ਪ੍ਰੀਖਿਆ ਕੇਂਦਰਾਂ 'ਚ ਸਟਾਫ਼ ਦੀ ਘਾਟ ਦੇ ਮੁੱਦੇ 'ਤੇ ਸਿੱਖਿਆ ਬੋਰਡ ਦੀ ਸਖ਼ਤੀ
ਮੋਹਾਲੀ, 18 ਫਰਵਰੀ (ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ਬੋਰਡ (PSB) ਨੇ ਪ੍ਰੀਖਿਆ ਕੇਂਦਰਾਂ ਵਿੱਚ ਸਟਾਫ਼ ਦੀ ਘਾਟ ਦੇ ਮੁੱਦੇ 'ਤੇ ਸਖ਼ਤੀ ਦਿਖਾਈ ਹੈ। ਬੋਰਡ ਨੇ ਸਾਰੇ ਕੇਂਦਰ ਕੰਟਰੋਲਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਕੂਲ ਦੇ ਸਟਾਫ਼ ਨੂੰ ਹੀ ਨਿਗਰਾਨ ਵਜੋਂ ਤਾਇਨਾਤ ਕਰਨ।
ਬੋਰਡ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਕੇਂਦਰ ਕੰਟਰੋਲਰ ਲੋੜੀਂਦਾ ਸਟਾਫ਼ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਸੰਪਰਕ ਕਰਕੇ ਸਟਾਫ਼ ਦੀ ਘਾਟ ਦੱਸ ਰਹੇ ਹਨ ਅਤੇ ਨਿਗਰਾਨ ਅਮਲੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ, ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵੱਲੋਂ ਬਿਨਾਂ ਪੜਤਾਲ ਕੀਤਿਆਂ ਹੀ ਕੁੱਝ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨ ਅਮਲੇ ਦੀ ਡਿਊਟੀ ਲਗਾਈ ਜਾ ਰਹੀ ਹੈ।
ਬੋਰਡ ਨੇ ਸਾਰੇ ਕੇਂਦਰ ਕੰਟਰੋਲਰਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਰੋਕਣ ਅਤੇ ਆਪਣੇ ਸਕੂਲ ਦੇ ਸਟਾਫ਼ ਦੀਆਂ ਡਿਊਟੀਆਂ ਹੀ ਨਿਗਰਾਨ ਵਜੋਂ ਲਗਾਉਣ ਲਈ ਕਿਹਾ ਹੈ। ਅਸਲ ਵਿੱਚ ਸਟਾਫ਼ ਦੀ ਘਾਟ ਹੋਣ ਦੀ ਸੂਰਤ ਵਿੱਚ ਹੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਸਟਾਫ਼ ਦੀ ਮੰਗ ਕਰਨ ਲਈ ਕਿਹਾ ਗਿਆ ਹੈ। ਜੇਕਰ ਕਿਸੇ ਸਕੂਲ ਵਿੱਚ ਲੋੜੀਂਦਾ ਸਟਾਫ਼ ਹੋਣ ਦੇ ਬਾਵਜੂਦ ਵੀ ਬਾਹਰੋਂ ਨਿਗਰਾਨ ਅਮਲੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਬੰਧਤ ਕੇਂਦਰ ਕੰਟਰੋਲਰ/ਸਕੂਲ ਮੁਖੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸਦੇ ਨਾਲ ਹੀ, ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਬਿਨਾਂ ਵੈਰੀਫਾਈ ਕੀਤੇ ਨਿਗਰਾਨ ਅਮਲੇ ਦੀ ਡਿਊਟੀ ਲਗਾਉਣ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਆਪਣੇ ਜ਼ਿਲ੍ਹੇ ਵਿੱਚ ਕੇਂਦਰ ਵਾਈਜ਼ ਲਗਾਈਆਂ ਗਈਆਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਦੀ ਸੂਚੀ deoportal 2019gmail.com ] 'ਤੇ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।