ਡਿਪਟੀ ਕਮਿਸ਼ਨਰ ਨੇ ਸ਼ਹੀਦੀ ਸਭਾ ਦੇ ਮੱਦੇ-ਨਜ਼ਰ 23,24 ਤੇ 25 ਦਸੰਬਰ ਨੂੰ ਛੁੱਟੀਆਂ ਵਾਲੇ ਦਿਨ ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁਲਣ ਦੇ ਦਿੱਤੇ ਆਦੇਸ਼
ਫਤਹਿਗੜ੍ਹ ਸਾਹਿਬ, 20 ਦਸੰਬਰ:
ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੇ ਮੱਦੇ ਨ਼ਜਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਆਦੇਸ਼ ਦਿੱਤੇ ਹਨ ਕਿ 23 ਦਸੰਬਰ (ਸ਼ਨੀਵਾਰ), 24 ਦਸੰਬਰ (ਐਤਵਾਰ) ਅਤੇ ਕ੍ਰਿਸਮਿਸ ਦੀ ਛੁੱਟੀ ਵਾਲੇ ਦਿਨ 25 ਦਸੰਬਰ ਨੂੰ ਸਮੂਹ ਦਫ਼ਤਰ ਆਮ ਦਿਨਾਂ ਵਾਂਗ ਖੁਲ੍ਹੇ ਰਹਿਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਛੁੱਟੀਆਂ ਵਾਲੇ ਦਿਨਾਂ ਵਿੱਚ ਸ਼ਹੀਦੀ ਸਭਾ ਸਬੰਧੀ ਕਿਸੇ ਵੀ ਸਮੇਂ ਕਿਸੇ ਵੀ ਅਧਿਕਾਰੀ ਦੀ ਜਰੂਰਤ ਪੈ ਸਕਦੀ ਹੈ। ਇਸ ਲਈ ਕੰਮ ਦੀ ਮਹੱਤਤਾ ਨੂੰ ਵੇਖਦੇ ਹੋਏ ਸਮੂਹ ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੋਲ੍ਹੇ ਰੱਖੇ ਜਾਣਗੇ। ਉਨ੍ਹਾਂ ਇਹ ਆਦੇਸ਼ ਵੀ ਦਿੱਤੇ ਕਿ ਇਨ੍ਹਾਂ ਦਿਨਾਂ ਦੌਰਾਨ ਸਮੂਹ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਸ਼ਹੀਦੀ ਸਭਾ ਦੇ ਕੰਮਾਂ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਸ਼ਹੀਦੀ ਸਭਾ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੱਤੇ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਤੇ ਹਾਜਰ ਰਹਿਣ ਨੂੰ ਯਕੀਨੀ ਬਣਾਉਣ।