ਹਿਮਾਚਲ ਦੀਆਂ 27 ਦਵਾਈਆਂ ਦੇ ਸੈਂਪਲ ਫੇਲ, ਸੀਡੀਐਸਕੋ ਨੇ ਜਾਰੀ ਕੀਤਾ ਅਲਰਟ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਬਣਾਈਆਂ ਗਈਆਂ 27 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (CDSCO) ਦੇ ਮਾਪਦੰਡਾਂ 'ਤੇ ਖਰੀ ਨਹੀਂ ਉਤਰੀਆਂ। ਸੀਡੀਐਸਕੋ ਨੇ ਇਸ ਸਬੰਧੀ ਡਰੱਗ ਅਲਰਟ ਜਾਰੀ ਕੀਤਾ ਹੈ। ਸਟੇਟ ਡਰੱਗ ਕੰਟਰੋਲਰ ਨੇ ਇਨ੍ਹਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਨੋਟਿਸ ਦਾ ਜਵਾਬ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਹਿਮਾਚਲ ਤੋਂ ਬਣਨ ਵਾਲੀਆਂ ਦਵਾਈਆਂ ਦੇਸ਼ ਭਰ ਵਿੱਚ ਸਪਲਾਈ ਹੁੰਦੀਆਂ ਹਨ। ਸੈਂਪਲ ਫੇਲ ਹੋਣ ਤੋਂ ਬਾਅਦ ਡਰੱਗ ਕੰਟਰੋਲਰ ਨੇ ਇਨ੍ਹਾਂ ਫਾਰਮਾ ਕੰਪਨੀਆਂ ਤੋਂ ਦਵਾਈਆਂ ਦਾ ਸਟਾਕ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਮਾਪਦੰਡਾਂ 'ਤੇ ਖਰਾ ਨਾ ਉਤਰਨ ਵਾਲੀਆਂ ਇਹ ਦਵਾਈਆਂ ਲੋਕਾਂ ਤੱਕ ਨਾ ਪਹੁੰਚ ਸਕਣ।
ਦੇਸ਼ ਵਿੱਚ ਨਵੰਬਰ ਮਹੀਨੇ ਵਿੱਚ ਕੁੱਲ 111 ਦਵਾਈਆਂ ਦੇ ਸੈਂਪਲ ਫੇਲ ਹੋਏ ਹਨ। ਇਨ੍ਹਾਂ ਵਿੱਚੋਂ 27 ਦਵਾਈਆਂ ਹਿਮਾਚਲ ਵਿੱਚ ਬਣੀਆਂ ਹਨ। ਜਿਨ੍ਹਾਂ ਦਵਾਈਆਂ ਦੇ ਸੈਂਪਲ ਫੇਲ ਹੋਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਹਾਰਟ ਰੋਗ ਦੇ ਇਲਾਜ, ਹਾਈ ਬੀਪੀ, ਦਰਦ, ਐਂਟੀਬਾਇਓਟਿਕ ਅਤੇ ਐਲਰਜੀ ਸਮੇਤ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ।