PSEB CLASS 10 PUNJABI A VARTAK BHAG ( QUESTIONS AND ANSWERS)

1. ਰਬਾਬ ਮੰਗਾਉਨ ਦਾ ਵਿਰਤਾਂਤ - ਲੇਖਕ ਗਿ: ਦਿੱਤ ਸਿੰਘ
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ?
ਉੱਤਰ - ਆਮ ਲੋਕ ਖੱਤਰੀ ਜਾਤ ਨਾਲ਼ ਸਬੰਧਿਤ ਭਲਿਆਂ ਦੇ ਪੁੱਤ-ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ-ਪਹਿਨਣ ਭੁਲਾ ਕੇ ਮਰਦਾਨੇ ‘ਡੂੰਮ' ਨੂੰ ਨਾਲ਼ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਿਆਂ ਦੇਖ ਕੇ ‘ਕੁਰਾਹੀਆ' ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ, ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ।
ਪ੍ਰਸ਼ਨ 2. ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ, ਤਾਂ ਲੋਕਾਂ ਨੇ ਉਸ ਨਾਲ਼ ਕੀ ਵਿਹਾਰ ਕੀਤਾ?
ਉੱਤਰ - ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ, ਤਾਂ ਲੋਕਾਂ ਨੇ ਉਸ ਨਾਲ਼ ਬਹੁਤ ਬੁਰਾ ਸਲੂਕ ਕੀਤਾ। ਲੋਕ ਉਸ ਨੂੰ ਠੱਠਾ-ਮਖੌਲ ਕਰਨ ਲੱਗੇ ਅਤੇ ਕਹਿਣ ਲੱਗੇ ਕਿ ‘ਕੁਰਾਹੀਏ ਦਾ ਡੂੰਮ ਆਇਆ ਹੈ। ਕਈ ਲੋਕ ਉਸ ਨੂੰ ਹੋਰ ਵੀ ਬਹੁਤ ਬੁਰੇ-ਭਲੇ ਸ਼ਬਦ ਬੋਲ ਰਹੇ ਸਨ ਤੇ ਕਈਆਂ ਨੇ ਉਸ ਉੱਤੇ ਮਿੱਟੀ ਚੁੱਕ ਕੇ ਸੁੱਟੀ।
ਪ੍ਰਸ਼ਨ 3. ਮਰਦਾਨੇ ਨੇ ਨਗਰ ਵਿੱਚ ਉਸ ਨਾਲ਼ ਜੋ ਬੀਤੀ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ, ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ ?
ਉੱਤਰ - ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ, ਲੋਕਾਂ ਦਾ ਕੰਮ ਝੱਖ ਮਾਰਨਾ ਹੈ, ਉਹ ਲੋਕਾਂ ਤੋਂ ਬੇਪਰਵਾਹ ਰਹੇ ਤੇ ਸੰਸਾਰ ਦਾ ਨਾਂ ਬਣੇ ਕਿਉਂਕਿ ਉਨ੍ਹਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਲੋਕਾਂ ਦੇ ਝੱਖ ਮਾਰਨ ਨਾਲ਼ ਕੁਝ ਨਹੀਂ ਵਿਗੜਦਾ। ਕੁੱਤੇ ਆਪੇ ਭੌਂਕ ਕੇ ਚੁੱਪ ਕਰ ਜਾਂਦੇ ਹਨ।
ਪ੍ਰਸ਼ਨ 4. ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ - ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਿਆ ਅਤੇ ਕਿਹਾ ਕਿ ਉਹ ਸਾਧਾਂ ਵਾਲ਼ੀ ਬਿਰਤੀ ਧਾਰਨ ਕਰ ਚੁੱਕੇ ਬੇਦੀ ਖੱਤਰੀ ਨਾਨਕ ਨਾਲ਼ ਰਹਿੰਦਾ ਹੈ, ਜੋ ਅਗੰਮ ਦੀ ਬਾਣੀ ਉਚਾਰਦਾ ਹੈ ਤੇ ਉਸ ਨੇ ਉਸ ਨੂੰ ਉਸ ਤੋਂ ਰਬਾਬ ਲੈਣ ਭੇਜਿਆ ਹੈ। ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆਂ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਕਿਹਾ ਕਿ ਇਸ ਦਾ ਵੀ ਉਸ ਗੁਰੂ ਜੀ ਨਾਲ਼ ਕੋਈ ਪੁਰਾਣਾ ਸੰਬੰਧ ਹੈ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. 'ਰਬਾਬ ਮੰਗਾਉਨ ਦਾ ਵਿਰਤਾਂਤ' ਸਾਖੀ ਦਾ ਲੇਖਕ ਕੌਣ ਹੈ?
ਉੱਤਰ - ਗਿ: ਦਿੱਤ ਸਿੰਘ।
ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲੱਗੇ?
ਉੱਤਰ - ਜੰਗਲ ਵਿੱਚ।
ਪ੍ਰਸ਼ਨ 3. ਗੁਰੂ ਜੀ ਨੂੰ ਹਿੰਦੂ ਮੁਸਲਮਾਨ ਲੋਕ ਕੀ ਕਹਿ ਰਹੇ ਸਨ?
ਉੱਤਰ - ਕੁਰਾਹੀਆ।
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਕਿਸ ਕੁੱਲ ਵਿੱਚੋਂ ਸਨ?
ਉੱਤਰ - ਵੇਦੀ ਖੱਤਰੀ।
ਪ੍ਰਸ਼ਨ 5. ਗੁਰੂ ਜੀ ਦਾ ਸਾਥੀ ਕੌਣ ਸੀ?
ਉੱਤਰ - ਭਾਈ ਮਰਦਾਨਾ।
ਪ੍ਰਸ਼ਨ 6. ਗੁਰੂ ਜੀ ਨੂੰ ਸਭ ਤੋਂ ਵੱਧ ਕਿਹੜਾ ਸਾਜ਼ ਪਸੰਦ ਸੀ?
ਉੱਤਰ - ਰਬਾਬ।
ਪ੍ਰਸ਼ਨ 7. 'ਰਬਾਬ ਮੰਗਾਉਨ ਦਾ ਵਿਰਤਾਂਤ' ਲੇਖ ਵਿੱਚ ਬੀਬੀ ਕੌਣ ਹੈ?
ਉੱਤਰ - ਗੁਰੂ ਜੀ ਦੀ ਭੈਣ ਬੇਬੇ ਨਾਨਕੀ।
ਪ੍ਰਸ਼ਨ 8. ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ?
ਉੱਤਰ - ਕੁਰਾਹੀਏ ਦਾ ਡੂੰਮ।
ਪ੍ਰਸ਼ਨ 9. ਰਬਾਬੀ ਦਾ ਕੀ ਨਾਂ ਸੀ?
ਉੱਤਰ - ਫਰਹਿੰਦਾ।
ਪ੍ਰਸ਼ਨ 10. ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਕਿੰਨੇ ਰੁਪਏ ਲੈਣ ਲਈ ਕਿਹਾ?
ਉੱਤਰ - ਸੱਤ।
2. ਘਰ ਦਾ ਪਿਆਰ - ਲੇਖਕ ਪ੍ਰਿੰ. ਤੇਜਾ ਸਿੰਘ
ਛੋਟੇ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. 'ਘਰ ਦਾ ਪਿਆਰ' ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ?
ਉੱਤਰ - ਲੇਖ ਅਨੁਸਾਰ ਘਰ ਤੋਂ ਭਾਵ ਹੈ, ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਜਿੱਥੇ ਮਾਂ, ਭੈਣ ਅਤੇ ਭਰਾ ਕੋਲੋਂ ਲਾਡ-ਪਿਆਰ ਲਿਆ ਹੁੰਦਾ ਹੈ। ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਖੱਟੀ-ਕਮਾਈ ਕਰਕੇ ਮੁੜ ਆਉਣ ਨੂੰ ਜੀਅ ਕਰਦਾ ਹੈ। ਘਰ ਵਿੱਚ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲ਼ੀ ਵਿਹਲ ਨੂੰ ਆਰਾਮ ਨਾਲ਼ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸੁਆਦ ਆਉਂਦਾ ਹੈ।
ਪ੍ਰਸ਼ਨ 2. ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ ਵਿਚਾਰ ਕਰੋ।
ਉੱਤਰ - ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਕਿਉਂਕਿ ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਜਿੱਥੇ ਸਮਾਜਿਕ ਅਤੇ ਸੰਸਾਰਿਕ ਆਲ਼ੇ-ਦੁਆਲ਼ੇ ਦਾ ਪ੍ਰਭਾਵ ਪੈਂਦਾ ਹੈ, ਉੱਥੇ ਘਰ ਦੇ ਅੰਦਰ ਦੇ ਹਾਲਾਤ ਵੀ ਮਨੁੱਖ ਦੀ ਸ਼ਖ਼ਸੀਅਤ ਘੜਨ ਵਿੱਚ ਕੰਮ ਕਰਦੇ ਹਨ। ਉਸ ਦੀਆਂ ਰੁਚੀਆਂ ਅਤੇ ਸੁਭਾਅ ਘਰ ਦੇ ਹਲਾਤ ਵਾਲ਼ੇ ਸਾਂਚੇ ਵਿੱਚ ਹੀ ਢਲਦੇ ਹਨ। ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਸੜੀਅਲ ਅਤੇ ਖਿਝੂ ਹੁੰਦੇ ਹਨ, ਜਦ ਕਿ ਘਰ ਵਿਚਲਾ ਸਬੰਧੀਆਂ ਦਾ ਪਿਆਰ ਮਨੁੱਖ ਵਿੱਚ ਪਿਆਰ, ਹਮਦਰਦੀ, ਨਿਮਰਤਾ, ਕੁਰਬਾਨੀ ਤੇ ਸੇਵਾ ਦੇ ਭਾਵ ਪੈਦਾ ਕਰਦਾ ਹੈ।
ਪ੍ਰਸ਼ਨ 3. 'ਘਰ ਦਾ ਪਿਆਰ' ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਚਿਤਰਿਆ ਹੈ?
ਉੱਤਰ - ਬਿਰਧ ਬੀਬੀ ਦਾ ਸੁਭਾਅ ਨੇਕੀ, ਉਪਕਾਰ ਤੇ ਹਮਦਰਦੀ ਵਾਲ਼ਾ ਹੈ। ਉਹ ਹਰ-ਰੋਜ ਗੁਰਦੁਆਰੇ ਜਾਂਦੇ ਹਨ। ਬੱਚਿਆਂ ਨਾਲ਼ ਬੱਚੇ ਹੀ ਬਣ ਜਾਂਦੇ ਹਨ, ਪਰ ਉਨ੍ਹਾਂ ਦਾ ਸੁਭਾਅ ਬਹੁਤ ਖਰ੍ਹਵਾ ਹੈ। ਉਹ ਨਿੱਕੀ-ਨਿੱਕੀ ਗੱਲ ਉੱਤੇ ਖਿਝ ਜਾਂਦੇ ਹਨ ਅਤੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਨ੍ਹਾਂ ਦੇ ਨਰਮ ਤੇ ਕੋਮਲ ਸੁਭਾ ਦਾ ਗੁੱਸੇ ਹੇਠ ਆਉਣ ਦਾ ਕਾਰਨ ਉਨ੍ਹਾਂ ਦੇ ਜੀਵਨ ਵਿੱਚ ਪਿਆਰ ਦੀ ਕਮੀ ਹੈ। ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਅਤੇ ਝੋਲੀ ਧੀਆਂ ਪੁੱਤਰਾਂ ਤੋਂ ਖ਼ਾਲੀ ਰਹੀ। ਜਿਸ ਕਰਕੇ ਉਹ ਘਰ ਦੇ ਪਿਆਰ ਸੱਖਣੀ ਹੀ ਰਹੀ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. 'ਘਰ ਦਾ ਪਿਆਰ' ਲੇਖ ਕਿਸ ਦੀ ਰਚਨਾ ਹੈ?
ਉੱਤਰ - ਪ੍ਰਿੰ: ਤੇਜਾ ਸਿੰਘ ਦੀ।
ਪ੍ਰਸ਼ਨ 13. ਲੇਖਕ ਦੇ ਪਿੰਡ ਦਾ ਕੀ ਨਾਂ ਸੀ?
ਉੱਤਰ - ਅਡਿਆਲਾ।
3. ਬੋਲੀ - ਲੇਖਕ ਸ. ਗੁਰਬਖ਼ਸ਼ ਸਿੰਘ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. "ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ।” ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?
ਉੱਤਰ - ਲੇਖਕ ਅਨੁਸਾਰ ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ਸੁਹਜ ਅਤੇ ਕੋਝ ਦੀ ਪਹਿਚਾਣ ਉਸ ਦੇ ਚਿਹਰੇ ਤੋਂ ਹੁੰਦੀ ਹੈ, ਉਸ ਤਰ੍ਹਾਂ ਹੀ ਮਨੁੱਖ ਦੀ ਬੋਲੀ ਤੋਂ ਉਸ ਦੀ ਆਤਮਾ ਦੀ ਅਮੀਰੀ ਜਾਂ ਕੰਗਾਲੀ ਦਾ ਪਤਾ ਲੱਗਦਾ ਹੈ। ਲਫ਼ਜ਼ ਮਨੁੱਖ ਦੀ ਅੰਦਰਲੀ ਅਮੀਰੀ, ਤਜ਼ਰਬੇ ਅਤੇ ਅਕਲ ਦੇ ਸੂਚਕ ਹੁੰਦੇ ਹਨ।
ਪ੍ਰਸ਼ਨ 2. ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂ?
ਉੱਤਰ - ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬਚਪਨ ਵਿੱਚ ਉਨ੍ਹਾਂ ਦੇ ਬਾਲ-ਮਨਾਂ 'ਤੇ ਜਿਹੜੇ ਲਫ਼ਜ਼ ਚਿਤਰੇ ਜਾਂਦੇ ਹਨ, ਉਹ ਉਹਨਾਂ ਨੂੰ ਕਦੇ ਨਹੀਂ ਭੁੱਲਦੇ ਤੇ ਇਹ ਸਾਰੀ ਉਮਰ ਉਹਨਾਂ ਦੇ ਮੁਹਰਾਂ ਵਾਂਗ ਕੰਮ ਆਉਂਦੇ ਹਨ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 2. ਮਨੁੱਖ ਦੇ ਸਰੀਰ ਦਾ ਚਿੱਤਰ ਕਿਹੜੀ ਚੀਜ਼ ਹੈ?
ਉੱਤਰ - ਮੂੰਹ।
ਪ੍ਰਸ਼ਨ 10. ਸਾਡੀ ਬੋਲੀ ਕਿਹੜੀ ਹੁੰਦੀ ਹੈ?
ਉੱਤਰ - ਸਾਡੀ ਮਾਂ ਬੋਲੀ।
4. ਪ੍ਰਾਰਥਨਾ - ਲੇਖਕ ਡਾ: ਬਲਬੀਰ ਸਿੰਘ
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸਨ 1. ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ - ਮਨੁੱਖ ਲਈ ਅਰਦਾਸ ਇਕ ਅਤਿਅੰਤ ਜ਼ਰੂਰੀ ਫ਼ਰਜ਼ ਹੈ। ਜੀਵਨ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ, ਜਦੋਂ ਵੱਡੇ ਤੋਂ ਵੱਡੇ ਰਾਠ ਤੇ ਸਿਆਣੇ ਆਦਮੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਅਰਦਾਸ ਜ਼ਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ, ਮਰਨ ਵੇਲੇ, ਵਿਆਹ ਵੇਲੇ, ਰੋਗ ਵੇਲੇ, ਜੰਗ ਵੇਲੇ ਅਤੇ ਮੁਸ਼ਕਿਲ ਸਮੇਂ ਕਾਰਜ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਲਈ ਕੀਤੀ ਜਾਂਦੀ ਹੈ। ਅਰਦਾਸ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ।
ਪ੍ਰਸ਼ਨ 2. ਪ੍ਰਸਿੱਧ ਲੇਖਕ ਔਸਕਰ ਵਾਇਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ - ਔਸਕਰ ਵਾਇਲਡ ਦਾ ਵਿਚਾਰ ਹੈ ਕਿ 'ਅਰਦਾਸ' ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ। ਅਰਦਾਸ ਦਾ ਉੱਤਰ ਮਿਲੇ ਤਾਂ ਉਹ ਅਰਦਾਸ ਨਹੀਂ ਰਹਿੰਦੀ, ਸਗੋਂ ਖ਼ਤੋ-ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ।
ਪ੍ਰਸ਼ਨ 3. ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਾ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ - ਸਿੱਖ ਧਰਮ ਵਿੱਚ ਅਰਦਾਸ ਦੀ ਖ਼ਾਸ ਮਹਾਨਤਾ ਹੈ। ਸਿੱਖ ਲਈ ਅਰਦਾਸ ਚੜ੍ਹਦੀ ਕਲਾ ਵਿੱਚ ਰਹਿਣ ਦਾ ਸਾਧਨ ਹੈ। ਸਿੱਖ ਧਰਮ ਵਿੱਚ ਅਰਦਾਸ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ, ਜੋ ਮਨੁੱਖ ਨੂੰ ਸਹਿਜ-ਸੁਭਾ ਛੁਟੇਰੇਪਨ ਵਿਚੋਂ ਕੱਢ ਕੇ ਵੱਡਾ ਬਣਾ ਦਿੰਦੀ ਹੈ।
ਪ੍ਰਸ਼ਨ 4. ਪ੍ਰਾਰਥਨਾ ਕਰਨ ਨਾਲ਼ ਕੈਦੀ ਦੇ ਵਿਹਾਰ ਵਿੱਚ ਕਿਹੋ-ਜਿਹੀ ਤਬਦੀਲੀ ਆਈ ਤੇ ਕਿਵੇਂ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ - ਪ੍ਰਾਰਥਨਾ ਕਰਨ ਨਾਲ਼ ਕੈਦੀ ਦਾ ਮਨ ਸ਼ਾਂਤ ਹੋ ਗਿਆ। ਉਹ ਹਰ ਰੋਜ਼ ਪਾਠ ਕਰਨ ਅਤੇ ਉਸ ਦੇ ਅਰਥ ਸਮਝਣ ਲੱਗ ਪਿਆ, ਜਿਸ ਕਾਰਨ ਉਸ ਦੇ ਸੁਭਾਅ ਵਿੱਚ ਮਿਠਾਸ ਤੇ ਨਿਮਰਤਾ ਆ ਗਈ। ਉਸ ਦਾ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਕਾਇਮ ਹੋ ਗਿਆ। ਅਰਦਾਸ ਕਰਕੇ ਉਸ ਨੇ ਸੰਸਾਰਿਕ ਪਦਾਰਥਾਂ ਤੇ ਪਦਵੀਆਂ ਤੋਂ ਵੀ ਮੂੰਹ ਮੋੜ ਲਿਆ।
ਪ੍ਰਸ਼ਨ 5. ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮੁਆਫ਼ ਕਿਵੇਂ ਕਰ ਦਿੱਤੀ?
ਉੱਤਰ - ਵਾਹਿਗੁਰੂ ਅੱਗੇ ਅਰਦਾਸ ਕਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਮਾਨਸਿਕ ਹਾਲਤ ਵਿੱਚ ਸੁਧਾਰ ਆਇਆ ਅਤੇ ਉਨ੍ਹਾਂ ਨੂੰ ਚੰਗੀ ਨੀਂਦ ਆ ਗਈ, ਜਿਸ ਕਰਕੇ ਉਨ੍ਹਾਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਕੈਦੀ ਦੀ ਸਜ਼ਾ ਮੁਆਫ਼ ਕਰ ਦਿੱਤੀ।
ਪ੍ਰਸਨ 6. ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ - ਕੈਦੀ ਨੇ ਆਪਣੇ ਨਾਲ਼ ਬੀਤੀ ਸਾਰੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਿਰਪਾ ਨਾਲ ਹੀ ਉਹ ਧਾੜਵੀ ਤੋਂ ਸਰਦਾਰ ਬਣਿਆ ਸੀ ਅਤੇ ਉਨ੍ਹਾਂ ਦੀ ਕੈਦ ਵਿੱਚ ਰਹਿ ਕੇ ਹੀ ਉਹ ਆਪਣੇ ਸੱਚੇ ਪਿਤਾ ਵਾਹਿਗੁਰੂ ਦੇ ਪ੍ਰੇਮ ਤੋਂ ਜਾਣੂ ਹੋ ਗਿਆ ਹੈ। ਪਰਮਾਤਮਾ ਦੇ ਪਿਆਰ ਨੂੰ ਪਾ ਕੇ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੀ ਹੈ। ਹੁਣ ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਹੋ ਗਿਆ ਹੈ। ਇਸ ਕੈਦ ਤੋਂ ਮੁਕਤੀ ਪ੍ਰਾਪਤ ਕਰਨ ਤੋਂ ਬਾਅਦ ਪ੍ਰਭੂ ਨੇ ਹੀ ਉਸ ਨੂੰ ਮਹਾਂ-ਭੌਜਲ ਤੋਂ ਪਾਰ ਕਰਵਾਉਣਾ ਹੈ।
ਪ੍ਰਸਨ 7. ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿੱਚਰਨਾ ਚਾਹੀਦਾ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ - ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਵਿੱਚਰਦਿਆਂ ਪਰਮਾਤਮਾ ਤੋਂ ਆਪਣੀਆਂ ਅਣਜਾਣ ਭੁੱਲਾਂ ਬਖ਼ਸ਼ਾ ਕੇ ਭਜਨ ਰੂਪੀ ਖੇਪ ਲੱਦਣੀ ਚਾਹੀਦੀ ਹੈ। ਉਸ ਨੂੰ ਜਗਤ ਨਾਲ ਆਪਣਾ ਵਿਹਾਰ ਸ਼ੁੱਧ ਰੱਖਣਾ ਚਾਹੀਦਾ ਹੈ। ਮਨ ਕਰਤਾਰ ਵੱਲ ਰੱਖ ਕੇ ਸਦਾ ਪ੍ਰਾਰਥਨਾ ਕਰਦਿਆਂ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਪ੍ਰਾਰਥਨਾ ਨਿਬੰਧ ਦਾ ਲੇਖਕ ਕੌਣ ਹੈ?
ਉੱਤਰ - ਡਾ: ਬਲਬੀਰ ਸਿੰਘ।
ਪ੍ਰਸ਼ਨ 2. ਦੁਨੀਆਂ ਵਿੱਚ ਸਭ ਤੋਂ ਸਿਆਣਾ ਆਦਮੀ ਕੌਣ ਗਿਣਿਆ ਜਾਂਦਾ ਹੈ?
ਉੱਤਰ - ਸੁਕਰਾਤ।
ਪ੍ਰਸ਼ਨ 3. ਸੁਕਰਾਤ ਨੇ ਸ਼ਰਬਤ ਵਾਂਗ ਕੀ ਪੀਤਾ ਸੀ?
ਉੱਤਰ - ਜ਼ਹਿਰ ਦਾ ਪਿਆਲਾ।
ਪ੍ਰਸ਼ਨ 4. ਕਿਹੜੇ ਧਰਮ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ?
ਉੱਤਰ - ਸਿੱਖ ਧਰਮ ਵਿੱਚ।
ਪ੍ਰਸ਼ਨ 5. ਅਰਦਾਸ ਕਦੋਂ ਕੀਤੀ ਜਾਂਦੀ ਹੈ?
ਉੱਤਰ - ਹਰ ਸੰਸਾਰਿਕ ਮੌਕੇ ਉੱਤੇ।
ਪ੍ਰਸ਼ਨ 6. ਖ਼ਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਕਦੋਂ ਬੱਝਾ?
ਉੱਤਰ - 1893 ਈ: ਵਿੱਚ।
ਪ੍ਰਸ਼ਨ 7. ਖ਼ਾਲਸਾ ਟ੍ਰੈਕਟ ਸੁਸਾਇਟੀ ਦੇ ਪਹਿਲੇ ਟ੍ਰੈਕਟ ਦਾ ਨਾਂ ਕੀ ਸੀ?
ਉੱਤਰ - ਪ੍ਰਾਰਥਨਾ।
ਪ੍ਰਸ਼ਨ 8. ਖ਼ਾਲਸਾ ਟ੍ਰੈਕਟ ਸੁਸਾਇਟੀ ਕਿਸ ਦੇ ਯਤਨ ਦਾ ਸਿੱਟਾ ਸੀ?
ਉੱਤਰ - ਭਾਈ ਵੀਰ ਸਿੰਘ ਦੇ।
ਪ੍ਰਸ਼ਨ 9. ਅਰਦਾਸ ਕਦੋਂ ਖ਼ਤੋ-ਕਿਤਾਬਤ ਬਣ ਜਾਂਦੀ ਹੈ?
ਉੱਤਰ - ਜਦੋਂ ਉੱਤਰ ਦੀ ਉਡੀਕ ਰੱਖੀ ਜਾਵੇ।
ਪ੍ਰਸ਼ਨ 10. ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ?
ਉੱਤਰ - ਸਰਬੱਤ ਦੇ ਭਲੇ ਦੀ।
ਪ੍ਰਸਨ 11. ਸਿੱਖ ਲਈ ਚੜਦੀ ਕਲਾ ਦਾ ਸਾਧਨ ਕੀ ਹੈ?
ਉੱਤਰ - ਅਰਦਾਸ।
ਪ੍ਰਸ਼ਨ 12. ਸਰਦਾਰ ਨੂੰ ਕਿੱਥੇ ਕੈਦ ਕੀਤਾ ਗਿਆ?
ਉੱਤਰ - ਰੁਹਤਾਸ ਦੇ ਕਿਲ੍ਹੇ ਵਿੱਚ।
ਪ੍ਰਸ਼ਨ 13. ਇਕ ਦਿਨ ਅਚਾਨਕ ਧਾੜਵੀ ਨੂੰ ਕੀ ਮਿਲਿਆ?
ਉੱਤਰ - ਇਕ ਪੋਥੀ।
ਪ੍ਰਸ਼ਨ 14. ਧਾੜਵੀ ਕਿਸ ਨੂੰ ਸੱਦ ਕੇ ਪੋਥੀ ਵਿੱਚਲੇ ਸ਼ਬਦਾਂ ਦੇ ਅਰਥ ਸਮਝਦਾ ਸੀ?
ਉੱਤਰ - ਇੱਕ ਗ੍ਰੰਥੀ ਨੂੰ।
5. ਬਾਬਾ ਰਾਮ ਸਿੰਘ ਕੂਕਾ - ਲੇਖਕ ਸ. ਕਪੂਰ ਸਿੰਘ
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਬਾਬਾ ਬਾਲਕ ਸਿੰਘ ਦਾ ਬਾਬਾ ਰਾਮ ਸਿੰਘ ਨੇ ਕਿਹੜਾ-ਕਿਹੜਾ ਪ੍ਰਭਾਵ ਕਬੂਲਿਆ?
ਉੱਤਰ - ਬਾਬਾ ਬਾਲਕ ਸਿੰਘ ਹਜ਼ਰੇ ਵਿੱਚ ਰਹਿੰਦੇ ਸਨ ਤੇ ਬੜੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ। ਆਪ ਹਿੰਦੂ, ਮੁਸਲਮਾਨ ਤੇ ਸਿੱਖ ਸਭ ਨੂੰ ਸ਼ੁੱਭ ਆਚਰਨ, ਧਰਮ ਦੀ ਕਿਰਤ ਕਮਾਈ ਤੇ ਈਸ਼ਵਰ ਦੀ ਚਿੰਤਨ, ਅੱਲਾ ਦੀ ਯਾਦ ਤੇ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਸਨ। ਬਾਬਾ ਰਾਮ ਸਿੰਘ ਉੱਤੇ ਬਾਬਾ ਬਾਲਕ ਸਿੰਘ ਜੀ ਦੇ ਉਪਦੇਸ਼ਾਂ ਦਾ ਬੜਾ ਪ੍ਰਭਾਵ ਪਿਆ ਆਪ ਪਹਿਲਾਂ ਨਾਲ਼ੋਂ ਵੀ ਵੱਧ ਤਤਪਰ ਹੋ ਕੇ ਵਾਹਿਗੁਰੂ ਦਾ ਭਜਨ ਕਰਨ ਲੱਗੇ।
ਪ੍ਰਸ਼ਨ 2. ਕਿਹੜੀ ਜਥੇਬੰਦੀ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ ਅਤੇ ਇਸ ਦਾ ਪਸਾਰ ਕਿਵੇਂ ਹੋਇਆ?
ਉੱਤਰ - ਜਗਿਆਸੂਆਂ-ਅਭਿਆਸੀਆਂ ਦੀ ਜਥੇਬੰਦੀ ਬਾਅਦ ਵਿੱਚ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ। ਹੌਲ਼ੀ-ਹੌਲ਼ੀ ਉਪਦੇਸ਼ਾਂ ਦੇ ਪ੍ਰਚਾਰ ਸਦਕਾ ਇਹ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਫੈਲ ਗਈ, ਸ਼ਰਧਾਲੂ ਬਾਬਾ ਰਾਮ ਸਿੰਘ ਕੋਲ਼ ਆਪਣਾ ਦਸਵੰਧ ਭੇਜਣ ਲੱਗੇ ਜਿਸ ਨੂੰ ਉਹ ਲੰਗਰ ਉੱਤੇ ਖ਼ਰਚ ਕਰ ਦਿੰਦੇ। ਥੋੜ੍ਹੇ ਸਾਲਾਂ ਵਿੱਚ ਨਾਮਧਾਰੀ ਜਥੇਬੰਦੀਆਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਣ ਗਈਆਂ।
ਪ੍ਰਸ਼ਨ 3. ਬਾਬਾ ਰਾਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ ਹਨ, ਉਹਨਾਂ ਨੂੰ ਸੰਖੇਪ ਵਿੱਚ ਲਿਖੋ।
ਉੱਤਰ - ਬਾਬਾ ਜੀ ਨੇ ਲੋਕਾਂ ਦੀ ਰਹਿਣੀ-ਬਹਿਣੀ ਨੂੰ ਸਵੱਛ ਬਣਾਉਣ, ਵਹਿਮਾਂ-ਭਰਮਾਂ ਤੋਂ ਦੂਰ ਰਹਿਣ, ਸਮਾਜ ਵਿੱਚ ਇਸਤਰੀ ਤੇ ਮਰਦ ਨੂੰ ਬਰਾਬਰ ਰੱਖਣ, ਆਤਮਾ ਨੂੰ ਧਾਰਮਿਕ ਤੌਰ 'ਤੇ ਤਕੜੀ ਕਰਨ ਅਤੇ ਦੇਸ ਵਿੱਚੋਂ ਵਿਦੇਸੀਆਂ ਤੇ ਰਾਜੇ-ਰਾਣੀਆਂ ਦੀ ਪਰਾਧੀਨਤਾ ਨੂੰ ਖ਼ਤਮ ਕਰਨ ਦਾ ਉਪਦੇਸ਼ ਦਿੱਤਾ।
ਪ੍ਰਸ਼ਨ 4. ਬਾਬਾ ਰਾਮ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ?
ਉੱਤਰ - ‘ਬਾਬਾ' ਅਰਬ ਦੇਸ ਦੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਵੱਡਾ, ਬਜ਼ੁਰਗ, ਉੱਚੀ ਬੁੱਧੀ ਤੇ ਉੱਚੇ ਚਾਲ ਚਲਣ ਵਾਲ਼ਾ, ਪਿਤਾ ਸਮਾਨ ਪੂਜਣਯੋਗ, ਪੰਜਾਬੀ ਬੋਲੀ ਵਿੱਚ ਵੀ ਉੱਚੀ ਆਤਮਿਕ ਅਵਸਥਾ ਵਾਲ਼ੇ ਮਹਾਂਪੁਰਖਾਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਹੀ ਬਾਬਾ ਰਾਮ ਸਿੰਘ ਲਈ ਇਹ ਸ਼ਬਦ ਵਰਤਿਆ ਗਿਆ।
ਪ੍ਰਸ਼ਨ 5. ਬਾਬਾ ਰਾਮ ਸਿੰਘ ਨੇ ਆਪਣੇ ਜੀਵਨ-ਨਿਰਬਾਹ ਲਈ ਕਿਹੜੇ-ਕਿਹੜੇ ਕਿੱਤੇ ਅਪਣਾਏ?
ਉੱਤਰ - ਪਹਿਲਾਂ ਆਪ ਆਪਣੇ ਜੀਵਨ-ਨਿਰਬਾਹ ਲਈ ਮਹਾਰਾਜਾ ਰਣਜੀਤ ਸਿੰਘ ਦੀ ਘੋੜ-ਚੜ੍ਹਿਆਂ ਦੀ ਪਲਟਨ ਵਿੱਚ ਭਰਤੀ ਹੋ ਗਏ। ਫਿਰ ਇਹ ਨੌਕਰੀ ਛੱਡ ਕੇ ਉਹਨਾਂ ਨੇ ਪਿੰਡ ਭੈਣੀ ਵਿੱਚ ਲੋਹੇ-ਕੱਪੜੇ ਆਦਿ ਦੀ ਹੱਟੀ ਪਾ ਲਈ।
ਪ੍ਰਸ਼ਨ 6. ਬਾਬਾ ਰਾਮ ਸਿੰਘ ਜੀ ਨੇ ਇਸਤਰੀ-ਜਾਤੀ ਦੀ ਭਲਾਈ ਲਈ ਕੀ-ਕੀ ਉਪਦੇਸ਼ ਦਿੱਤੇ?
ਉੱਤਰ - ਬਾਬਾ ਰਾਮ ਸਿੰਘ ਜੀ ਨੇ ਕੁੜੀਆਂ ਤੇ ਇਸਤਰੀਆਂ ਦੀ ਉੱਨਤੀ ਵੱਲ ਸਦਾ ਖ਼ਿਆਲ ਰੱਖਿਆ ਤੇ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਪਾਲਣ-ਪੋਸਣ ਤੇ ਪੜ੍ਹਾਉਣ-ਵਿਆਹੁਣ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਸਮਾਜ ਵਿੱਚ ਮਰਦ ਤੇ ਇਸਤਰੀ ਦੀ ਸੰਪੂਰਨ ਤੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾ ਤੇ ਇਸ ਵਿੱਚ ਸਫਲ ਰਹੇ।
ਪ੍ਰਸ਼ਨ 7. ਕਿਹੜੇ ਕੰਮਾਂ ਕਰਕੇ ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲ਼ੇ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਉਸੇ ਵੇਲ਼ੇ ਹੀ ਅੱਧ-ਪਚੱਧਾ ਨਿਕਲ਼ ਆਏ?
ਉੱਤਰ - ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈ. ਦਾ ਆਸ-ਪਾਸ ਆਪਣਾ ਸੁਦੇਸ਼ੀ ਡਾਕ-ਪ੍ਰਬੰਧ ਚਾਲੂ ਕਰ ਲਿਆ। ਉਹ ਆਪਣੇ ਝਗੜਿਆਂ ਲਈ ਕਚਹਿਰੀਆਂ ਵਿੱਚ ਜਾਣ ਦੀ ਥਾਂ ਪੰਚਾਇਤਾਂ ਵਿੱਚ ਹੀ ਮੁਕਾ ਲੈਂਦੇ ਸਨ। ਇਸ ਤਰ੍ਹਾਂ ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲ਼ੇ ਅੰਗਰੇਜ਼ਾਂ ਦੀ ਗ਼ੁਲਾਮੀ ਵਿੱਚੋਂ ਉਸੇ ਵੇਲ਼ੇ ਹੀ ਅੱਧ-ਪਚੱਧੀ ਨਿਕਲ਼ ਗਏ ਸਨ।
ਪ੍ਰਸ਼ਨ 8. ਬਾਬਾ ਰਾਮ ਸਿੰਘ ਦੀ ਚਲਾਈ ਨਾਮਿਲਵਰਤਣ ਲਹਿਰ ਦਾ ਵਰਨਣ ਕਰੋ।
ਉੱਤਰ - ਬਾਬਾ ਰਾਮ ਸਿੰਘ ਅੰਗਰੇਜ਼ਾਂ ਵਿਰੁੱਧ ਚਲਾਈ ਨਾਮਿਲਵਰਤਨ ਲਹਿਰ ਦੇ ਮੋਢੀ ਸਨ। ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈ. ਦਾ ਆਸ-ਪਾਸ ਆਪਣਾ ਸੁਦੇਸ਼ੀ ਡਾਕ-ਪ੍ਰਬੰਧ ਚਾਲੂ ਕਰ ਲਿਆ। ਉਹ ਆਪਣੇ ਝਗੜਿਆਂ ਲਈ ਕਚਹਿਰੀਆਂ ਵਿੱਚ ਜਾਣ ਦੀ ਥਾਂ ਪੰਚਾਇਤਾਂ ਵਿੱਚ ਹੀ ਮੁਕਾ ਲੈਂਦੇ ਸਨ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. 'ਬਾਬਾ ਰਾਮ ਸਿੰਘ ਕੂਕਾ ਨਿਬੰਧ ਕਿਸ ਦੀ ਰਚਨਾ ਹੈ?
ਉੱਤਰ - ਸ. ਕਪੂਰ ਸਿੰਘ ਦੀ।
ਪ੍ਰਸ਼ਨ 2. ‘ਬਾਬਾ' ਕਿਹੜੇ ਦੇਸ ਦੀ ਬੋਲੀ ਦਾ ਸ਼ਬਦ ਹੈ?
ਉੱਤਰ - ਅਰਬ ਦੇਸ।
ਪ੍ਰਸ਼ਨ 3. ਬਾਬਾ ਰਾਮ ਸਿੰਘ ਦਾ ਜਨਮ ਕਦੋਂ ਹੋਇਆ?
ਉੱਤਰ - 1816 ਈ. ਵਿੱਚ।
ਪ੍ਰਸ਼ਨ 4. ਬਾਬਾ ਰਾਮ ਸਿੰਘ ਦਾ ਜਨਮ ਕਿੱਥੇ ਹੋਇਆ?
ਉੱਤਰ - ਭੈਣੀਆ ਰਾਈਆਂ, ਜ਼ਿਲ੍ਹਾ ਲੁਧਿਆਣਾ।
ਪ੍ਰਸ਼ਨ 5. ਬਾਬਾ ਰਾਮ ਸਿੰਘ ਦੇ ਪਿਤਾ ਜੀ ਦਾ ਨਾਂ ਕੀ ਸੀ?
ਉੱਤਰ - ਭਾਈ ਜੱਸਾ ਸਿੰਘ।
ਪ੍ਰਸ਼ਨ 6. ਬਾਬਾ ਰਾਮ ਸਿੰਘ ਜੀ ਦੀ ਵੱਡੀ ਭੈਣ ਦੇ ਪਤੀ ਦਾ ਕੀ ਨਾਂ ਸੀ?
ਉੱਤਰ - ਸ. ਕਾਬਲ ਸਿੰਘ।
ਪ੍ਰਸ਼ਨ 7. ਬਾਬਾ ਰਾਮ ਸਿੰਘ ਦਾ ਬਾਬਾ ਬਾਲਕ ਸਿੰਘ ਨਾਲ਼ ਮੇਲ ਕਿੱਥੇ ਹੋਇਆ?
ਉੱਤਰ - ਹਜ਼ਰੇ ਵਿਖੇ।
ਪ੍ਰਸ਼ਨ 8. ਬਾਬਾ ਬਾਲਕ ਸਿੰਘ ਨੇ ਕਿਹੜੀ ਧਾਰਮਿਕ ਜਥੇਬੰਦੀ ਦੀ ਨੀਂਹ ਰੱਖੀ?
ਉੱਤਰ - ਜਗਿਆਸੂਆਂ-ਅਭਿਆਸੀਆਂ ਦੀ।
ਪ੍ਰਸ਼ਨ 9. ਗ਼ਰੀਬ ਤੋਂ ਗ਼ਰੀਬ ਕੂਕਾ ਵੀ ਆਪਣੇ ਗਵਾਂਢੀਆਂ ਤੋਂ ਕਿਸ ਗੱਲ ਵਿੱਚ ਵੱਖਰਾ ਦਿਸਦਾ ਹੈ?
ਉੱਤਰ - ਸਫ਼ਾਈ ਵਿੱਚ।
ਪ੍ਰਸ਼ਨ 10. ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਹਨ?
ਉੱਤਰ - ਕੂਕੇ।
ਪ੍ਰਸ਼ਨ 11. ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਨੂੰ ਦੇਸ-ਨਿਕਾਲਾ ਦੇ ਕੇ ਕਿੱਥੇ ਭੇਜ ਦਿੱਤਾ?
ਉੱਤਰ - ਰੰਗੂਨ।
ਪ੍ਰਸ਼ਨ 12. ਅੰਗਰੇਜ਼ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ ਬਾਬਾ ਰਾਮ ਸਿੰਘ ਜੀ ਦਾ ਦੇਹਾਂਤ ਕਦੋਂ ਹੋਇਆ?
ਉੱਤਰ -1885 ਈ. ਵਿੱਚ।
ਪ੍ਰਸ਼ਨ 13. ਬਾਬਾ ਰਾਮ ਸਿੰਘ ਦੇ ਘਰ ਕਿੰਨੀਆਂ ਪੁੱਤਰੀਆਂ ਨੇ ਜਨਮ ਲਿਆ?
ਉੱਤਰ - ਦੋ।
ਪ੍ਰਸ਼ਨ 14. ਨਾਮਧਾਰੀਆਂ ਨੇ ਸੁਦੇਸੀ ਡਾਕ ਪ੍ਰਬੰਧ ਕਦੋਂ ਮੁਕੰਮਲ ਕਰ ਲਿਆ?
ਉੱਤਰ - 1860 ਈ. ਦੇ ਆਸ-ਪਾਸ।
ਪ੍ਰਸ਼ਨ 15. ਬਾਬਾ ਰਾਮ ਸਿੰਘ ਜੀ ਦਾ ਕੋਈ ਇੱਕ ਉਪਦੇਸ਼ ਦੱਸੋ।
ਉੱਤਰ - ਸਵੱਛ ਰਹਿਣੀ-ਬਹਿਣੀ।
6. ਮਹਾਂਕਵੀ ਕਾਲੀਦਾਸ - ਲੇਖਕ ਪ੍ਰੋ. ਪਿਆਰਾ ਸਿੰਘ ਪਦਮ
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਕਾਲੀਦਾਸ ਕੌਣ ਸੀ? ਉਸ ਨੂੰ ਏਨੀ ਪ੍ਰਸਿੱਧੀ ਕਿਉਂ ਮਿਲ਼ੀ?
ਉੱਤਰ - ਕਾਲੀਦਾਸ ਇੱਕ ਪ੍ਰਸਿੱਧ ਕਵੀ ਸੀ। ਉਸ ਦੇ ਜਨਮ ਸਮੇਂ ਤੇ ਸਥਾਨ ਅਤੇ ਮਾਤਾ-ਪਿਤਾ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ। ਉਸ ਦੀਆਂ ਰਚਨਾਵਾਂ ਤੋਂ ਲਾਏ ਅਨੁਮਾਨਾਂ ਅਨੁਸਾਰ ਉਹ ਈਸਵੀ ਤੋਂ 56 ਵਰ੍ਹੇ ਪਹਿਲਾਂ ਹੋਏ ਬਾਦਸ਼ਾਹ ਬਿਕ੍ਰਮਾਦਿਤ ਦੇ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਉਸ ਨੂੰ ਏਨੀ ਪ੍ਰਸਿੱਧੀ ਆਪਣੀ ਅਮਰ ਕਾਵਿ-ਰਚਨਾ ਕਰਕੇ ਪ੍ਰਾਪਤ ਹੋਈ।
ਪ੍ਰਸ਼ਨ 2. ਬਿਕ੍ਰਮੀ ਸੰਮਤ ਕਦੋਂ ਅਤੇ ਕਿਹੜੇ ਬਾਦਸ਼ਾਹ ਦੇ ਨਾਂ ਤੋਂ ਸ਼ੁਰੂ ਹੋਇਆ?
ਉੱਤਰ - ਬਿਕ੍ਰਮੀ ਸੰਮਤ ਉਜੈਨ ਦੇ ਪ੍ਰਤਾਪੀ ਬਾਦਸ਼ਾਹ ਪਹਿਲੇ ਬਿਕ੍ਰਮਾਦਿਤ ਦੇ ਨਾਮ 'ਤੇ ਪਹਿਲੀ ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਸ਼ੁਰੂ ਹੋਇਆ।
ਪ੍ਰਸ਼ਨ 3. ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ?
ਉੱਤਰ - ਕਾਲੀਦਾਸ ਅਤਿ ਸੁੰਦਰ ਰਤਨ ਸੀ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕ੍ਰਮਾਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ। ਉਹ ਆਪਣੀ ਕਾਵਿ ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲਗਦਾ। ਇਸ ਲਈ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਉਸ ਨੂੰ ਆਪਣਾ ਦੱਸਦੇ ਹਨ।
ਪ੍ਰਸ਼ਨ 4. ਮਹਾਂਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਬਾਰੇ ਸੰਖੇਪ ਵਿੱਚ ਲਿਖੋ।
ਉੱਤਰ - ਕਾਲੀਦਾਸ ਦੀਆਂ ਸੱਤ ਪੁਸਤਕਾਂ ਵਿੱਚੋਂ ਚਾਰ ਕਾਵਿ ‘ਰਘੁਵੰਸ਼’, ‘ਕੁਮਾਰ ਸੰਭਵ’ ‘ਰਿਤੂ ਸੰਹਾਰ' ਤੇ 'ਮੇਘ ਦੂਤ' ਅਤੇ ਤਿੰਨ ਨਾਟਕ 'ਅਭਿਗਿਆਨ ਸ਼ਕੁੰਤਲਾ', ‘ਵਿਕ੍ਰਮੋਰਵਸ਼ੀ' ਤੇ ‘ਮਾਲਵਿਕਾਗਨਿਮਿਤ੍ਰ' ਪ੍ਰਸਿੱਧ ਹਨ। ਇਸ ਤੋਂ ਇਲਾਵਾ ਵੀ ਉਸ ਦੇ ਨਾਂ ਨਾਲ਼ 10-15 ਪੁਸਤਕਾਂ ਮਨਸੂਬ ਕੀਤੀਆਂ ਜਾਂਦੀਆਂ ਹਨ। ਕਾਲੀਦਾਸ ਦੇ ਨਾਟਕ ਸੁਖਾਂਤ ਹਨ ਜੋ ਅੰਤ ਵਿੱਚ ਖ਼ੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਮੂਰਤੀਮਾਨ ਕਰਦੇ ਹਨ।
ਪ੍ਰਸ਼ਨ 5. ਕਵੀ ਨੇ 'ਮੇਘਦੂਤ' ਰਚਨਾ 'ਚ ਮੇਘ ਨੂੰ ਕੀ ਤਾਕੀਦ ਕੀਤੀ?
ਉੱਤਰ - ਕਵੀ ਨੇ ਕਲਪਨਾ ਰਾਹੀਂ ਮੇਘ ਨੂੰ ਸੁਨੇਹਾ ਦੇ ਕੇ ਅਕਾਲਪੁਰੀ ਵੱਲ ਤੋਰਦਿਆਂ ਤਾਕੀਦ ਕੀਤੀ ਹੈ, "ਤੂੰ ਕਿਤੇ ਠਹਿਰਨਾ ਨਹੀਂ ਹੋਵੇਗਾ, ਜਾਂਦਾ-ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸ ਦੇਸ ਪਹੁੰਚਣਾ, ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਸੁਣਨ ਲਈ ਉਡੀਕ ਵਿੱਚ ਖਲੇਤੀ ਹੋਵੇਗੀ।"
ਪ੍ਰਸ਼ਨ 6. ਸ਼ਕੁੰਤਲਾ ਕੌਣ ਸੀ, ਉਸ ਦਾ ਦੁਸ਼ਯੰਤ ਨਾਲ਼ ਦੁਬਾਰਾ ਮਿਲ਼ਾਪ ਕਿਵੇਂ ਹੋਇਆ?
ਉੱਤਰ - ਸ਼ਕੁੰਤਲਾ ਬਣ ਵਿੱਚ ਰਹਿਣ ਵਾਲ਼ੇ ਰਿਸ਼ੀਆਂ ਦੀ ਧੀ ਸੀ। ਦੁਰਬਾਸਾ ਦੇ ਸਰਾਪ ਕਾਰਨ ਉਸ ਦਾ ਪ੍ਰੀਤਮ ਦੁਸ਼ਯੰਤ ਉਸ ਨੂੰ ਭੁੱਲ ਜਾਂਦਾ ਹੈ। ਸ਼ੰਕੁਤਲਾ ਦੁਸ਼ਯੰਤ ਦੀ ਦਿੱਤੀ ਪ੍ਰੀਤ-ਨਿਸ਼ਾਨੀ ਮੁੰਦਰੀ ਦਿਖਾਉਣ ਲੱਗਦੀ ਹੈ ਜੋ ਰਸਤੇ ਵਿੱਚ ਪਾਣੀ ਵਿੱਚ ਡਿੱਗ ਪੈਂਦੀ ਹੈ। ਮੁੰਦਰੀ ਨੂੰ ਮੱਛੀ ਨਿਗਲ਼ ਜਾਂਦੀ ਹੈ। ਉਸ ਮੱਛੀ ਨੂੰ ਮਾਛੀ ਫੜ ਕੇ ਲੈ ਜਾਂਦਾ ਅਤੇ ਮੁੰਦਰੀ ਦੁਸ਼ਯੰਤ ਕੋਲ਼ ਪੁੱਜ ਜਾਂਦੀ ਹੈ। ਮੁੰਦਰੀ ਨੂੰ ਦੇਖਦਿਆਂ ਦੁਸ਼ਯੰਤ ਨੂੰ ਸ਼ੰਕੁਤਲਾ ਦੀ ਯਾਦ ਆ ਜਾਂਦੀ ਹੈ ਅਤੇ ਉਹਨਾਂ ਦਾ ਦੁਬਾਰਾ ਮਿਲਾਪ ਹੋ ਜਾਂਦਾ ਹੈ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਮਹਾਂਕਵੀ ਕਾਲੀਦਾਸ' ਲੇਖ ਕਿਸ ਦਾ ਲਿਖਿਆ ਹੋਇਆ ਹੈ?
ਉੱਤਰ - ਪ੍ਰੋ. ਪਿਆਰਾ ਸਿੰਘ ਪਦਮ ਦਾ।
ਪ੍ਰਸ਼ਨ 2. ਕਾਲੀਦਾਸ ਦੀ ਪ੍ਰੀਤਮਾ ਕੌਣ ਸੀ?
ਉੱਤਰ - ਕਵਿਤਾ।
ਪ੍ਰਸ਼ਨ 3. ਕਾਲੀਦਾਸ ਕਵਿਤਾ ਦਾ ਕੀ ਸੀ?
ਉੱਤਰ - ਪ੍ਰੀਤਮ।
ਪ੍ਰਸ਼ਨ 4. ਕਾਲੀਦਾਸ ਕਿਸ ਦੇ ਰਤਨਾਂ ਵਿੱਚੋਂ ਇੱਕ ਸੀ?
ਉੱਤਰ - ਉਜੈਨ ਦੇ ਪ੍ਰਤਾਪੀ ਬਾਦਸ਼ਾਹ ਬਿਕ੍ਰਮਾਦਿਤ ਦੇ।
ਪ੍ਰਸ਼ਨ 5. 'ਰਾਜ ਤੰਗਣੀ' ਪੁਸਤਕ ਦਾ ਲੇਖਕ ਕੌਣ ਹੈ?
ਉੱਤਰ - ਕੱਲ੍ਹਣ।
ਪ੍ਰਸ਼ਨ 6. ਕਾਲੀਦਾਸ ਦੀਆਂ ਕਿੰਨੀਆਂ ਪੁਸਤਕਾਂ ਪ੍ਰਸਿੱਧ ਹਨ?
ਉੱਤਰ - ਸੱਤ ਪੁਸਤਕਾਂ - ਚਾਰ ਕਾਵਿ ਤੇ ਤਿੰਨ ਨਾਟਕ।
ਪ੍ਰਸ਼ਨ 7. ਕਾਲੀਦਾਸ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ ਦੇ ਨਾਂ ਲਿਖੋ।
ਉੱਤਰ - ‘ਰਘੁਵੰਸ਼’, ‘ਕੁਮਾਰ ਸੰਭਵ’ ‘ਰਿਤੂ ਸੰਹਾਰ' ਤੇ ‘ਮੇਘ ਦੂਤ’।
ਪ੍ਰਸ਼ਨ 8. ਕਾਲੀਦਾਸ ਦੀਆਂ ਪ੍ਰਸਿੱਧ ਨਾਟਕ ਪੁਸਤਕਾਂ ਦੇ ਨਾਂ ਲਿਖੋ।
ਉੱਤਰ - 'ਅਭਿਗਿਆਨ ਸ਼ਕੁੰਤਲਾ', 'ਵਿਕ੍ਰਮੋਰਵਸ਼ੀ' ਤੇ 'ਮਾਲਵਿਕਾਗਨਿਮਿਤ੍ਰ'।
ਪ੍ਰਸ਼ਨ 9. ਪੱਛਮ ਵਾਲ਼ੇ ਕਾਲੀਦਾਸ ਨੂੰ ਕੀ ਆਖਦੇ ਸਨ?
ਉੱਤਰ - ਹਿੰਦੁਸਤਾਨ ਦਾ ਸ਼ੈਕਸਪੀਅਰ।
ਪ੍ਰਸ਼ਨ 10. ਅਨਾਮਿਕਾ ਦਾ ਕੀ ਅਰਥ ਹੈ?
ਉੱਤਰ - ਕੋਈ ਨਾਂ-ਥਾਂ ਨਹੀਂ।
ਪ੍ਰਸ਼ਨ 11. ਉਜੈਨ ਦਾ ਪ੍ਰਤਾਪੀ ਰਾਜਾ ਕੌਣ ਸੀ?
ਉੱਤਰ - ਬਿਕ੍ਰਮਾਦਿਤ।
ਪ੍ਰਸ਼ਨ 12. ਕਾਲੀਦਾਸ ਕਿਸ ਦਾ ਦਰਬਾਰੀ ਸੀ?
ਉੱਤਰ - ਬਿਕ੍ਰਮਾਦਿਤ ਦਾ।
ਪ੍ਰਸ਼ਨ 13. ਬਿਕ੍ਰਮੀ ਸੰਮਤ ਕਦੋਂ ਸ਼ੁਰੂ ਹੋਇਆ?
ਉੱਤਰ - ਪਹਿਲੀ ਈਸਵੀ ਤੋਂ 56 ਸਾਲ ਪਹਿਲਾਂ।
ਪ੍ਰਸ਼ਨ 14. ਕਾਲੀਦਾਸ ਦੇ ਨਾਟਕਾਂ ਦਾ ਅੰਤ ਕਿਹੋ ਜਿਹਾ ਹੈ?
ਉੱਤਰ - ਸੁਖਾਂਤ।
ਪ੍ਰਸ਼ਨ 15. ਸ਼ਕੁੰਤਲਾ ਨੂੰ ਕਿਸ ਨੇ ਸਰਾਪ ਦਿੱਤਾ?
ਉੱਤਰ - ਦੁਰਬਾਸਾ ਰਿਸ਼ੀ ਨੇ।
ਪ੍ਰਸ਼ਨ 16. ਸ਼ਕੁੰਤਲਾ ਦੀ ਮੁੰਦਰੀ ਕਿਸ ਨੇ ਨਿਗਲ਼ ਲਈ ਸੀ?
ਉੱਤਰ - ਮੱਛੀ ਨੇ।
ਪ੍ਰਸ਼ਨ 17. 'ਮੇਘਦੂਤ' ਰਚਨਾ ਵਿੱਚ ਕਵੀ ਨੇ ਕਿਸ ਨੂੰ ਸੁਨੇਹਾ ਦੇ ਕੇ ਤੋਰਿਆ?
ਉੱਤਰ - ਬੱਦਲ (ਮੇਘ) ਨੂੰ।
ਪ੍ਰਸ਼ਨ 18. ਰਘੂਵੰਸ਼ ਮਹਾਂਕਾਵਿ ਦੇ ਕੁੱੱਲ ਕਿੰਨੇ ਸਰਗ ਹਨ?
ਉੱਤਰ - 19।
7. ਮੇਰੇ ਵੱਡੇ-ਵਡੇਰੇ - ਲੇਖਕ ਗਿਆਨੀ ਗੁਰਦਿੱਤ ਸਿੰਘ
ਸੰਖੇਪ ਉੱਤਰ ਵਾਲ਼ੇ ਪ੍ਰਸ਼ਨ
ਪ੍ਰਸ਼ਨ 1. ਛਾਪੇ ਪਿੰਡ ਵਾਲ਼ਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ?
ਉੱਤਰ - ਲੇਖਕ ਦੇ ਵਡੇਰਿਆਂ ਦਾ ਨੇੜੇ ਦੇ ਪਿੰਡ ਛਾਪੇ ਖ਼ੂਨ ਦਾ ਰਿਸ਼ਤਾ ਹੋਣ ਕਰਕੇ ਵਰਤ-ਵਰਤਾਰਾ ਸੀ। ਇੱਕ ਵਾਰ ਲੇਖਕ ਦੇ ਦਾਦੇ ਛਾਪੇ ਪਿੰਡ ਵਾਲ਼ਿਆਂ ਦੇ ਘਰ ਵਿਆਹ 'ਤੇ ਗਏ ਤੇ ਉਹ ਮੇਲ਼-ਗੇਲ਼ ਲਈ ਬਣਾਇਆ ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ ਗਏ, ਜਿਸ ਤੋਂ ਬਾਅਦ ਛਾਪੇ ਵਾਲ਼ਿਆਂ ਨੇ ਉਹਨਾਂ ਨਾਲ਼ ਮਿਲ਼ਣਾ-ਵਰਤਣਾ ਬੰਦ ਕਰ ਦਿੱਤਾ।
ਪ੍ਰਸ਼ਨ 2. ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡ ਉੱਤੇ ਫ਼ਤਹਿ ਪ੍ਰਾਪਤ ਕਰਦੇ ਸਨ?
ਉੱਤਰ - ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲ ਵਾਲ਼ੇ ਨੂੰ ਨਾਲ਼ ਲੈ ਕੇ ਦਿਗ ਵਿਜੈ ਦਾ ਝੰਡਾ ਫੜ ਕੇ ਚੜ੍ਹਦੇ ਸਨ। ਉਹ ਇੱਕ ਪਿੰਡ ਨੂੰ ਫ਼ਤਹਿ ਕਰਦੇ ਤੇ ਅਗਲੇ ਪਿੰਡ ਉੱਤੇ ਚੜ੍ਹਾਈ ਕਰ ਦਿੰਦੇ। ਜਿਸ ਪਿੰਡ ਉਹ ਪੁੱਜਦੇ, ਉੱਥੋਂ ਦੇ ਲੋਕਾਂ ਲਈ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਉਹ ਉਸ ਪਿੰਡ ਝੰਡਾ ਗੱਡ ਦਿੰਦੇ ਕਿ ਜੇਕਰ ਕੋਈ ਉੱਥੇ ਜ਼ੋਰ ਵਾਲ਼ਾ ਹੈ ਤਾਂ ਉਹ ਉਹਨਾਂ ਨਾਲ਼ ਘੁਲ਼ ਲਵੇ।
ਪ੍ਰਸ਼ਨ 3. ਜਦੋਂ ਕੋਈ ਪਿੰਡ ਪਹਿਲਵਾਨਾਂ ਨੂੰ ਖਾਣ-ਪੀਣ ਲਈ ਰਸਦ ਨਾ ਦਿੰਦਾ, ਤਾਂ ਪਹਿਲਵਾਨ ਕੀ ਕਰਦੇ ਸਨ?
ਉੱਤਰ - ਜਦੋਂ ਕੋਈ ਪਿੰਡ ਪਹਿਲਵਾਨ ਨੂੰ ਰਸਦ ਨਾ ਦਿੰਦਾ ਤਾਂ ਉਹ ਉਸ ਪਿੰਡ ਦੇ ਮੁੰਡਿਆਂ ਜਾਂ ਬੰਦਿਆਂ ਨਾਲ਼ ਘੋਲ਼ ਕਰਦੇ ਸਨ। ਜੇਕਰ ਕੋਈ ਬੰਦਾ ਉਹਨਾਂ ਨਾਲ਼ ਘੋਲ਼ ਕਰਨ ਲਈ ਤਿਆਰ ਨਾ ਹੁੰਦਾ, ਤਾਂ ਪਹਿਲਵਾਨ ਪਿੰਡ ਦੇ ਚੌਧਰੀ ਦੀ ਦਾੜ੍ਹੀ ਫੜ ਲੈਂਦੇ ਸਨ ਜਾਂ ਉਸ ਦੇ ਮੂੰਹ ਉੱਤੇ ਚਪੇੜ ਮਾਰ ਕੇ ਪਿੰਡ ਦੀ ਬੇਇੱਜ਼ਤੀ ਕਰਕੇ ਉੱਥੋਂ ਚਲੇ ਜਾਂਦੇ ਸਨ।
ਪ੍ਰਸ਼ਨ 4. ਬਾਬੇ ਪੁਨੂੰ ਤੇ ਭਲਵਾਨ ਦੀ ਕੁਸ਼ਤੀ ਦਾ ਵਰਣਨ ਕਰੋ।
ਉੱਤਰ - ਬਾਬੇ ਪੁਨੂੰ ਨੇ ਪਹਿਲਵਾਨ ਦੀ ਠੋਡੀ ਹੇਠਾਂ ਕੂਹਣੀ ਦਾ ਹੋੜਾ ਦੇ ਕੇ ਮਗਰੋਂ ਗਰਦਨ ਵੱਲੋਂ ਵਲ਼ੇਵੇਂ ਨਾਲ਼ ਉਤਾਂਹ ਨੂੰ ਉਗੀਸ ਕੇ ਪਹਿਲਵਾਨ ਨੂੰ ਬਾਂਹਾਂ ਉੱਤੇ ਧਰਤੀ ਤੋਂ ਉੱਪਰ ਵੱਲ ਨੂੰ ਅਜਿਹਾ ਚੁੱਕਿਆ ਕਿ ਉਸ ਦੇ ਪੈਰ ਧਰਤੀ 'ਤੇ ਨਾ ਲੱਗਣ। ਸਾਰਾ ਭਾਰ ਠੋਡੀ ਤੇ ਗਰਦਨ ਉੱਤੇ ਆ ਗਿਆ। ਜਦੋਂ ਅੱਖਾਂ ਦੇ ਆਨੇ ਬਾਹਰ ਆਉਣ ਲੱਗੇ ਤਾਂ ਉਸ ਨੇ ਇਸ਼ਾਰਿਆਂ ਨਾਲ਼ ਜਾਨ ਬਖ਼ਸ਼ਾਉਣ ਦਾ ਵਾਸਤਾ ਪਾ ਕੇ ਖਹਿੜਾ ਛੁਡਾਇਆ।
ਪ੍ਰਸ਼ਨ 5. ਲੇਖਕ ਨੂੰ ਆਪਣੇ ਵੱਡੇ-ਵਡੇਰੇ ਦਿਓ-ਦਾਨੋ ਕਿਉਂ ਪ੍ਰਤੀਤ ਹੁੰਦੇ ਸਨ?
ਉੱਤਰ - ਲੇਖਕ ਦੇ ਵੱਡੇ-ਵਡੇਰੇ ਬਹੁਤ ਹਿੰਮਤੀ, ਤਾਕਤਵਰ ਤੇ ਨਰੋਏ ਸਰੀਰਾਂ ਦੇ ਮਾਲਕ ਸਨ। ਉਹ ਹਨੇਰੀ ਨਾਲ਼ ਡਿੱਗੇ ਭਾਰੇ ਦਰੱਖਤਾਂ ਨੂੰ ਇਕੱਲਿਆਂ ਹੀ ਧੂਹ ਕੇ ਘਰ ਲੈ ਜਾਣ ਵਾਲ਼ੇ ਤੇ ਦਸ-ਬਾਰਾਂ ਬੰਦਿਆਂ ਦੁਆਰਾ ਚੁੱਕੀ ਜਾਣ ਵਾਲ਼ੀ ਗੇਲੀ ਨੂੰ ਇਕੱਲਿਆਂ ਹੀ ਚੁੱਕ ਲੈਣ ਵਾਲ਼ੇ ਸਨ। ਇਸ ਤਰ੍ਹਾਂ ਉਹ ਲੇਖਕ ਨੂੰ ਕੋਈ ਸਧਾਰਨ ਮਨੁੱਖ ਨਹੀਂ, ਸਗੋਂ ਦਿਓ-ਦਾਨੋ ਪ੍ਰਤੀਤ ਹੁੰਦੇ ਹਨ।
ਪ੍ਰਸ਼ਨ 6. ਇਸ ਪਾਠ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ, ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ - ਬਾਬਿਆਂ ਦੀ ਇੱਕ ਛੋਟੀ ਭੈਣ ਇਕੱਲੀ ਹੀ ਜੁਆਰ ਦੇ ਸਿੱਟਿਆਂ ਦੀ ਪੰਡ ਚੁੱਕ ਕੇ ਘਰ ਲੈ ਆਈ, ਉਸ ਵਿੱਚੋਂ ਪੰਜ ਮਣ ਕੱਚੀ ਜੁਆਰ ਨਿਕਲ਼ੀ। ਉਹਨਾਂ ਦੀ ਚੜਿਕ ਵਿਆਹੀ ਹੋਈ ਭੈਣ ਨੇ ਉਸ ਮੁਗਦਰ ਨੂੰ ਖੋਲ਼ੇ ਵਿੱਚ ਦੋ ਵਾਰੀ ਚੁੱਕ ਕੇ ਵਗਾਹ ਮਾਰਿਆ ਜਿਸ ਨੂੰ ਕੇਵਲ ਉੱਥੋਂ ਦਾ ਇੱਕ ਪਹਿਲਵਾਨ ਹੀ ਚੁੱਕ ਸਕਦਾ ਸੀ।
ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. 'ਮੇਰੇ ਵੱਡੇ-ਵਡੇਰੇ' ਨਿਬੰਧ ਦਾ ਲੇਖਕ ਕੌਣ ਹੈ?
ਉੱਤਰ - ਗਿਆਨੀ ਗੁਰਦਿੱਤ ਸਿੰਘ।
ਪ੍ਰਸ਼ਨ 2. ਲੇਖਕ ਦੇ ਦਾਦੇ ਕਿੰਨੇ ਭਰਾ ਸਨ?
ਉੱਤਰ - ਚਾਰ।
ਪ੍ਰਸ਼ਨ 3. ਲੇਖਕ ਦੇ ਵੱਡੇ-ਵਡੇਰੇ ਕਿਹੋ ਜਿਹੇ ਸਰੀਰਾਂ ਦੇ ਮਾਲਕ ਸਨ?
ਉੱਤਰ - ਨਰੋਏ ਸਰੀਰਾਂ ਦੇ।
ਪ੍ਰਸ਼ਨ 4. ਬਾਬੇ ਪੁਨੂੰ ਨੇ ਕਿਸ ਦੀ ਤੋਬਾ ਕਰਵਾਈ?
ਉੱਤਰ - ਭੂਤਰੇ ਹੋਏ ਪਹਿਲਵਾਨ ਦੀ।
ਪ੍ਰਸ਼ਨ 5. ਬਾਬਾ ਦਾਸ ਨੇ ਕਿੰਨੇ ਬੰਦਿਆਂ ਵਾਲ਼ੀ ਗੇਲੀ ਇਕੱਲੇ ਚੁੱਕੀ ਸੀ?
ਉੱਤਰ - ਅੱਠ-ਦਸ ਬੰਦਿਆਂ ਵਾਲ਼ੀ।
ਪ੍ਰਸ਼ਨ 6. ਬਾਬਿਆਂ ਦੀਆਂ ਭੈਣਾਂ ਕਿਹੋ ਜਿਹੀਆਂ ਸਨ?
ਉੱਤਰ - ਬਹੁਤ ਤਾਕਤਵਰ।
ਪ੍ਰਸ਼ਨ 7. ਬਾਬਿਆਂ ਦੀ ਛੋਟੀ ਭੈਣ ਨੇ ਕਿਸ ਦੀ ਪੰਡ ਚੁੱਕੀ ਸੀ?
ਉੱਤਰ - ਜੁਆਰ ਦੇ ਸਿੱਟਿਆਂ ਦੀ।
ਪ੍ਰਸ਼ਨ 8. ਪੰਡ ਵਿੱਚੋਂ ਕਿੰਨੇ ਮਣ ਜੁਆਰ ਨਿਕਲ਼ੀ ਸੀ?
ਉੱਤਰ - ਪੰਜ ਮਣ।
ਪ੍ਰਸ਼ਨ 9. ਚੜਿਕ ਪਿੰਡ ਵਿੱਚ ਕਿਸ ਨੇ ਮੁਗਦਰ ਵਗਾਹ ਕੇ ਮਾਰਿਆ?
ਉੱਤਰ - ਬਾਬਿਆਂ ਦੀ ਇੱਕ ਭੈਣ ਨੇ।
ਪ੍ਰਸ਼ਨ 10. ਪਹਿਲਵਾਨ ਨੇ ਭੈਣ ਨੂੰ ਕੀ ਨਜ਼ਰਾਨਾ ਦਿੱਤਾ?
ਉੱਤਰ - 101 ਰੁਪਏ ਅਤੇ ਸੁੱਚਾ ਤਿਓਰ।
ਪ੍ਰਸ਼ਨ 11. ਬਾਬਿਆਂ ਦੀ ਭੈਣ ਦੇ ਪਹਿਲਵਾਨ ਮੁੰਡੇ ਦਾ ਕੀ ਨਾਂ ਸੀ?
ਉੱਤਰ - ਮੰਗਲ ਸਿੰਘ।
ਪ੍ਰਸ਼ਨ 12. ਲੇਖਕ ਅਨੁਸਾਰ ਉਸ ਦੇ ਵੱਡੇ-ਵਡੇਰੇ ਕੀ ਸਨ?
ਉੱਤਰ - ਦਿਓ-ਦਾਨੋ।
ਪ੍ਰਸ਼ਨ 13. ਲੇਖਕ ਦੇ ਵਡੇਰੇ ਕੌਣ ਸਨ?
ਉੱਤਰ - ਸਧਾਰਨ ਮਨੁੱਖ।
ਪ੍ਰਸ਼ਨ 14. ਪੁਰਾਣੇ ਸਮੇਂ ਦੇ ਪਹਿਲਵਾਨ ਪਿੰਡਾਂ ਤੋਂ ਕੀ ਲੈਂਦੇ ਸਨ?
ਉੱਤਰ - ਪੱਕੀ ਰਸਦ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends