ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ
ਗੁਰੂਗ੍ਰਾਮ, 20 ਦਸੰਬਰ (ਜਾਬਸ ਆਫ ਟੁਡੇ) - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੇਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।
ਓਪੀ ਚੌਟਾਲਾ ਪੰਜਾਬ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡੇ ਸਨ। ਉਹ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ।
ਆਪਣੀ ਸ਼ੁਰੂਆਤੀ ਸਿੱਖਿਆ ਤੋਂ ਬਾਅਦ, ਚੌਟਾਲਾ ਨੇ ਪੜ੍ਹਾਈ ਛੱਡ ਦਿੱਤੀ ਸੀ। ਹਾਲਾਂਕਿ, 2013 ਵਿੱਚ ਸਿੱਖਿਆ ਅਧਿਆਪਕ ਭਰਤੀ ਘੁਟਾਲੇ ਦੇ ਦੌਰਾਨ, ਜਦੋਂ ਉਹ ਤਿਹਾੜ ਜੇਲ੍ਹ ਵਿੱਚ ਸਨ, ਤਾਂ ਉਨ੍ਹਾਂ ਨੇ 86 ਸਾਲ ਦੀ ਉਮਰ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।
ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਸਿਰਸਾ ਜ਼ਿਲ੍ਹੇ ਦੇ ਉਨ੍ਹਾਂ ਦੇ ਪੈਤ੍ਰਿਕ ਪਿੰਡ ਚੌਟਾਲਾ ਲਿਆਂਦਾ ਜਾਵੇਗਾ। ਉੱਥੇ ਉਨ੍ਹਾਂ ਨੂੰ ਅੰਤਿਮ ਦਰਸ਼ਨ ਲਈ ਰੱਖਿਆ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਵਿੱਚ ਹੀ ਕੀਤਾ ਜਾਵੇਗਾ