ਰਜਿਸਟਰਡ ਅਸੰਗਠਿਤ ਕਿਰਤੀਆਂ ਦੀ ਹੋਈ ਮੌਤ ਜਾਂ ਅਪੰਗਤਾ ਦੀ ਸੂਰਤ ਵਿੱਚ ਐਕਸ-ਗਰੇਸੀਆ ਸਕੀਮ ਦਾ ਲਾਭ ਲੈਣ ਲਈ 31 ਮਾਰਚ 2024 ਤੱਕ ਦਸਤਾਵੇਜ਼ ਜਮਾਂ ਕਰਵਾਏ ਜਾਣ - ਲੇਬਰ ਇਨਫੋਰਸਮੈਂਟ ਅਫ਼ਸਰ
ਗੁਰਦਾਸਪੁਰ, 13 ਮਾਰਚ ( PBJOBSOFTODAY ) - ਸ. ਨਵਦੀਪ ਸਿੰਘ, ਲੇਬਰ ਇਨਫੋਰਸਮੈਂਟ ਅਫ਼ਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਵੱਲੋਂ ਅਸੰਗਠਿਤ ਖੇਤਰ ਜਿਵੇਂ ਰੇਹੜੀ ਲਾਉਣ, ਘਰੇਲੂ ਮਦਦ, ਉਸਾਰੀ ਖੇਤ ਮਜ਼ਦੂਰੀ, ਦਿਹਾੜੀ, ਦੋਧੀ ਆਦਿ ਦਾ ਕੰਮ ਕਰਨ ਵਾਲੇ ਕਿਰਤੀਆਂ ਨੂੰ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਇਹ ਕਿਰਤੀ ਆਪਣੇ ਨੇੜਲੇ ਸੇਵਾ ਕੇਂਦਰ (ਸੀ.ਐੱਸ.ਸੀ.) ਵਿਖੇ ਜਾ ਕੇ ਜਾਂ ਵੈੱਬਸਾਈਟ eshram.gov.in 'ਤੇ ਆਨ-ਲਾਈਨ ਖ਼ੁਦ ਨੂੰ ਈ-ਸ਼੍ਰਮ ਨਾਲ ਰਜਿਸਟਰਡ ਕਰ ਸਕਦੇ ਹਨ।
ਲੇਬਰ ਇਨਫੋਰਸਮੈਂਟ ਅਫ਼ਸਰ ਸ. ਨਵਦੀਪ ਸਿੰਘ ਨੇ ਦੱਸਿਆ ਕਿ ਈ-ਸ਼੍ਰਮ ਤਹਿਤ ਮਿਤੀ 31 ਮਾਰਚ 2022 ਤੋਂ ਪਹਿਲਾਂ ਰਜਿਸਟਰਡ ਅਸੰਗਠਿਤ ਕਿਰਤੀਆਂ ਦੀ ਹੋਈ ਮੌਤ ਜਾਂ ਅਪੰਗਤਾ ਦੀ ਸੂਰਤ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਐਕਸ-ਗਰੇਸੀਆ ਸਕੀਮ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ/ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕਰਕੇ ਜ਼ਰੂਰੀ ਦਸਤਾਵੇਜ਼ ਮਿਤੀ 31 ਮਾਰਚ 2024 ਤੋਂ ਪਹਿਲਾਂ ਜਮਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ eshram.gov.in 'ਤੇ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੈਲਪ ਲਾਈਨ ਨੰਬਰ 14434 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।