ ਹੋਵੇ, ਤਾਂ ਫਿਰ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ (ਮੁਸੀਬਤਾਂ) ਤੋਂ ਨਹੀਂ ਡਰਨਾ ਚਾਹੀਦਾ।
ਵਾਕ: ਜਦੋਂ ਕੁੜੀ ਦੇ ਵਿਆਹ ਵੇਲੇ ਮੁੰਡੇ ਵਾਲਿਆਂ ਨੇ ਫਰਿੱਜ ਦੀ ਮੰਗ ਕੀਤੀ ਤਾਂ ਜਨਕ ਸਿੰਘ ਨੇ ਸੋਚਿਆ ਭਾਈ, ਹੁਣ ਦੇਣਾ ਹੀ ਪਵੇਗਾ, 'ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ'।
ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ
ਵਰਤੋਂ ਦੀ ਸਥਿਤੀ: ਆਪਣਾ ਕੰਮ ਆਪਣੇ ਹੱਥੀਂ ਕਰਨ ਨਾਲ ਇਨਸਾਨ ਛੋਟਾ ਨਹੀਂ ਹੋ ਜਾਂਦਾ।
ਵਾਕ: ਅੱਜ-ਕੱਲ੍ਹ ਦੇ ਬੱਚਿਆਂ ਨੂੰ ਆਪਣਾ ਕੰਮ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ 'ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ'।
ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
ਵਰਤੋਂ ਦੀ ਸਥਿਤੀ: ਜਦੋਂ ਘਰ ਦੇ ਸਿਆਣੇ/ਗੁਣਵਾਨ ਜੀਆਂ ਦੀ ਕਦਰ ਨਾ ਕਰਕੇ, ਬਾਹਰਲੇ ਲੋਕਾਂ ਨੂੰ ਜ਼ਿਆਦਾ ਸਿਆਣਾ ਸਮਝਿਆ ਜਾਵੇ।
ਵਾਕ: ਮੇਰਾ ਭਰਾ ਡਾਕਟਰ ਹੈ ਪਰ ਮੇਰੇ ਪਿਤਾ ਜੀ ਦਵਾਈ ਹਮੇਸ਼ਾ ਦੂਜੇ ਪਿੰਡ ਦੇ ਡਾਕਟਰ ਤੋਂ ਲੈਂਦੇ ਹਨ। ਸੱਚ ਹੀ ਹੈ- 'ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ'।
ਕੋਹ ਨਾ ਚੱਲੀ ਬਾਬਾ ਤਿਹਾਈ
ਵਰਤੋਂ ਦੀ ਸਥਿਤੀ: ਜਦੋਂ ਕੋਈ ਬਿਨਾਂ ਬਹੁਤਾ ਕੰਮ ਕੀਤੇ, ਥੋੜ੍ਹੀ ਜਿਹੀ ਮਿਹਨਤ ਨਾਲ ਹੀ ਥਕਾਵਟ ਦਾ ਬਹਾਨਾ ਬਣਾ ਲਵੇ।
ਵਾਕ: ਰਮਨ ਨੇ ਅਜੇ ਦੋ ਸਫ਼ੇ ਹੀ ਪੜ੍ਹੇ ਸਨ ਕਿ ਕਹਿਣ ਲੱਗਾ, ਮੈਂ ਬਹੁਤ ਥੱਕ ਗਿਆ ਹਾਂ। ਉਸਦੀ ਮਾਂ ਨੇ ਕਿਹਾ, "ਅਜੇ ਤਾਂ ਤੂੰ ਪੜ੍ਹਨ ਹੀ ਬੈਠਾ ਸੀ, ਤੇਰਾ ਤਾਂ ਉਹ ਹਾਲ ਹੈ- 'ਕੋਹ ਨਾ ਚੱਲੀ ਬਾਬਾ ਤਿਹਾਈ'।"
ਇੱਕ ਦਰ ਬੰਦ ਸੌ ਦਰ ਖੁੱਲ੍ਹਾ
ਵਰਤੋਂ ਦੀ ਸਥਿਤੀ: ਜਦੋਂ ਕੋਈ ਇੱਕ ਪਾਸਿਓਂ ਨਿਰਾਸ਼ ਹੋ ਜਾਵੇ ਤਾਂ ਉਸਨੂੰ ਹਮੇਸ਼ਾਂ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ।
ਵਾਕ: ਨੌਕਰੀ ਨਾ ਮਿਲਣ 'ਤੇ ਉਦਾਸ ਹੋਏ ਸੁਰਜੀਤ ਨੂੰ ਉਸਦੇ ਪਿਤਾ ਨੇ ਹੌਸਲਾ ਦਿੰਦਿਆਂ ਕਿਹਾ, "ਪੁੱਤਰ ਨਿਰਾਸ਼ ਨਾ ਹੋ, ਪ੍ਰਮਾਤਮਾ ਸਭ ਠੀਕ ਕਰੇਗਾ, 'ਇੱਕ ਦਰ ਬੰਦ ਸੌ ਦਰ ਖੁੱਲ੍ਹਾ'।"
ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ 'ਤੇ ਮੋਹਰਾਂ
ਵਰਤੋਂ ਦੀ ਸਥਿਤੀ: ਕੀਮਤੀ ਚੀਜ਼ਾਂ ਨੂੰ ਅਜਾਈਂ ਗੁਆ ਦੇਣਾ ਅਤੇ ਮਾਮੂਲੀ/ਸਸਤੀਆਂ ਚੀਜ਼ਾਂ ਨੂੰ ਸਾਂਭ-ਸਾਂਭ ਕੇ ਰੱਖਣਾ।
ਵਾਕ: ਸੇਠ ਨੇ ਆਪਣੀ ਫੈਕਟਰੀ ਵਿੱਚ ਲੱਖਾਂ ਦੀ ਮਸ਼ੀਨਰੀ ਤਾਂ ਬਾਹਰ ਮੀਂਹ ਵਿੱਚ ਪਈ ਰਹਿਣ ਦਿੱਤੀ, ਪਰ ਪੁਰਾਣੇ ਖਾਲੀ ਡੱਬਿਆਂ ਨੂੰ ਜਿੰਦਰੇ ਮਾਰ ਕੇ ਰੱਖ ਰਿਹਾ ਹੈ। ਇਹ ਤਾਂ ਉਹ ਗੱਲ ਹੈ- 'ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ 'ਤੇ ਮੋਹਰਾਂ'।
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends