ਵਾਰਤਕ ਭਾਗ - ਸੰਪੂਰਨ ਸਾਰ (ਭਾਗ-1)
1. ਰਬਾਬ ਮੰਗਾਉਨ ਦਾ ਵਿਰਤਾਂਤ - ਲੇਖਕ ਗਿ: ਦਿੱਤ ਸਿੰਘ
ਗੁਰੂ ਨਾਨਕ ਦੇਵ ਜੀ ਵੇਦੀ ਖੱਤਰੀ ਜਾਤ ਨਾਲ ਸੰਬੰਧਤ ਅਤੇ ਭਲਿਆਂ ਦੇ ਪੁੱਤ-ਪੋਤੇ, ਖਾਣਾ-ਪੀਣਾ ਅਤੇ ਪਹਿਨਣਾ ਭੁੱਲ ਕੇ ਜੰਗਲ ਵਿੱਚ ਬੈਠ ਕੇ ਨਾਲ ਮਰਦਾਨੇ ‘ਡੂੰਮ' ਨੂੰ ਸਾਥੀ ਬਣਾ ਲਿਆ ਅਤੇ ਹਿੰਦੂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲ ਕੇ ਕਰਤਾਰ ਦੇ ਗੁਣ-ਗਾਉਂਦਿਆਂ ਦੇਖ ਕੇ ਲੋਕ ‘ਕੁਰਾਹੀਆ' ਕਹਿਣ ਲੱਗ ਪਏ। ਦੂਜੇ ਪਾਸੇ ਅਕਾਲ-ਪੁਰਖ ਦੀ ਮਹਿਮਾਂ ਵਿੱਚ ਨਿੱਤ ਨਵਾਂ ਸ਼ਬਦ ਗਾਉਣ ਵਾਲ਼ੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧੀਆ ਸਾਜ਼ ਲਿਆਉਣ ਲਈ ਕਿਹਾ। ਮਰਦਾਨੇ ਦੇ ਪੁੱਛਣ ਤੇ ਉਹਨਾਂ ਰਬਾਬ ਨੂੰ ਸਭ ਤੋਂ ਵਧੀਆ ਸਾਜ਼ ਕਿਹਾ। ਮਰਦਾਨਾ ਬੀਬੀ ਜੀ ਕੋਲ ਗਿਆ ਤੇ ਉਹਨਾਂ ਪਾਸੋਂ ਪੈਸਿਆਂ ਦਾ ਭਰੋਸਾ ਲੈ ਕੇ ਗਲ਼ੀਆਂ ਵਿੱਚ ਤੁਰ ਫਿਰ ਕੇ ਰਬਾਬ ਲੱਭਣ ਲੱਗ ਪਿਆ, ਪਰ ਕੁਝ ਲੋਕ ਉਸ ਨੂੰ ‘ਕੁਰਾਹੀਏ ਦਾ ਡੂੰਮ' ਕਹਿ ਕੇ ਮਖੌਲ ਉਡਾਉਣ ਲੱਗੇ। ਕੁਝ ਨੇ ਉਸ ਉੱਪਰ ਮਿੱਟੀ ਸੁੱਟੀ ਅਤੇ ਬੁਰਾ ਸਲੂਕ ਕੀਤਾ, ਤੰਗ ਆ ਕੇ ਮਰਦਾਨੇ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ। ਗੁਰੂ ਜੀ ਨੇ ਉਸ ਨੂੰ ਲੋਕਾਂ ਵੱਲੋਂ ਬੇਪ੍ਰਵਾਹ ਰਹਿਣ ਲਈ ਕਿਹਾ। ਕੁਝ ਦਿਨਾਂ ਮਗਰੋਂ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਬੀਬੀ ਨਾਨਕੀ ਜੀ ਪਾਸੋਂ ਸੱਤ ਰੁਪਏ ਲੈ ਕੇ ਦੁਆਬੇ ਦੇ ਇੱਕ ਜੱਟਾਂ ਦੇ ਪਿੰਡ ਵਿੱਚ ਰਹਿੰਦੇ ਫਰਹਿੰਦੇ ਨਾਮ ਦੇ ਰਬਾਬੀ ਕੋਲ ਰਬਾਬ ਲੈਣ ਚਲਾ ਗਿਆ। ਜਦੋਂ ਤਿੰਨ ਦਿਨ ਖੁਆਰ ਹੋਣ ਮਗਰੋਂ ਵਾਪਸ ਮੁੜਨ ਲੱਗਾ ਤਾਂ, ਉਸ ਦਾ ਫਰਹਿੰਦੇ ਨਾਲ਼ ਮੇਲ ਹੋਇਆ। ਮਰਦਾਨੇ ਤੋਂ ਗੁਰੂ ਜੀ ਦੇ ਮੁੱਖੋਂ ਗਾਈ ਜਾਣ ਵਾਲ਼ੀ ਅਗੰਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਨੂੰ ਦਿੰਦਿਆਂ ਕੀਮਤ ਦੇ ਸੱਤ ਰੁਪਏ ਵੀ ਨਾ ਲਏ ਤੇ ਰਬਾਬ ਨਾਲ਼ ਗੁਰੂ ਜੀ ਦਾ ਕੋਈ ਪੁਰਾਣਾ ਸੰਬੰਧ ਦੱਸਿਆ। ਦਰਸ਼ਨਾਂ ਦੀ ਇੱਛਾ ਪੈਦਾ ਹੋਣ ਕਾਰਨ ਉਹ ਵੀ ਮਰਦਾਨੇ ਨਾਲ਼ ਗੁਰੂ ਜੀ ਕੋਲ ਪੁੱਜਾ। ਕਰਤਾਰ ਬਾਰੇ ਗੱਲਾਂ ਕਰਨ ਮਗਰੋਂ ਫਰਹਿੰਦਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਕੁਝ ਦਿਨਾਂ ਮਗਰੋਂ ਉਸ ਦੇ ਚਲੇ ਜਾਣ ਤੇ ਮਰਦਾਨਾ ਰਬਾਬ ਸੁਰ ਕਰਨ ਲੱਗਾ, ਪਰ ਉਹ ਬੇਸੁਰੀ ਹੁੰਦੀ ਜਾਵੇ। ਜਦੋਂ ਗੁਰੂ ਜੀ ਦੁਆਰਾ ਉਸ ਨੂੰ ਰਬਾਬ ਵਜਾਉਣ ਲਈ ਕਿਹਾ, ਤਾਂ ਉਸ ਨੇ ਕਿਹਾ ਕਿ ਉਹ ਠੀਕ ਕਰ ਲਵੇ ਤਾਂ ਜੋ ਚੰਗਾ ਠਾਟ ਬਣ ਜਾਵੇ। ਗੁਰੂ ਜੀ ਨੇ ਕਿਹਾ ਕਿ ਉਸ ਦਾ ਕੰਮ ਰਬਾਬ ਵਜਾਉਣਾ ਹੈ, ਠਾਟ ਕਰਨ ਵਾਲਾ ਕਰਤਾਰ ਹੈ। ਇਹ ਸੁਣ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਮਿਰਗਾਂ ਨੂੰ ਮਸਤ ਕਰਨ ਵਾਲ਼ਾ ਠਾਟ ਨਿਕਲ ਆਇਆ ਤੇ ਗੁਰੂ ਜੀ ਨੂੰ ਜਿਹੜੀ ਅਗੰਮ ਬਾਣੀ ਆਈ, ਮਰਦਾਨੇ ਨੇ ਉਹ ਵੀ ਉਸ ਮਧੁਰ ਸੁਰ ਨਾਲ਼ ਗਾਈ।
2. ਘਰ ਦਾ ਪਿਆਰ - ਲੇਖਕ ਪ੍ਰਿੰ. ਤੇਜਾ ਸਿੰਘ
ਘਰ ਉਹ ਥਾਂ ਹੁੰਦਾ ਹੈ, ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਜਿੱਥੇ ਉਸ ਨੇ ਮਾਂ, ਭੈਣ ਤੇ ਭਰਾ ਦਾ ਪਿਆਰ ਹੰਢਾਇਆ ਹੁੰਦਾ ਹੈ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ-ਬਹਿਣੀ ਦਾ ਕੇਂਦਰ ਹੁੰਦਾ ਹੈ। ਇਹ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਵਿੱਚ ਸਮਾਜਿਕ ਤੇ ਸੰਸਾਰਿਕ ਆਲ਼ੇ-ਦੁਆਲ਼ੇ ਜਿੰਨਾ ਹੀ ਹਿੱਸਾ ਪਾਉਂਦਾ ਹੈ। ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਦਾ ਸੁਭਾਅ ਸੜੀਅਲ ਤੇ ਖਿਝੂ ਹੁੰਦਾ ਹੈ। ਵੱਡੇ-ਵੱਡੇ ਪੰਡਾਲਾਂ ਵਿੱਚ ਕਥਾ ਕਰਕੇ ਜਾਂ ਭਾਸ਼ਣ ਦੇ ਕੇ ਆਪਣੇ ਗਿਆਨ ਨਾਲ਼ ਦੂਜਿਆਂ ਨੂੰ ਹੈਰਾਨ ਕਰਨ ਵਾਲ਼ੇ ਪ੍ਰਚਾਰਕਾਂ ਦਾ ਸੁਭਾਅ ਆਮ ਕਰਕੇ ਰੁੱਖਾ ਤੇ ਖਿਝੂ ਹੁੰਦਾ ਹੈ। ਕਿਉਂਕਿ ਉਹ ਹਰ ਵੇਲੇ ਪੋਥੀਆਂ ਪੜ੍ਹਨ ਜਾਂ ਇੱਧਰ-ਉੱਧਰ ਸਫ਼ਰ ਕਰਨ ਵਿਚ ਹੀ ਲੱਗੇ ਰਹਿੰਦੇ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦੇ ਹਨ। ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਤੇ ਪੈਗ਼ੰਬਰਾਂ ਦੇ ਜੀਵਨ ਨੂੰ ਇਸ ਢੰਗ ਨਾਲ਼ ਪੇਸ਼ ਕਰਦੇ ਹਨ, ਜਿਵੇਂ ਉਹ ਤੋਤਲੀਆਂ ਗੱਲਾਂ ਕਰਨ ਵਾਲ਼ੇ ਬਚਪਨ ਵਿੱਚੋਂ ਲੰਘੇ ਹੀ ਨਹੀਂ ਤੇ ਉਹ ਬਚਪਨ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਕਰਦੇ ਸਨ। ਉਹ ਇਹ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ, ਅਲਬੇਲਾਪਣ, ਭੈਣ-ਭਰਾ ਦਾ ਪਿਆਰ ਅਤੇ ਲਾਡ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਉਹੀ ਥਾਂ ਰੱਖਦੇ ਹਨ ਜੋ ਆਮ ਲੋਕਾਂ ਵਿੱਚ। ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਖ਼ਦੀਜਾ ਦਾ ਬਹੁਤ ਪ੍ਰਭਾਵ ਸੀ। ਕਾਰਲਾਈਲ ਦੇ ਸੜੀਅਲ ਸੁਭਾ ਦਾ ਕਾਰਨ ਉਸ ਦੁਆਰਾ ਆਪਣੀ ਪਤਨੀ ਨਾਲ਼ ਪਿਆਰ ਨਾਲ਼ ਗੱਲ ਨਾ ਕਰਨਾ ਸੀ। ਅਜੋਕੇ ਸਮੇਂ ਫੈਲ ਰਹੀ ਦੁਰਾਚਾਰੀ ਦਾ ਕਾਰਨ ਘਰੋਗੀ ਵੱਸੋਂ ਦਾ ਘਾਟਾ ਅਤੇ ਬਜਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਵਿਦਿਆਰਥੀ ਜੀਵਨ ਵਿੱਚ ਸਮਾਜਿਕ, ਨੈਤਿਕ ਅਤੇ ਸਦਾਚਾਰਿਕ ਗੁਣਾਂ ਦੇ ਕੋਰੇਪਨ ਅਤੇ ਗੈਰ-ਜ਼ਿੰਮੇਵਾਰ ਹੋਣ ਦਾ ਕਾਰਨ ਵੀ ਉਨ੍ਹਾਂ ਦੀ ਘਰਾਂ ਨੂੰ ਛੱਡ ਕੇ ਰਹਿਸ਼ੀ ਸਕੂਲਾਂ ਦੀ ਰਹਿਣੀ-ਬਹਿਣੀ ਹੈ। ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਘਰੋਗੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਸਿੱਖ ਗੁਰੂ ਸਹਿਬਾਨਾਂ ਨੇ ਵੀ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ। ਕੇਵਲ ਉਹ ਲੋਕ ਹੀ ਆਪਣੇ ਦੇਸ ਉੱਪਰ ਅੱਤਿਆਚਾਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਤੇ ਉਸ ਵਿੱਚ ਵਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ।
3. ਬੋਲੀ - ਲੇਖਕ ਸ. ਗੁਰਬਖ਼ਸ਼ ਸਿੰਘ
ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ, ਜਿਸ ਤੋਂ ਉਸ ਦੀ ਸਰੀਰਕ ਸੁੰਦਰਤਾ ਦਾ ਪਤਾ ਲੱਗਦਾ ਹੈ। ਬੋਲੀ ਮਨੁੱਖ ਦੀ ਆਤਮਾ ਦਾ ਚਿਤਰ ਹੈ, ਜਿਸ ਤੋਂ ਉਸ ਦੀ ਅੰਦਰੂਨੀ ਸੁੰਦਰਤਾ ਦੀ ਪਰਖ ਹੁੰਦੀ ਹੈ। ਚੰਗੀ ਬੋਲੀ ਬੋਲਣ ਵਾਲ਼ਿਆਂ ਨੂੰ ਸਰੋਤਿਆਂ ਦੀ ਵਾਹ-ਵਾਹ ਪ੍ਰਾਪਤ ਹੁੰਦੀ ਹੈ। ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ ਅਤੇ ਸਾਰੀ ਉਮਰ ਵਧਦਾ ਜਾਂਦਾ ਹੈ। ਬਾਲ-ਮਨਾਂ ਉੱਤੇ ਚਿਤਰੇ ਲਫ਼ਜ਼ ਉਮਰ ਭਰ ਨਹੀਂ ਭੁੱਲਦੇ ਅਤੇ ਮੋਹਰਾਂ ਵਾਂਗ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਇਸ ਲਈ ਬਚਪਨ ਦਾ ਸਮਾਂ ਮਨੁੱਖ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ, ਉਹ ਥਾਂ ਮੁਹਰਾਂ ਦੀ ਖਾਣ ਹੁੰਦੀ ਹੈ ਅਤੇ ਸਾਡੀ ਅਮੀਰੀ ਇਸ ਉੱਤੇ ਹੀ ਨਿਰਭਰ ਕਰਦੀ ਹੈ। ਭਰਪੂਰ ਖਾਣ ਵਿੱਚੋਂ ਸਿਆਣੀ ਪੁਟਾਈ ਹੀ ਬੇਸ਼ੁਮਾਰ ਦੌਲਤ ਪੁੱਟ ਸਕਦੀ ਹੈ। ਸਾਡੀ ਪੁਟਾਈ ਤੇ ਪ੍ਰਾਪਤੀਆਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ। ਸਾਡੀ ਮਾਂ ਬੋਲੀ ਸਾਡੀ ਬੋਲੀ ਹੈ, ਜਿਹੜੀ ਅਸੀਂ ਆਪਣੇ ਬਚਪਨ ਵਿੱਚ ਆਪਣੀ ਮਾਂ ਕੋਲੋਂ ਅਤੇ ਆਲ਼ੇ-ਦੁਆਲ਼ੇ ਤੋਂ ਸਿੱਖੀ ਹੈ। ਉਹ ਲੋਕ ਬਦਕਿਸਮਤ ਹਨ, ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਤਜ਼ਰਬਾ ਸਾਡੀ ਦੌਲਤ ਹੈ ਅਤੇ ਇਹ ਦੌਲਤ ਬਚਪਨ ਦੇ ਸਮੇਂ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਜਾਂਦੀ ਹੈ ਅਤੇ ਇਹ ਦੌਲਤ ਬੋਲੀ ਦੇ ਚਿੰਨ੍ਹਾਂ ਦੇ ਰੂਪ ਵਿੱਚ ਹੀ ਵਰਤੀ ਜਾ ਸਕਦੀ ਹੈ। ਤਜ਼ਰਬਾ ਇਸ ਦੌਲਤ ਦਾ ਖ਼ਜ਼ਾਨਾ ਹੈ, ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਪੜ੍ਹਾਈ ਆਪਣੇ-ਆਪ ਵਿੱਚ ਕੋਈ ਵੱਡਾ ਤਜ਼ਰਬਾ ਨਹੀਂ। ਇਹ ਸਿਰਫ਼ ਤਜ਼ਰਬਿਆਂ ਨੂੰ ਪ੍ਰਾਪਤ ਕਰਨ ਦੀ ਲਗਨ ਵਿੱਚ ਵਾਧਾ ਕਰਨ ਅਤੇ ਤਜ਼ਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਇਸ ਲਈ ਸਭ ਤੋਂ ਪਹਿਲਾਂ ਤਜ਼ਰਬੇ ਦੇ ਮੌਕਿਆਂ ਵਿੱਚ ਵਾਧਾ ਕਰਨਾ ਚਾਹੀਦਾ ਹੈ, ਜਿਹੜੇ ਸਾਡੀ ਸ਼ਖ਼ਸੀਅਤ ਅਤੇ ਬੋਲੀ ਨੂੰ ਅਮੀਰ ਬਣਾਉਂਦੇ ਹਨ। ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ। ਇਸ ਵਿੱਚ ਲਫ਼ਜ਼ਾਂ ਦੀਆਂ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਭਨਾ-ਭਨਾ ਕੇ ਜਵਾਨੀ ਤੇ ਬੁਢਾਪੇ ਦੇ ਸਮੇਂ ਆਪਣਾ ਔਖਾ-ਸੌਖਾ ਵਕਤ ਗੁਜਾਰਿਆ ਜਾ ਸਕਦਾ ਹੈ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ, ਬਲਕਿ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਹੈ। ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ। ਇਹ ਬਹੁਤ ਮਹਿੰਗੀ ਵਿਰਾਸਤ ਹੈ। ਇਸ ਲਈ ਤੁਸੀਂ ਮਾਪਿਆਂ, ਉਸਤਾਦਾਂ, ਮਹਿਮਾਨਾਂ, ਗੁਵਾਲਿਆਂ, ਚਰਵਾਹਿਆਂ ਅਤੇ ਭਿੰਨ-ਭਿੰਨ ਪ੍ਰਕਾਰ ਦਾ ਸਾਮਾਨ ਵੇਚਣ ਵਾਲ਼ਿਆਂ, ਜਿੱਥੋਂ ਵੀ ਸ਼ਬਦ ਸਿੱਖ ਸਕਦੇ ਹੋ ਸਿੱਖੋ ਤੇ ਸੰਭਾਲੋ। ਇਸ ਨਾਲ਼ ਸਾਡੀ ਬੋਲੀ ਅਮੀਰ ਅਤੇ ਸ਼ਖ਼ਸੀਅਤ ਪ੍ਰਭਾਵਸ਼ਾਲੀ ਬਣੇਗੀ।
4. ਪ੍ਰਾਰਥਨਾ - ਲੇਖਕ ਡਾ: ਬਲਬੀਰ ਸਿੰਘ
ਅਰਦਾਸ ਦਾ ਮਨੁੱਖੀ ਜੀਵਨ ਵਿੱਚ ਖ਼ਾਸ ਮਹੱਤਵ ਹੈ। ਇਸ ਦੀ ਜ਼ਰੂਰਤ ਹਰ ਕਿਸੇ ਨੂੰ ਪੈਂਦੀ ਹੈ, ਵੱਡੇ-ਵੱਡੇ ਰਾਠ ਤੇ ਸਿਆਣੇ ਵਿਅਕਤੀਆਂ ਲਈ ਵੀ ਕਈ ਵਾਰ ਅਰਦਾਸ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਸੁਕਰਾਤ ਵਰਗਾ ਸਮਝਦਾਰ ਅਤੇ ਮੌਤ ਤੋਂ ਬੇਪਰਵਾਹ ਇਨਸਾਨ ਵੀ ਅਰਦਾਸ ਵਿੱਚ ਵਿਸ਼ਵਾਸ ਰੱਖਦਾ ਸੀ। ਸਿੱਖ ਧਰਮ ਵਿੱਚ ਅਰਦਾਸ ਦੀ ਖ਼ਾਸ ਮਹਾਨਤਾ ਹੈ। ਸਭ ਪ੍ਰਕਾਰ ਦੀਆਂ ਰਸਮਾਂ-ਰੀਤਾਂ ਤੇ ਪਰਮਾਰਥਕ ਸਾਧਨਾਂ ਦੀ ਥਾਂ ਸਿੱਖ ਦੁਆਰਾ ਕੀਤੀ ਇਕ ਅਰਦਾਸ ਹੀ ਕਾਫ਼ੀ ਹੈ। ਅਰਦਾਸ ਇਕ ਫ਼ਰਜ਼ ਹੈ। ਇਸ ਦਾ ਉੱਤਰ ਮਿਲਣਾ ਜ਼ਰੂਰੀ ਨਹੀਂ, ਜੇਕਰ ਇੰਝ ਹੁੰਦਾ, ਤਾਂ ਇਹ ਖ਼ਤੋ-ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ। ਸਿੱਖ ਦੀ ਅਰਦਾਸ ਸਭ ਤੋਂ ਨਿਰਾਲੀ ਹੈ। ਇਹ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਹੁੰਦੀ ਹੈ। ਇਹ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਸਾਧਨ ਹੈ। ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ-ਸੁਭਾਅ ਯਤਨ ਹੈ। ਅਰਦਾਸ ਵਿਅਕਤੀ ਦਾ ਜੀਵਨ ਬਦਲ ਦਿੰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰੁਹਤਾਸ ਦੇ ਕਿਲ੍ਹੇ ਵਿੱਚ ਕੈਦ ਇਕ ਧਾੜਵੀ ਕੈਦੀ ਦੇ ਜੀਵਨ ਵਿੱਚ ਅਰਦਾਸ ਨਾਲ ਪਰਿਵਰਤਨ ਆਇਆ ਅਤੇ ਉਸ ਧਾੜਵੀ ਦਾ ਚਰਿੱਤਰ ਬਦਲ ਗਿਆ। ਅਰਦਾਸ ਮਨੁੱਖ ਨੂੰ ਅਥਾਹ ਆਨੰਦ ਤੇ ਮਾਨਸਿਕ ਸ਼ਾਂਤੀ ਦਿੰਦੀ ਹੈ। ਅਰਦਾਸ ਤੋਂ ਹੌਂਸਲਾ ਪ੍ਰਾਪਤ ਕਰਕੇ ਮਨੁੱਖ ਸਭ ਪ੍ਰਕਾਰ ਦੀਆਂ ਦੁੱਖਾਂ-ਤਕਲੀਫ਼ਾਂ ਅਤੇ ਸੰਕਟਾਂ ਤੋਂ ਬੇਪਰਵਾਹ ਹੋ ਕੇ ਪਾਰ ਲੰਘ ਜਾਂਦਾ ਹੈ। ਇਸ ਕਰਕੇ ਸਾਨੂੰ ਕਦੇ ਕਿਸੇ ਮਨ-ਮਤੀਏ ਮਨੁੱਖ ਦੀ ਇਹ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਕਰਨੀ ਵਿਅਰਥ ਹੈ। ਸਾਨੂੰ ਕਦੇ ਵੀ ਉਸ ਦਿਆਲੂ ਪਰਮਾਤਮਾ ਨੂੰ ਨਹੀਂ ਭੁਲਾਉਣਾ ਚਾਹੀਦਾ ਅਤੇ ਹਮੇਸ਼ਾ ਉਸ ਦਾ ਸ਼ੁਕਰ-ਗੁਜ਼ਾਰ ਰਹਿਣਾ ਚਾਹੀਦਾ ਹੈ। ਅਸੀਂ ਅੰਤ ਸਮੇਂ ਸਾਰਿਆਂ ਨੇ ਪਰਮਾਤਮਾ ਦੀ ਦਰਗਾਹੇ ਜਾਣਾ ਹੈ, ਜਿੱਥੇ ਸਾਡੇ ਭਲੇ-ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ। ਇਸ ਲਈ ਸਾਨੂੰ ਨੇਕ ਆਚਰਨ ਰੱਖਦੇ ਹੋਏ ਪ੍ਰਾਰਥਨਾ ਦੁਆਰਾ ਉਸ ਪ੍ਰਭੂ ਤੋਂ ਆਪਣੀਆਂ ਅਣਜਾਣ ਭੁੱਲਾਂ ਬਖਸ਼ਾ ਲੈਣੀਆਂ ਚਾਹੀਦੀਆਂ ਹਨ। ਸਾਨੂੰ ਮਨੁੱਖਤਾ ਪ੍ਰਤੀ ਆਪਣਾ ਵਤੀਰਾ ਸ਼ੁੱਧ ਰੱਖਣਾ ਚਾਹੀਦਾ ਹੈ ਤੇ ਮਨ ਪਰਮਾਤਮਾ ਨਾਲ਼ ਜੋੜ ਕੇ ਸਦਾ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਵਾਰਤਕ ਭਾਗ - ਸੰਪੂਰਨ ਸਾਰ (ਭਾਗ-2)
5. ਬਾਬਾ ਰਾਮ ਸਿੰਘ ਕੂਕਾ - ਲੇਖਕ ਸ. ਕਪੂਰ ਸਿੰਘ
ਬਾਬਾ ਰਾਮ ਸਿੰਘ ਜੀ ਦਾ ਜਨਮ 1816 ਈ. ਵਿੱਚ ਲੁਧਿਆਣੇ ਦੇ ਕੋਲ਼ ਭੈਣੀਆ ਰਾਈਆਂ ਵਿਖੇ ਭਾਈ ਜੱਸਾ ਸਿੰਘ ਦੇ ਘਰ ਹੋਇਆ। ਬਾਬਾ ਜੀ ਦੀ ਵੱਡੀ ਭੈਣ ਸ. ਕਾਬਲ ਸਿੰਘ ਨਾਲ਼ ਵਿਆਹੀ ਹੋਈ ਸੀ। ਕਾਬਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਵਿੱਚ ਗੋਲੰਦਾਜ਼ ਤੋਪਚੀ ਸੀ। ਉਹਨਾਂ ਦੀ ਪ੍ਰੇਰਨਾ ਸਦਕਾ ਬਾਬਾ ਰਾਮ ਸਿੰਘ ਜੀ ਲਾਹੌਰ ਜਾ ਕੇ ਘੁੜ-ਚੜ੍ਹਿਆਂ ਦੀ ਪਲਟਨ ਵਿੱਚ ਭਰਤੀ ਹੋ ਗਏ। ਬਾਬਾ ਜੀ ਦਾ ਵਿਆਹ ਭਰ ਜਵਾਨੀ ਦੀ ਅਵਸਥਾ ਵਿੱਚ ਹੀ ਹੋ ਗਿਆ ਜਦੋਂ ਉਹ ਪਤਲੇ, ਗੰਢਵੇਂ ਤੇ ਲੰਮੇ ਕੱਦ ਦੇ ਨਾਲ਼ ਪ੍ਰਭਾਵਸ਼ਾਲੀ ਚਿਹਰੇ ਦੇ ਮਾਲਕ ਸਨ। ਆਪ ਦੇ ਘਰ ਦੋ ਪੁੱਤਰੀਆਂ ਨੇ ਜਨਮ ਲਿਆ। ਆਪ ਨੇ ਉਸ ਸਮੇਂ ਦੇ ਰਿਵਾਜ਼ ਦੇ ਉਲਟ ਆਪਣੀਆਂ ਲੜਕੀਆਂ ਨੂੰ ਪਿਆਰ ਤੇ ਚਾਅ ਨਾਲ਼ ਪਾਲ਼ਿਆ ਪੋਲਿਆ ਅਤੇ ਵਿੱਦਿਆ ਪੜ੍ਹਾਈ। ਆਪ ਨੇ ਸਮਾਜ ਵਿੱਚ ਮਰਦ ਤੇ ਇਸਤਰੀ ਦੀ ਸੰਪੂਰਨ ਤੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾ। ਬਾਬਾ ਰਾਮ ਸਿੰਘ ਤੇ ਹਜ਼ਰੋ ਵਿੱਚ ਬਾਬਾ ਬਾਲਕ ਸਿੰਘ ਜੀ ਦੀ ਸ਼ਖ਼ਸੀਅਤ ਦਾ ਬਹੁਤ ਪ੍ਰਭਾਵ ਪਿਆ ਜਿਸ ਕਰਕੇ ਆਪ ਪਹਿਲਾਂ ਨਾਲ਼ੋਂ ਵੀ ਵਧੇਰੇ ਤਤਪਰਤਾ ਨਾਲ਼ ਵਾਹਿਗੁਰੂ ਦਾ ਭਜਨ ਕਰਨ ਲੱਗੇ। ਸੰਨ 1846 ਈ. ਦੀ ਸਿੰਘਾਂ ਦੀ ਅੰਗਰੇਜ਼ਾਂ ਨਾਲ਼ ਮੁਦਕੀ ਦੀ ਲੜਾਈ ਪਿੱਛੋਂ ਆਪ ਭੈਣੀ ਆ ਕੇ ਲੋਹੇ-ਕੱਪੜੇ ਆਦਿ ਦੀ ਹੱਟੀ ਕਰਕੇ ਦਸਾਂ ਨਹੁੰਆਂ ਤੇ ਧਰਮ ਦੀ ਕਿਰਤ ਕਮਾਈ ਕਰਨ ਲੱਗ ਪਏ। 1857 ਈ. ਵਿੱਚ ਬਾਬਾ ਬਾਲਕ ਸਿੰਘ ਦੁਆਰਾ 'ਜਿਗਿਆਸੂਆਂ-ਅਭਿਆਸੀਆਂ' ਦੀ ਜਥੇਬੰਦੀ ਬਣਾਈ ਗਈ ਅਤੇ ਬਾਬਾ ਰਾਮ ਸਿੰਘ ਨੂੰ ਇਸ ਲਈ ਪੰਜਾਬ ਵਿੱਚ ਪ੍ਰਚਾਰਕ ਥਾਪ ਦਿੱਤਾ। ਇਹ ਜਥੇਬੰਦੀ ਬਾਅਦ ਵਿੱਚ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ। ਜਥੇਬੰਦੀ ਦੇ ਸ਼ਰਧਾਲੂਆਂ ਦੁਆਰਾ ਭੇਜੇ ਦਸਵੰਧ ਨੂੰ ਆਪ ਲੰਗਰ ਉੱਤੇ ਖ਼ਰਚ ਕਰਦੇ ਸਨ। ਆਪ ਦਾ ਨਿਸ਼ਾਨਾ ਸੀ ਕਿ ਲੋਕਾਂ ਦੀ ਰਹਿਣੀ-ਬਹਿਣੀ ਨੂੰ ਸਵੱਛ ਬਣਾਉਣਾ, ਵਹਿਮਾਂ-ਭਰਮਾਂ ਤੋਂ ਦੂਰ ਕਰਨਾ, ਸਮਾਜ ਵਿੱਚ ਇਸਤਰੀ ਤੇ ਮਰਦ ਨੂੰ ਬਰਾਬਰ ਰੱਖਣਾ, ਆਤਮਾ ਨੂੰ ਧਾਰਮਿਕ ਤੌਰ 'ਤੇ ਤਕੜੀ ਕਰਨਾ ਅਤੇ ਦੇਸ ਵਿੱਚੋਂ ਵਿਦੇਸੀਆਂ ਤੇ ਰਾਜੇ-ਰਾਣੀਆਂ ਦੀ ਪਰਾਧੀਨਤਾ ਨੂੰ ਖ਼ਤਮ ਕਰਕੇ ਜਨਤਾ ਨੂੰ ਸੁਤੰਤਰ ਕਰਨਾ ਸੀ। ਆਪ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈ. ਦੇ ਆਸ-ਪਾਸ ਆਪਣਾ ਸੁਦੇਸ਼ੀ ਡਾਕ-ਪ੍ਰਬੰਧ ਚਾਲੂ ਕਰ ਲਿਆ। ਕੁੱਝ ਘਟਨਾਵਾਂ ਬਾਬਾ ਜੀ ਦੇ ਵੱਸ ਤੋਂ ਬਾਹਰ ਦੀਆਂ ਹੋ ਗਈਆਂ, ਜਿਸ ਕਰਕੇ ਆਪ ਦੀਆਂ ਮਿਥੀਆਂ ਵਿਉਂਤਾਂ ਸਿਰੇ ਨਾ ਚੜ੍ਹ ਸਕੀਆਂ, ਅੰਗਰੇਜ਼ਾਂ ਨੇ ਆਪ ਨੂੰ ਦੇਸ-ਨਿਕਾਲਾ ਦੇ ਕੇ, ਰੰਗੂਨ ਵਿੱਚ ਭੇਜ ਦਿੱਤਾ, ਜਿੱਥੇ ਅੰਗਰੇਜ਼ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ 1885 ਈ. ਵਿੱਚ ਆਪ ਦਾ ਦੇਹਾਂਤ ਹੋ ਗਿਆ।
6. ਮਹਾਂਕਵੀ ਕਾਲੀਦਾਸ - ਲੇਖਕ ਪ੍ਰੋ. ਪਿਆਰਾ ਸਿੰਘ ਪਦਮ
ਕਵਿਤਾ ਮਹਾਂਕਵੀ ਕਾਲੀਦਾਸ ਦੀ ਪ੍ਰੀਤਮਾ ਸੀ। ਇਹਨਾਂ ਦੋਹਾਂ ਦੀ ਅਜਿਹੀ ਸੁੰਦਰ ਜੋੜੀ ਬਣੀ ਕਿ ਦੋਵੇਂ ਅਮਰ ਹੋ ਗਏ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕ੍ਰਮਾਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ। ਕਾਲੀਦਾਸ ਦੇ ਜਨਮ ਸਮੇਂ ਤੇ ਸਥਾਨ, ਮਾਤਾ-ਪਿਤਾ, ਜੀਵਨ ਪਿਛੋਕੜ, ਖ਼ਾਨਦਾਨ ਅਤੇ ਪੜ੍ਹਾਈ ਲਿਖਾਈ ਬਾਰੇ ਕੋਈ ਕੁਝ ਨਹੀਂ ਜਾਣਦਾ। ਭਾਵੇਂ ਕਵਿਤਾ ਆਪਣੇ ਪ੍ਰੀਤਮ ਕਾਲੀਦਾਸ ਬਾਰੇ ਕਾਫੀ ਕੁਝ ਦੱਸਦੀ ਹੈ ਪਰ ਹੁਣ ਲੋਕ ਉਸ ਬਾਰੇ ਅਨੁਮਾਨ ਲਾ ਕੇ ਦੱਸਦੇ ਹਨ ਕਿ ਕਾਲੀਦਾਸ ਹਿੰਦੁਸਤਾਨ ਦੇ ਪ੍ਰਤਾਪੀ ਬਾਦਸ਼ਾਹ ਬਿਕ੍ਰਮਾਜੀਤ ਜੀ ਦੇ ਨੌ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਇਤਿਹਾਸਕਾਰ ਕੱਲ੍ਹਣ ਆਪਣੀ ਪੁਸਤਕ 'ਰਾਜ ਤੰਗਣੀ' ਵਿੱਚ ਤਿੰਨ ਬਿਕ੍ਰਮਾਦਿਤਾਂ ਦਾ ਜ਼ਿਕਰ ਕਰਦਾ ਹੈ। ਇੱਕ ਗਿਆਰਵੀਂ ਸਦੀ ਵਿੱਚ, ਇੱਕ ਚੌਥੀ ਸਦੀ ਵਿੱਚ ਅਤੇ ਇੱਕ ਪਹਿਲੀ ਸਦੀ ਤੋਂ ਪਹਿਲਾਂ ਹੋਇਆ। ਬਿਕ੍ਰਮੀ ਸੰਮਤ ਪਹਿਲੇ ਬਿਕ੍ਰਮਾਦਿਤ ਦੇ ਨਾਂ 'ਤੇ ਪਹਿਲੀ ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਸ਼ੁਰੂ ਹੋਇਆ। ਇਹ ਬਿਕ੍ਰਮਾਦਿਤ ਉਜੈਨ ਦਾ ਬਾਦਸ਼ਾਹ ਸੀ ਅਤੇ ਕਾਲੀਦਾਸ ਇਸ ਦੇ ਦਰਬਾਰ ਦਾ ਸ਼ਿੰਗਾਰ ਸੀ। ਕਾਲੀਦਾਸ ਨੇ ਆਪਣੀਆਂ ਪੁਸਤਕਾਂ ਵਿੱਚ ਉਜੈਨ ਨਗਰੀ ਨੂੰ ਗੂੜ੍ਹੇ ਸਨੇਹ ਨਾਲ਼ ਬਿਆਨ ਕੀਤਾ ਹੈ। ਕਾਲੀਦਾਸ ਦੀਆਂ ਸੱਤ ਪੁਸਤਕਾਂ ਵਿੱਚੋਂ ਚਾਰ ਕਾਵਿ ‘ਰਘੁਵੰਸ਼' ‘ਕੁਮਾਰ ਸੰਭਵ’ 'ਰਿਤੂ ਸੰਹਾਰ' ਤੇ 'ਮੇਘ ਦੂਤ' ਅਤੇ ਤਿੰਨ ਨਾਟਕ 'ਅਭਿਗਿਆਨ ਸ਼ਕੁੰਤਲਾ’, 'ਵਿਕ੍ਰਮੋਰਵਸ਼ੀ' ਤੇ 'ਮਾਲਵਿਕਾਗਨਿਮਿਤ੍ਰ' ਪ੍ਰਸਿੱਧ ਹਨ। ਇਸ ਤੋਂ ਇਲਾਵਾ ਵੀ ਉਸ ਦੇ ਨਾਂ ਨਾਲ਼ 10-15 ਪੁਸਤਕਾਂ ਮਨਸੂਬ ਕੀਤੀਆਂ ਜਾਂਦੀਆਂ ਹਨ। ਕਾਲੀਦਾਸ ਦੇ ਨਾਟਕ ਸੁਖਾਂਤ ਹਨ ਜੋ ਅੰਤ ਵਿੱਚ ਖ਼ੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਮੂਰਤੀਮਾਨ ਕਰਦੇ ਹਨ। ਉਸ ਦੀ ਕਵਿਤਾ ਕੱਚਾ ਦੁੱਧ ਹੈ, ਕਿਤੇ ਪਤਲੀ ਲੱਸੀ ਨਹੀਂ ਜੋ ਚਮਤਕਾਰਾਂ, ਉਪਮਾਵਾਂ ਤੇ ਸੁੰਦਰ ਸ਼ਬਦਾਵਲੀ ਨਾਲ਼ ਭਰਪੂਰ ਹੈ। ਪੂਰਬ ਦੇ ਲੋਕ ਕਾਲੀਦਾਸ ਦਾ ਨਾਂ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ। ਇੱਕ ਵਿਦਵਾਨ ਨੇ ਕਵੀਆਂ ਦੀ ਗਿਣਤੀ ਕਰਦਿਆਂ ਚੀਚੀ ਲਾਗਲੀ ਉਂਗਲੀ ਨੂੰ 'ਅਨਾਮਿਕਾ’ ਦਾ ਨਾਮ ਦੇ ਗਿਆ। ਜਿਸ ਦਾ ਅਰਥ ਹੈ ਕੋਈ ਨਾਂ ਥਾਂ ਨਹੀਂ ਜਾਂ ਉਹ ਹੈ ਹੀ ਨਹੀਂ। ਪੱਛਮ ਦੇ ਲੋਕ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਕਹਿੰਦੇ ਹਨ।
7. ਮੇਰੇ ਵੱਡੇ-ਵਡੇਰੇ - ਲੇਖਕ ਗਿਆਨੀ ਗੁਰਦਿੱਤ ਸਿੰਘ
ਲੇਖਕ ਦੇ ਵੱਡੇ-ਵਡੇਰੇ ਨਾ ਤਾਂ ਕਿਸੇ ਰਾਜੇ ਜਾਂ ਨਵਾਬ ਦੇ ਨੌਕਰ ਸਨ ਅਤੇ ਨਾ ਹੀ ਰਾਈਸ ਜਾਂ ਬਖਤਾਵਰ ਸਨ। ਉਹ ਨਾ ਅਧਿਆਤਮਿਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸਨ ਅਤੇ ਨਾ ਹੀ ਵਿਦਵਾਨ ਸਨ। ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ। ਲੇਖਕ ਦੇ ਬਾਬੇ ਚਾਰ ਭਰਾ ਸਨ, ਜੋ ਨਰੋਏ ਸਰੀਰਾਂ ਦੇ ਅਤੇ ਦੱਬ ਕੇ ਵਾਹੁਣ ਤੇ ਰੱਜ ਕੇ ਖਾਣ ਵਾਲ਼ੇ ਸਨ। ਉਹ ਆਸ-ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਲੋਕ ਆਖਦੇ ਸਨ ਕਿ ਜਿਸ ਖੇਤ ਵਿੱਚੋਂ ਇਹ ਚਾਰੇ ਲੰਘ ਜਾਂਦੇ ਉੱਥੇ ਡੰਡੀ ਪੈ ਜਾਂਦੀ ਸੀ। ਉਹਨਾਂ ਦੇ ਚੰਗੇ ਕੱਦ-ਕਾਠ ਨਾਲ਼ ਖੁਰਾਕ ਏਨੀ ਸੀ ਕਿ ਇੱਕ ਵਾਰ ਛਾਪੇ ਪਿੰਡ ਵਾਲ਼ੇ ਰਿਸ਼ਤੇਦਾਰਾਂ ਦੇ ਘਰ ਵਿਆਹ 'ਤੇ ਗਏ ਤੇ ਉਹ ਮੇਲ਼-ਗੇਲ਼ ਲਈ ਬਣਾਇਆ ਪ੍ਰਸ਼ਾਦ ਦਾ ਸਾਰਾ ਕੜਾਹਾ ਚਟਮ ਕਰ ਗਏ, ਜਿਸ ਤੋਂ ਬਾਅਦ ਛਾਪੇ ਵਾਲ਼ਿਆਂ ਨੇ ਉਹਨਾਂ ਨਾਲ਼ ਮਿਲ਼ਣਾ-ਵਰਤਣਾ ਬੰਦ ਕਰ ਦਿੱਤਾ। ਉਸ ਦੇ ਇੱਕ ਬਾਬੇ ਪੁਨੂੰ ਨੇ ਇੱਕ ਭੂਤਰੇ ਪਹਿਲਵਾਨ ਦੀ ਘੋਲ ਵਿੱਚ ਤੋਬਾ ਕਰਵਾ ਦਿੱਤੀ ਜੋ ਪਿੰਡ ਵਿੱਚ ਕੋਈ ਪਹਿਲਵਾਨ ਨਾ ਹੋਣ ਕਰਕੇ ਪਿੰਡ ਦੇ ਚੌਧਰੀ ਤੋਂ ਪੱਕੀ ਰਸਦ ਮੰਗਦਾ ਸੀ। ਉਸ ਦਾ ਇੱਕ ਬਾਬਾ ਇਕੱਲਾ ਹੀ ਹਨੇਰੀ ਨਾਲ਼ ਡਿੱਗੇ ਇੱਕ ਭਾਰੇ ਸ਼ਹਿਤੂਤ ਨੂੰ ਬਿਨਾਂ ਛਾਂਗਿਆਂ ਹੀ ਘਸੀਟ ਕੇ ਘਰ ਲੈ ਆਇਆ। ਉਸ ਦਾ ਬਾਬਾ ਦਾਸ ਕੁੱਝ ਬੰਦਿਆਂ ਦੁਆਰਾ ਮੈਰੇ ਵਿੱਚ ਸੁੱਟੀ ਕਿੱਕਰ ਦੀ ਗੇਲੀ ਨੂੰ ਇਕੱਲਾ ਹੀ ਚੁੱਕ ਲਿਆਇਆ ਤੇ ਅੱਸੀ ਨੱਬੇ ਵਰ੍ਹੇ ਬਾਅਦ ਉਸ ਲਟੈਣ ਨੂੰ ਚੜ੍ਹਾਉਣ ਲਈ ਪਿੰਡ ਦੇ ਅੱਠ-ਦਸ ਚੋਣਵੇਂ ਗੱਭਰੂਆਂ ਦੀ ਮਦਦ ਲੈਣੀ ਪਈ। ਬਾਬਿਆਂ ਦੀਆਂ ਭੈਣਾਂ ਵੀ ਕਿਸੇ ਗੱਲੋਂ ਘੱਟ ਨਹੀਂ ਸਨ। ਇੱਕ ਇਕੱਲੀ ਭੈਣ ਦੁਆਰਾ ਚੁੱਕ ਕੇ ਲਿਆਂਦੀ ਜੁਆਰ ਦੇ ਸਿੱਟਿਆਂ ਦੀ ਪੰਡ ਵਿੱਚੋਂ ਪੰਜ ਮਣ ਕੱਚੀ ਜੁਆਰ ਨਿਕਲ਼ੀ। ਉਹਨਾਂ ਦੀ ਇੱਕ ਭੈਣ ਚੜਿਕ ਵਿਆਹੀ ਹੋਈ ਸੀ। ਸ਼ਾਮ ਨੂੰ ਬਾਹਰ ਜਾਣ ਵੇਲ਼ੇ ਉਸਨੇ ਇੱਕ ਪਹਿਲਵਾਨ ਨੂੰ ਮੁਗਦਰ ਚੁੱਕਦਾ ਦੇਖਿਆ। ਵਾਪਸ ਆਉਣ ਸਮੇਂ ਅਖਾੜਾ ਬਿੱਝੜ ਚੁੱਕਾ ਸੀ। ਉਸ ਨੇ ਰਾਹ ਵਿੱਚ ਪਏ ਮੁਗਦਰ ਨੂੰ ਵਗਾਹ ਕੇ ਮਾਰਿਆ। ਜਦੋਂ ਪਹਿਲਵਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਾਬਿਆਂ ਦੀ ਭੈਣ ਲਈ 101 ਰੁ ਅਤੇ ਸੁੱਚੇ ਤਿਓਰ ਦਾ ਨਜ਼ਰਾਨਾ ਲੈ ਕੇ ਆਇਆ। ਉਸ ਭੈਣ ਦੇ ਦੋ ਪੁੱਤਰਾਂ ਵਿੱਚੋਂ ਇੱਕ ਮੰਗਲ ਸਿੰਘ ਨਾਮੀ ਪਹਿਲਵਾਨ ਬਣਿਆ। ਲੇਖਕ ਨੂੰ ਲਗਦਾ ਸੀ ਕਿਤੇ ਉਸ ਦੇ ਵੱਡ-ਵਡੇਰੇ ਕੋਈ ਦਿਓ ਦਾਨੋ ਤਾਂ ਨਹੀਂ ਸਨ।