ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਮੁਕਾਬਲੇ।
ਸਰਵੋਤਮ ਸਕੂਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ:- ਕਮਲਦੀਪ ਕੌਰ।
ਪਠਾਨਕੋਟ, 26 ਸਿਤੰਬਰ ( ) ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਜੈਕਟ ਅਧੀਨ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਸਰਵੋਤਮ ਰਹਿਣ ਵਾਲੇ ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਜੈਕਟ ਮੇਰੀ ਮਿੱਟੀ ਮੇਰਾ ਦੇਸ਼ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਬਹਾਦਰੀ ਪੁਰਸਕਾਰ ਜੇਤੂਆਂ ਦੇ ਬਹਾਦਰੀ ਦੇ ਕੰਮਾਂ ਅਤੇ ਇਨ੍ਹਾਂ ਸੂਰਬੀਰਾਂ ਦੀਆਂ ਜੀਵਨ ਕਹਾਣੀਆਂ ਦਾ ਪ੍ਰਸਾਰ ਕਰਨਾ ਹੈ ਤਾਂ ਜੋ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਇਆ ਜਾ ਸਕੇ ਅਤੇ ਉਨ੍ਹਾਂ ਵਿੱਚ ਨਾਗਰਿਕ ਚੇਤਨਾ ਦੀਆਂ ਕਦਰਾਂ ਕੀਮਤਾਂ ਪੈਦਾ ਕੀਤੀਆਂ ਜਾ ਸਕਣ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਮੇਰੀ ਮਿੱਟੀ ਮੇਰਾ ਦੇਸ਼ ਨੇ ਸਕੂਲੀ ਵਿਦਿਆਰਥੀਆਂ ਨੂੰ ਬਹਾਦਰੀ ਪੁਰਸਕਾਰ ਜੇਤੂਆਂ 'ਤੇ ਅਧਾਰਤ ਰਚਨਾਤਮਕ ਪ੍ਰੋਜੈਕਟ/ਗਤੀਵਿਧੀਆਂ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਇਸ ਨੇਕ ਉਦੇਸ਼ ਨੂੰ ਹੋਰ ਅੱਗੇ ਲਿਜਾਇਆ ਹੈ। ਇਸ ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੇ ਇਨ੍ਹਾਂ ਬਹਾਦਰੀ ਪੁਰਸਕਾਰ ਜੇਤੂਆਂ 'ਤੇ ਕਲਾ, ਕਵਿਤਾਵਾਂ, ਲੇਖ ਅਤੇ ਮਲਟੀਮੀਡੀਆ ਵਰਗੇ ਵੱਖ-ਵੱਖ ਮੀਡੀਆ ਰਾਹੀਂ ਵੱਖ-ਵੱਖ ਪ੍ਰੋਜੈਕਟ ਤਿਆਰ ਕੀਤੇ ਹਨ। ਸਕੂਲ ਮੁਖੀਆਂ ਵੱਲੋਂ ਇਸ ਸਬੰਧ ਵਿੱਚ ਪ੍ਰਭਾਤ ਫੇਰੀਆਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਸਮੂਹ ਸਕੂਲ ਮੁਖੀ ਆਪਣੇ ਸਕੂਲ ਦੀਆਂ ਗਤੀਵਿਧੀਆਂ ਨੂੰ ਮਾਏ ਗੋਵ ਪੋਰਟਲ ਤੇ ਜ਼ਰੂਰ ਅਪਲੋਡ ਕਰਨ। ਉਨ੍ਹਾਂ ਕਿਹਾ ਕਿ ਇਸ ਸਾਰੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੀਪੀਈਓ ਰਾਕੇਸ਼ ਠਾਕੁਰ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਬਲਾਕ ਧਾਰ-2 ਦਾ ਨੋਡਲ ਅਫ਼ਸਰ, ਪੰਕਜ ਅਰੋੜਾ ਨੂੰ ਬਲਾਕ ਪਠਾਨਕੋਟ -1 ਅਤੇ ਨਰੋਟ ਜੈਮਲ ਸਿੰਘ, ਬੀਪੀਈਓ ਨਰੇਸ਼ ਪਨਿਆੜ ਨੂੰ ਬਲਾਕ ਪਠਾਨਕੋਟ-2 ਅਤੇ ਬਲਾਕ ਬਮਿਆਲ, ਬੀਪੀਈਓ ਕੁਲਦੀਪ ਸਿੰਘ ਨੂੰ ਬਲਾਕ ਪਠਾਨਕੋਟ-3 ਅਤੇ ਬਲਾਕ ਧਾਰ-1 ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ।
ਫੋਟੋ ਕੈਪਸ਼ਨ:- ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਜੈਕਟ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਲਮੀਨੀ ਵਿੱਚ ਭਾਗ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ।