HOLIDAY IN BARNALA 27 JANUARY: ਸਮਾਗਮ ‘ਚ ਭਾਗ ਲੈਣ ਵਾਲੇ ਸਕੂਲਾਂ ਨੂੰ 27 ਜਨਵਰੀ ਦੀ ਛੁੱਟੀ ਦਾ ਕੀਤਾ ਐਲਾਨ

--75 ਵਾਂ ਗਣਤੰਤਰ ਦਿਵਸ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਮਨਾਇਆ ਗਿਆ
--ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਨੇ ਲਹਿਰਾਇਆ ਤਿਰੰਗਾ
--ਸ਼ਾਨਦਾਰ ਪਰੇਡ ਅਤੇ ਮਾਰਚ ਪਾਸਟ ਰਹੀ ਖਿੱਚ ਦੇ ਕੇਂਦਰ
--ਸਕੂਲੀ ਬੱਚਿਆਂ ਨੇ ਪੇਸ਼ ਕੀਤੀਆਂ ਸਭਿਆਚਾਰਕ ਵੰਗੀਆਂ
--ਸਮਾਗਮ ‘ਚ ਭਾਗ ਲੈਣ ਵਾਲੇ ਸਕੂਲਾਂ ਨੂੰ 27 ਜਨਵਰੀ ਦੀ ਛੁੱਟੀ ਦਾ ਕੀਤਾ ਐਲਾਨ
ਬਰਨਾਲਾ, 26 ਜਨਵਰੀ
75 ਵਾਂ ਗਣਤੰਤਰ ਦਿਵਸ ਸਮਾਗਮ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਬੀ. ਬੀ. ਐੱਸ. ਤੇਜੀ, ਸ. ਕੁਲਵੰਤ ਸਿੰਘ ਪੰਡੋਰੀ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ, ਸ. ਗੁਰਦੀਪ ਸਿੰਘ ਬੈਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਅਤੇ ਸ. ਸੁਖਪਾਲ ਸਿੰਘ ਸਹਾਇਕ ਕਮਿਸ਼ਨਰ ਵੀ ਮੌਜੂਦ ਸਨ। 


ਬਰਨਾਲਾ ਵਾਸੀਆਂ ਦੇ ਨਾਂ ਆਪਣੇ ਸੰਦੇਸ਼ ‘ਚ ਸ. ਸਤਵੰਤ ਸਿੰਘ ਨੇ ਕਿਹਾ ਕਿ ਇਸ 75ਵੇਂ ਗਣਰਾਜ ਦਿਵਸ ਦੇ ਸ਼ੁੱਭ ਮੌਕੇ ਸਾਰਿਆਂ ਨੂੰ ਇਹ ਸਹੁੰ ਲੈਣੀ ਚਾਹੀਦੀ ਹੈ ਕਿ ਅਸੀਂ ਪੜ੍ਹ ਲਿਖੇ ਕੇ ਅਤੇ ਕਾਬਿਲ ਬਣ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਾਂਗੇ। ਉਨ੍ਹਾਂ ਅੱਜ ਦੇ ਦਿਨ ਭਾਰਤੀ ਸੰਵਿਧਾਨ ਦੇ ਵਿਧਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ ਕਿ ਸੰਵਿਧਾਨ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਜਿਸ ਨੇ ਭਾਰਤ ਨੂੰ ਵਿਸ਼ਵ ਪੱਧਰੀ ਗਣਰਾਜ ਦਾ ਦਰਜ ਦਿੱਤਾ ਹੈ।
ਇਸ ਮੌਕੇ ਪੰਜਾਬ ਪੁਲਿਸ ਅਤੇ ਵੱਖ ਵੱਖ ਸਕੂਲਾਂ ਕਾਲਜਾਂ ਦੀਆਂ ਐੱਨ. ਸੀ. ਸੀ. ਬਟਾਲੀਅਨ ਵੱਲੋਂ ਪਰੇਡ ਪੇਸ਼ ਕੀਤੀ ਗਈ।
ਪਰੇਡ ਦੇ ਕਮਾਂਡਰ ਡੀ. ਐੱਸ. ਪੀ. ਤਪਾ ਡਾ. ਮਾਨਵਜੀਤ ਸਿੰਘ ਸਨ। ਇਸ ਮੌਕੇ ਪੰਜਾਬ ਪੁਲਿਸ ਪੁਰਸ਼ਾਂ ਅਤੇ ਮਹਿਲਾ ਦੀ ਟੁਕੜੀ, ਪੰਜਾਬ ਹੋਮ ਗਾਰਡ ਟੁਕੜੀ, ਅਕਾਲ ਅਕੈਡਮੀ ਟੱਲੇਵਾਲ ਦੀਆਂ ਐੱਨ. ਸੀ. ਸੀ ਟੁਕੜੀਆਂ, ਐੱਸ.. ਡੀ. ਕਾਲਜ, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਲਾਲ ਬਹਾਦਰ ਸ਼ਾਸਤਰੀ ਕਾਲਜ ਦੀ ਟੁਕੜੀ, ਸੈਕਰੇਡ ਹਾਰਟ ਕਾਨਵੇਂਟ ਸਕੂਲ ਦੀ ਟੁਕੜੀ, ਪੁਲਿਸ ਬੈਂਡ ਅਤੇ ਸਰਕਾਰੀ ਸਕੂਲ ਪੱਖੋਕੇ ਦੇ ਬੈਂਡ ਨੇ ਭਾਗ ਲਿਆ। ਇਸ ਮੌਕੇ ਪੰਜਾਬ ਸਰਕਾਰ ਦੇ 11 ਵਿਭਾਗਾਂ ਨੇ ਆਪਣੀਆਂ ਉਪਲੱਭਧੀਆਂ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਸ. ਸਤਵੰਤ ਸਿੰਘ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਜੰਗੀ ਵਿਧਵਾਵਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ।
ਇਸੇ ਤਰ੍ਹਾਂ ਰੰਗਾ ਰੰਗ ਸੱਭਿਆਚਾਰਕ ਸਮਾਗਮ ‘ਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਵਿਚ ਵਾਈ. ਐੱਸ. ਸਕੂਲ, ਟੰਡਨ ਇੰਟਰਨੈਸ਼ਨਲ ਸਕੂਲ, ਜੈ ਵਾਟਿਕਾ ਸਕੂਲ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ, ਸਰਵਹਿੱਤਕਾਰੀ ਵਿਦਿਆ ਮੰਦਿਰ, ਸਰਵਉੱਤਮ ਅਕੈਡਮੀ, ਪਵਨ ਸੇਵਾ ਸਮਿਤੀ ਸਕੂਲ ਅਤੇ ਜਵਾਹਰ ਨਵੋਦਿਆ ਵਿਦਿਆਲੇ ਦੇ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ । ਇਸ ਮੌਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਚਲਾਏ ਜਾ ਰਹੇ ਸੀ. ਐੱਮ. ਦੀ ਯੋਗਸ਼ਾਲਾ ਅਧੀਨ ਯੋਗ ਦੀ ਸਿਖਲਾਈ ਦੇ ਰਹੇ ਸਿਖਿਆਰਥੀ ਅਤੇ ਵਿਦਿਆਰਥੀਆਂ ਨੇ ਯੋਗ ਮੁਦਰਾਵਾਂ ਪੇਸ਼ ਕੀਤੀਆਂ। 
ਜ਼ਿਲ੍ਹਾ ਰੇਡ ਕ੍ਰਾਸ ਸੋਸਾਇਟੀ ਵੱਲੋਂ ਲੋੜਵੰਦ ਲੋਕਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਈਕਲ ਵੰਡੇ ਗਏ। ਜ਼ਿਲ੍ਹਾ ਬਰਨਾਲਾ ‘ਚ ਵੱਖ ਵੱਖ ਖੇਤਰਾਂ ‘ਚ ਸ਼ਲਾਘਾ ਯੋਗ ਕੰਮ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀਆਂ ਉਪਲੱਭਧੀਆਂ ਲਈ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਿੱਟ ‘ਚ ਜ਼ਿਲ੍ਹਾ ਬਰਨਾਲਾ ਦੀਆਂ ਸਵੈ ਸੇਵੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਬ੍ਰਾਂਡ ਅਸਲ ਦੇਸੀ ਵੱਲੋਂ ਬਣਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਇੱਕ ਉਪਹਾਰ ਦੇ ਰੂਪ ‘ਚ ਦਿੱਤੀਆਂ ਗਈਆਂ।
ਜ਼ਿਲ੍ਹਾ ਪ੍ਰਸਾਸ਼ਨ, ਬਰਨਾਲਾ ਵੱਲੋਂ ਸਮਾਗਮ ‘ਚ ਭਾਗ ਲੈਣ ਵਾਲੇ ਸਕੂਲਾਂ ਨੂੰ 27 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends