-ਸਰਕਾਰੀ ਸਕੂਲਾਂ 'ਚ ਦਾਖਲਾ ਮੁਹਿੰਮ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਵੱਲੋਂ ਪਿੰਡਾਂ ਦਾ ਦੌਰਾ
--110 ਬੱਚਿਆਂ ਦੀ ਕੀਤੀ ਗਈ ਰਜਿਸਟ੍ਰੇਸ਼ਨ
ਬਰਨਾਲਾ, 23 ਫਰਵਰੀ
ਪੰਜਾਬ ਸਰਕਾਰ ਦੀ ਹਦਾਇਤ ਤਹਿਤ ਵਿੱਦਿਅਕ ਸੈਸ਼ਨ 2024-25 ਲਈ ਬਲਾਕ ਸਹਿਣਾ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਭੁਪਿੰਦਰ ਕੌਰ ਨੇ ਸਹਿਣਾ ਬਲਾਕ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਖੇ ਦਾਖਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਗੁਣਵੱਤਾ ਸਿੱਖਿਆ ਪ੍ਰਣਾਲੀ ਅਤੇ ਬਹੁਤ ਵਧੀਆ ਬੁਨਿਆਦੀ ਢਾਂਚੇ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਦਕਾ ਹੁਣ ਕਾਨਵੈਂਟ ਅਤੇ ਮਾਡਲ ਸਕੂਲਾਂ ਦੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਨੂੰ ਪ੍ਰਮੁੱਖਤਾ ਦੇ ਰਹੇ ਹਨ।
ਉਨ੍ਹਾਂ ਸਹਿਣਾ ਦੇ ਵੱਖ-ਵੱਖ ਪਿੰਡਾਂ ਸਹਿਣਾ, ਭਦੌੜ, ਜੰਗੀਆਣਾ ਵਿਖੇ ਦਾਖਲਾ ਮੁਹਿੰਮ ਤਹਿਤ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਸਬੰਧੀ ਗੱਲ ਬਾਤ ਕੀਤੀ। ਮੌਕੇ ਉੱਤੇ ਲਗਭਗ 110 ਬੱਚਿਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਵਸੁੰਧਰਾ ਕਪਿਲਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਬਰਨਾਲਾ, ਸ. ਬਰਜਿੰਦਰ ਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਰਨਾਲਾ ਦੀ ਅਗਵਾਈ ਵਿੱਚ ਕੰਮ ਕੀਤਾ ਗਿਆ। ਇਸ ਮੌਕੇ ਸ.ਹਰਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਹਿਣਾ ਦੀ ਅਗਵਾਈ ਵਿੱਚ ਇਨ੍ਹਾਂ ਪਿੰਡਾਂ ਵਿੱਚ ਵੱਖ ਵੱਖ ਟੀਮਾਂ ਬਣਾ ਕੇ ਗਲੀ- ਗਲੀ, ਡੋਰ ਟੂ ਡੋਰ ਜਾ ਕੇ ਸੈਸ਼ਨ 2024-25 ਤਹਿਤ ਨਵੇਂ ਦਾਖਲੇ ਲਈ ਰਜਿਸਟ੍ਰੇਸ਼ਨ ਕੀਤੀ ਗਈ।