ਫਰਵਰੀ ਮਹੀਨੇ ਦੀ ਤਨਖਾਹ ਡਿਜੀਟਲ ਹਸਤਾਖਰਾਂ ਹੇਠ ਮਿਲਣ ਕਾਰਣ ਦੇਰੀ ਦੀ ਸੰਭਾਵਨਾ
ਡੀ.ਟੀ.ਐੱਫ ਪੰਜਾਬ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਈ ਹਸਤਾਖਰਾਂ ਹੇਠ ਜਾਰੀ ਕੀਤੇ ਜਾਣ ਦੀ ਮੰਗ
ਅੰਮ੍ਰਿਤਸਰ, 22.02.2025(): ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 18 ਫਰਵਰੀ ਨੂੰ ਪੰਜਾਬ ਭਰ ਦੇ ਜਿਲ੍ਹਾ ਖਜ਼ਾਨਾ ਅਫਸਰਾਂ ਨੂੰ ਪੱਤਰ ਜਾਰੀ ਕਰਦਿਆਂ ਫਰਵਰੀ ਮਹੀਨੇ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਉਨ੍ਹਾਂ ਦੇ ਡੀ.ਡੀ.ਓ ਦੇ ਡਿਜੀਟਲ ਹਸਤਾਖਰਾਂ ਹੇਠ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਨਾਲ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੂੰ ਫਰਵਰੀ ਮਹੀਨੇ ਦੀਆਂ ਤਨਖਾਹਾਂ ਦੇਰੀ ਨਾਲ ਮਿਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਈ-ਹਸਤਾਖਰਾਂ ਹੇਠ ਜਾਰੀ ਹੋ ਰਹੀਆਂ ਹਨ ਪਰ ਵਿੱਤ ਵਿਭਾਗ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਤਨਖਾਹਾਂ ਡਿਜੀਟਲ ਹਸਤਾਖਰਾਂ ਹੇਠ ਜਾਰੀ ਹੋਣਗੀਆਂ। ਡਿਜੀਟਲ ਹਸਤਾਖਰਾਂ ਲਈ ਪੰਜਾਬ ਇਨਫੋਟੈਕ ਤੋਂ ਇੱਕ ਡੀ.ਐਸ.ਸੀ (ਡਿਜੀਟਲ ਸਿਗਨੇਚਰ ਸਰਟੀਫਿਕੇਟ)/ਡੋਂਗਲ ਜਾਰੀ ਕਰਾਉਣੀ ਪਵੇਗੀ ਜਿਸ ਦੀ ਵੱਖ ਵੱਖ ਸਮੇਂ ਲਈ ਨਿਰਧਾਰਤ ਫੀਸ ਡੀ.ਡੀ.ਓ ਨੂੰ ਜਮ੍ਹਾਂ ਕਰਾਉਣੀ ਪਵੇਗੀ। ਡੀ.ਡੀ.ਓ ਇੱਕ ਬਿਨੈ ਪੱਤਰ ਨਾਲ ਆਪਣੇ ਲੋੜੀਦੇ ਦਸਤਾਵੇਜ ਨਾਲ ਲਗਾ ਕੇ ਅਤੇ ਨਿਰਧਾਰਤ ਫੀਸ ਦੇ ਕੇ ਪੰਜਾਬ ਇਨਫੋਟੈਕ ਤੋਂ ਡੀ.ਐਸ.ਸੀ/ਡੋਂਗਲ ਪ੍ਰਾਪਤ ਕਰ ਸਕੇਗਾ।
ਆਗੂਆਂ ਜਰਮਨਜੀਤ ਸਿੰਘ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਕੁਲਦੀਪ ਸਿੰਘ ਵਰਨਾਲੀ, ਗੁਰਪ੍ਰੀਤ ਸਿੰਘ ਨਾਭਾ, ਮੈਡਮ ਕੰਵਲਜੀਤ ਕੌਰ, ਮੈਡਮ ਮੋਨਿਕਾ ਸੋਨੀ ਆਦਿ ਨੇ ਕਿਹਾ ਕਿ ਡੀ.ਐਸ.ਸੀ/ਡੋਂਗਲ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਕਾਫੀ ਗੁੰਝਲਦਾਰ ਹੈ ਅਤੇ ਇਸ ਕਾਰਣ ਪੰਜਾਬ ਭਰ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣ ਵਿੱਚ ਦੇਰੀ ਹੋ ਸਕਦੀ ਹੈ। ਆਗੂਆਂ ਨੇ ਤਨਖਾਹਾਂ ਦੇਰੀ ਨਾਲ ਮਿਲਣ ਦੀ ਹਾਲਤ ਵਿੱਚ ਅਗਾਂਊ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਇੱਕ ਨਿੱਜੀ ਕੰਪਨੀ( ਪੰਜਾਬ ਇਨਫੋਟੈਕ) ਨੂੰ ਡਿਜੀਟਲ ਸਿਗਨੇਚਰ ਸਰਟੀਫਿਕੇਟ/ ਡੋਂਗਲ ਜਾਰੀ ਕਰਨ ਲਈ ਅਧਿਕਾਰਿਤ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਇਸ ਤਰ੍ਹਾਂ ਸਰਕਾਰ ਵੱਲੋਂ ਨਿੱਜੀਕਰਨ ਨੂੰ ਉਤਸ਼ਾਹਿਤ ਕਰਨਾ ਗੈਰ ਵਾਜਬ ਹੈ। ਉਨ੍ਹਾਂ ਮੰਗ ਕੀਤੀ ਕਿ ਫਰਵਰੀ ਮਹੀਨੇ ਦੀਆਂ ਤਨਖਾਹਾਂ ਪਹਿਲਾਂ ਤੋਂ ਚੱਲ ਰਹੇ ਈ ਹਸਤਾਖਰਾਂ ਹੇਠ ਹੀ ਜਾਰੀ ਕੀਤੀਆਂ ਜਾਣ ਅਤੇ ਸਰਕਾਰ ਕਿਸੇ ਸਰਕਾਰੀ ਏਜੰਸੀ ਰਾਹੀਂ ਆਪਣੇ ਕੋਲੋਂ ਰਾਸ਼ੀ ਦਾ ਭੁਗਤਾਨ ਕਰਕੇ ਡੀ ਐੱਸ ਸੀ ਜਾਰੀ ਕਰਵਾਏ।