ਏਡਿਡ ਸਕੂਲਾਂ ਦੇ ਮਿਡ ਡੇਅ ਮੀਲ ਦਾ ਕੰਮ ਸਰਕਾਰੀ ਸਕੂਲਾਂ ਦੇ ਅਧਿਆਪਕਾਂ 'ਤੇ ਪਾਉਣ ਦਾ ਵਿਰੋਧ
ਪੰਜਾਬ ਸਰਕਾਰ ਵੱਲੋਂ ਏਡਿਡ ਸਕੂਲਾਂ ਵਿੱਚ ਪੱਕੀ ਭਰਤੀ ਤੋਂ ਕਿਨਾਰਾ ਕਰਨਾ ਨਿਦੰਣਯੋਗ: ਡੀ.ਟੀ.ਐੱਫ.
ਅਧਿਆਪਕਾਂ ਦਾ ਕੰਮ ਪੜ੍ਹਾਉਣਾ, ਨਾ ਕੇ ਹੋਰਨਾਂ ਸਕੂਲਾਂ ਦਾ ਮਿਡ ਡੇ ਮੀਲ ਸੰਭਾਲਣਾ: ਵਿਕਰਮ ਦੇਵ, ਮੁਕੇਸ਼ ਕੁਮਾਰ
22 ਦਸੰਬਰ, ਚੰਡੀਗੜ੍ਹ ( ):
ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਦੁਆਰਾ ਪੱਤਰ ਜ਼ਾਰੀ ਕਰਦਿਆਂ ਏਡਿਡ ਪੋਸਟ 'ਤੇ ਰੈਗੂਲਰ ਸਟਾਫ ਤੋਂ ਵਾਂਝੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਮਿੱਡ ਡੇ ਮੀਲ ਨਾਲ ਸਬੰਧਤ ਰਿਕਾਰਡ ਮੇਨਟੇਨ ਕਰਨ ਦਾ ਸਾਰਾ ਕੰਮ ਸਰਕਾਰੀ ਸਕੂਲਾਂ ਦੇ ਅਧਿਆਪਕਾਂ 'ਤੇ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇੰਨ੍ਹਾਂ ਸਕੂਲਾਂ ਵਿੱਚ ਏਡਿਡ ਪੋਸਟਾਂ 'ਤੇ ਰੈਗੂਲਰ ਭਰਤੀ ਕਰਨ ਅਤੇ ਬਣਦੀ ਗ੍ਰਾਂਟ ਜਾਰੀ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ, ਜਿਸ ਤੋਂ ਭੱਜਦਿਆਂ ਮੌਜੂਦਾ 'ਆਪ' ਸਰਕਾਰ ਵੱਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਡੰਗ ਟਪਾਈ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕੇ ਪਿਛਲੇ ਦੋ ਦਹਾਕਿਆਂ ਤੋਂ ਏਡਿਡ ਸਕੂਲਾਂ ਵਿੱਚ ਰੈਗੂਲਰ ਭਰਤੀ ਤੋਂ ਵੱਖ-ਵੱਖ ਸਰਕਾਰਾਂ ਵੱਲੋਂ ਹੱਥ ਪਿੱਛੇ ਖਿੱਚਣ ਕਾਰਨ ਇਹਨਾਂ ਸਕੂਲਾਂ ਵਿੱਚ ਰੈਗੂਲਰ ਸਟਾਫ ਦੀ ਗਿਣਤੀ ਵਿੱਚ ਭਾਰੀ ਕਮੀ ਹੋ ਚੁੱਕੀ ਹੈ।
ਡੀ.ਟੀ.ਐੱਫ. ਦੇ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਸਿੰਘ ਫੁੱਲੇਵਾਲਾ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ ਅਤੇ ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਦਲਜੀਤ ਸਫੀਪੁਰ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਮਹਿੰਦਰ ਕੌੜਿਆਂਵਾਲੀ, ਰੁਪਿੰਦਰ ਗਿੱਲ, ਸਹਾਇਕ ਵਿੱਤ ਸਕੱਤਰ ਤੇਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਪੜ੍ਹਾਈ ਦੇ ਕੰਮ ਤੋਂ ਇਲਾਵਾ ਹੋਰ ਕੋਈ ਕੰਮ ਨਾ ਲੈਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਹਨ। ਪਹਿਲਾਂ ਹੀ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੋਣ ਅਤੇ ਕਲੈਰੀਕਲ ਅਮਲੇ ਦੀ ਘਾਟ ਹੋਣ ਕਾਰਨ ਅਧਿਆਪਕਾਂ ਨੂੰ ਵਿਭਾਗ ਦੇ ਅਨੇਕਾਂ ਦਫ਼ਤਰੀ ਅਤੇ ਗੈਰ ਵਿੱਦਿਅਕ ਕੰਮ ਕਰਨੇ ਪੈ ਰਹੇ ਹਨ। 15,000 ਤੋਂ ਵਧੇਰੇ ਸਰਕਾਰੀ ਅਧਿਆਪਕਾਂ ਵੋਟਾਂ ਬਣਾਉਣ ਅਤੇ ਕੱਟਣ ਦੇ ਕੰਮ ਲਈ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਲਗਾਇਆ ਹੋਇਆ ਹੈ। ਅਜਿਹੇ ਵਿੱਚ ਇੰਨ੍ਹਾਂ ਅਧਿਆਪਕਾਂ ਨੂੰ ਹੁਣ ਏਡਿਡ ਸਕੂਲਾਂ ਵਿੱਚ ਮਿੱਡ ਡੇ ਮੀਲ ਕੈਸ਼ ਬੁੱਕ, ਕੁਕਿੰਗ ਕੌਸਟ ਨੂੰ ਪੀ.ਐੱਫ.ਐੱਮ.ਐੱਸ. ਪੋਰਟਲ ਰਾਹੀਂ ਅਦਾਇਗੀਆਂ ਕਰਨ, ਕੁੱਕ ਕਮ ਹੈਲਪਰਾਂ ਦੀ ਤਨਖਾਹ ਜਾਰੀ ਕਰਨ ਅਤੇ ਅਨਾਜ ਰਜਿਸਟਰ ਮੇਨਟੇਨ ਕਰਨ ਦਾ ਕੰਮ ਚਲਾਉਣ ਲਈ ਭੇਜਣਾ ਬਿਲਕੁਲ ਗੈਰ ਵਾਜਬ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬਾਹਰੀ ਏਡਿਡ ਸਕੂਲਾਂ ਦੇ ਮਿੱਡ ਡੇ ਮੀਲ ਦੇ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣ ਸੰਬੰਧੀ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ ਜਾਰੀ ਪੱਤਰ ਨੂੰ ਵਾਪਸ ਲਿਆ ਜਾਵੇ ਅਤੇ ਏਡਿਡ ਸਕੂਲਾਂ ਵਿੱਚ ਸਟਾਫ ਸਮੇਤ ਹੋਰਨਾਂ ਸਹੂਲਤਾਂ ਨੂੰ ਮੁਕੰਮਲ ਕੀਤਾ ਜਾਵੇ, ਅਜਿਹੇ ਮਾਰੂ ਫੈਸਲੇ ਦੇ ਵਾਪਸ ਨਾ ਹੋਣ ਦੀ ਸੂਰਤ ਵਿੱਚ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ।