ਪੰਜਾਬ ਸਰਕਾਰ ਵੱਲੋਂ ਧਾਰਾ 295-ਏ ਤਹਿਤ ਪੁਲਿਸ ਪਰਚੇ ਦਰਜ਼ ਕਰਨ ਦੀ ਸਖ਼ਤ ਨਿਖੇਧੀ



ਪੰਜਾਬ ਸਰਕਾਰ ਵੱਲੋਂ ਧਾਰਾ 295-ਏ ਤਹਿਤ ਪੁਲਿਸ ਪਰਚੇ ਦਰਜ਼ ਕਰਨ ਦੀ ਸਖ਼ਤ ਨਿਖੇਧੀ



ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਲੇ ਕਾਨੂੰਨਾਂ ਰਾਹੀਂ ਮਧੋਲਣ ਦਾ ਡੀ ਟੀ ਐੱਫ ਵੱਲੋਂ ਵਿਰੋਧ



31 ਜਨਵਰੀ, ਚੰਡੀਗੜ੍ਹ:-

ਪਿਛਲੇ ਦਿਨੀਂ ਸੋਸ਼ਲ ਮੀਡਿਆ 'ਤੇ ਪਾਈਆਂ ਕੁੱਝ ਪੋਸਟਾਂ ਅਤੇ ਮੀਡੀਆ ਨਾਲ ਕੀਤੀ ਵਾਰਤਾਲਾਪ ਦੇ ਹਵਾਲੇ ਨਾਲ ਤਰਕਸ਼ੀਲ ਕਮੇਟੀ ਦੇ ਆਗੂ ਭੁਪਿੰਦਰ ਫੌਜੀ, ਸੁਰਜੀਤ ਦੌਧਰ, ਦਵਿੰਦਰ ਰਾਣਾ ਆਦਿ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਂ ਹੇਠ ਧਾਰਾ 295-ਏ ਤਹਿਤ ਪੁਲਿਸ ਪਰਚੇ ਦਰਜ਼ ਕਰਨ ਅਤੇ ਗ੍ਰਿਫਤਾਰੀਆਂ ਕਰਨ ਦੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਨਿਖੇਧੀ ਕੀਤੀ ਹੈ ਅਤੇ ਇਹਨਾਂ ਕੇਸਾਂ ਨੂੰ ਰੱਦ ਕਰਨ ਦੇ ਨਾਲ ਹੀ ਗੈਰ-ਜਮਹੂਰੀ ਨਵੇਂ ਫੌਜਦਾਰੀ ਕਾਨੂੰਨਾਂ, ਯੂ.ਏ.ਪੀ.ਏ., ਐਨ.ਐਸ.ਏ., ਅਫਸਪਾ ਅਤੇ ਧਾਰਾ 295-ਏ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਹੈ।


ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਫਿਰਕਾਪ੍ਰਸਤ ਤਾਕਤਾਂ ਵੱਲੋਂ ਹਰ ਕਿਸਮ ਦੇ ਵਿਰੋਧੀ ਸੁਰਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਬੋਲਣ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਲਗਾਤਾਰ ਗਲਾ ਘੁੱਟਿਆ ਜਾ ਰਿਹਾ ਹੈ। ਭਾਰਤੀ ਸੰਵਿਧਾਨ ਸਮੇਤ ਮਨੁੱਖੀ ਅਧਿਕਾਰਾਂ ਦੇ ਹੋਰ ਅੰਤਰ-ਰਾਸ਼ਟਰੀ ਮਾਪਦੰਡਾਂ ਤਹਿਤ ਵੀ ਵਿਚਾਰ ਪ੍ਰਗਟਾਉਣ ਅਤੇ ਵਿਗਿਆਨਕ ਵਿਚਾਰਾਂ ਦੇ ਪਸਾਰੇ ਦੀ ਆਜ਼ਾਦੀ ਨੂੰ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪਹਿਲਾਂ ਹੀ ਪੇਤਲਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਫਾਸ਼ੀਵਾਦੀ ਸੱਤਾ ਦੀ ਸੰਪੂਰਨ ਸਥਾਪਤੀ ਵੱਲ ਵਧ ਰਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਇਹਨਾਂ ਰਸਮੀ ਖੁੱਲਾਂ ਨੂੰ ਵੀ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਧਾਰਾਵਾਂ 295  ਅਤੇ 295 ਏ ਤਹਿਤ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਪਰਚੇ ਦਰਜ ਕਰਨਾ ਹਰ ਪੱਖੋਂ ਗ਼ੈਰ ਜਮਹੂਰੀ ਕਾਰਵਾਈ ਹੈ ਅਤੇ ਇਸਦੀ ਆੜ ਹੇਠ ਲੋਕ ਪੱਖੀ ਬੁੱਧੀਜੀਵੀਆਂ ਨੂੰ ਆਪਣਾ ਪੱਖ ਰੱਖਣ ਤੋਂ ਵਾਂਝਿਆਂ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਦਾ ਸਥਾਈ ਹੱਲ, ਪੱਕੀਆਂ ਨੌਕਰੀਆਂ ਅਤੇ ਪੱਕੀ ਪੈਨਸ਼ਨ ਦੀ ਬਹਾਲੀ ਸਮੇਤ ਲੋਕਾਈ ਦੇ ਹੋਰ ਹਕੀਕੀ ਮੁੱਦਿਆਂ ਨੂੰ ਸੰਬੋਧਿਤ ਹੋਣ ਦੀ ਥਾਂ "ਇੱਕ ਦੇਸ਼, ਇੱਕ ਧਰਮ, ਇੱਕ ਬੋਲੀ ਰੂਪੀ" ਕੇਂਦਰੀ ਫਾਸ਼ੀ ਰਾਜ ਦੀ ਸਥਾਪਤੀ ਦਾ ਡੰਕਾ ਵਜਾਉਣ ਵਾਲਿਆਂ 'ਤੇ ਚੁੱਕੇ ਜਾ ਰਹੇ ਸਵਾਲਾਂ ਪ੍ਰਤੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਕਾਲੇ ਕਾਨੂੰਨ ਲਾਗੂ ਕਰਨਾ, ਦੋਵਾਂ ਸਰਕਾਰਾਂ ਦੇ ਅਜਿਹੇ ਮਾਮਲਿਆਂ ਵਿੱਚ ਇੱਕਸੁਰ ਅਤੇ ਸਹਿਯੋਗੀ ਹੋਣ ਦਾ ਪ੍ਰਗਟਾਵਾ ਹੈ। 


ਜੱਥੇਬੰਦੀ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਸੋਸ਼ਲ ਮੀਡੀਆ 'ਤੇ ਕਿਰਿਆਸ਼ੀਲ ਲੋਕਾਂ ਨੂੰ ਭਾਈਚਾਰੇ ਨੂੰ ਤੋੜਨ ਵਾਲੀਆਂ ਪੋਸਟਾਂ ਪਾਉਣ ਤੋਂ ਸੁਚੇਤ ਰਹਿੰਦਿਆਂ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਤੇ ਸੰਘਰਸ਼ਸ਼ੀਲ ਲੋਕਾਂ ਦੀ ਜੁਬਾਨਬੰਦੀ ਕਰਨ ਦੇ ਖਿਲਾਫ ਅਤੇ ਹਾਕਮਾਂ ਦੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends