ਪੰਜਾਬੀਆਂ ਵੱਲੋਂ ਆਪਣੀ ਹਿੰਮਤ ਤੇ ਮਿਹਨਤ ਦੀ ਮਿਸਾਲ,ਧੁੱਸੀ ਬੰਨ ਵਿੱਚ ਪਏ 250 ਫੁੱਟ ਤੋਂ ਵੱਧ ਦੇ ਪਾੜ ਨੂੰ ਤਿੰਨ ਦਿਨਾਂ ਦੇ ਰਿਕਾਰਡ ਸਮੇਂ ਵਿੱਚ ਭਰਿਆ


ਪੰਜਾਬੀਆਂ ਨੇ ਇੱਕ ਵਾਰ ਫਿਰ ਆਪਣੀ ਹਿੰਮਤ ਤੇ ਮਿਹਨਤ ਦੀ ਮਿਸਾਲ ਕਾਇਮ ਕੀਤੀ


ਧੁੱਸੀ ਬੰਨ ਵਿੱਚ ਪਏ 250 ਫੁੱਟ ਤੋਂ ਵੱਧ ਦੇ ਪਾੜ ਨੂੰ ਤਿੰਨ ਦਿਨਾਂ ਦੇ ਰਿਕਾਰਡ ਸਮੇਂ ਵਿੱਚ ਭਰਿਆ


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਨੇ ਪਾੜ ਨੂੰ ਭਰਨ ਵਾਲੀਆਂ ਸੰਗਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ


ਆਪਣੇ ਦ੍ਰਿੜ ਹੌਂਸਲੇ ਸਦਕਾ ਪੰਜਾਬੀਆਂ ਨੇ ਦਰਿਆਵਾਂ ਨੂੰ ਬੰਨ ਮਾਰਨ ਦੀ ਅਦੁੱਤੀ ਮਿਸਾਲ ਪੇਸ਼ ਕੀਤੀ - ਡਿਪਟੀ ਕਮਿਸ਼ਨਰ


ਗੁਰਦਾਸਪੁਰ, 20 ਅਗਸਤ ( ) - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਗਤਪੁਰ ਟਾਂਡਾ ਦੇ ਨਜ਼ਦੀਕ ਦਰਿਆ ਬਿਆਸ ਦੇ ਧੁੱਸੀ ਬੰਨ ਵਿੱਚ 250 ਫੁੱਟ ਤੋਂ ਵੱਧ ਦੇ ਪਏ ਪਾੜ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤਾਂ ਦੇ ਸਹਿਯੋਗ ਨਾਲ ਰਿਕਾਰਡ ਤਿੰਨ ਦਿਨਾਂ ਵਿੱਚ ਭਰ ਲਿਆ ਹੈ। ਅੱਜ ਸ਼ਾਮ 5 ਵਜੇ ਦੇ ਕਰੀਬ ਜਿਉਂ ਹੀ ਇਹ ਪਾੜ ਦੋਵਾਂ ਪਾਸਿਆਂ ਮਿਲ ਗਿਆ ਤਾਂ ਸੇਵਾ ਕਰ ਰਹੀ ਸੰਗਤ ਨੇ ਉੱਚੀ ਅਵਾਜ਼ ਵਿੱਚ ਫ਼ਤਹਿ ਦੇ ਜੈਕਾਰੇ ਲਗਾ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। 



ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ, ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਐੱਸ.ਪੀ. ਪ੍ਰਿਥੀਪਾਲ ਸਿੰਘ, ਐਕਸੀਅਨ ਡਰੇਨਜ਼ ਸ. ਦਿਲਪ੍ਰੀਤ ਸਿੰਘ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ ਬਾਜਵਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾ ਕਰ ਰਹੀ ਸੰਗਤ ਦਾ ਕੋਟਿਨ-ਕੋਟਿ ਧੰਨਵਾਦ ਕੀਤਾ।


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਆਪਣੇ ਸਾਥੀ ਅਧਿਕਾਰੀਆਂ ਨਾਲ ਪੂਰੇ ਗਏ ਪਾੜ ਨੂੰ ਪਾਰ ਕਰਕੇ ਧੁੱਸੀ ਦੇ ਦੂਜੇ ਪਾਸੇ ਪਹੁੰਚੇ ਅਤੇ ਸੇਵਾ ਕਰ ਰਹੇ ਸਮੂਹ ਸੇਵਾਦਾਰਾਂ ਨੂੰ ਜਿਥੇ ਸ਼ਾਬਾਸ਼ੀ ਦਿੱਤੀ ਓਥੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਸੰਗਤ ਨੂੰ ਇਸ ਫ਼ਤਹਿ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਪਣੇ ਦ੍ਰਿੜ ਹੌਂਸਲੇ ਤੇ ਹਿੰਮਤ ਸਦਕਾ ਪੰਜਾਬੀਆਂ ਨੇ ਦਰਿਆਵਾਂ ਨੂੰ ਬੰਨ ਮਾਰਨ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। 


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ 250 ਫੁੱਟ ਤੋਂ ਵੱਧ ਚੌੜੇ ਅਤੇ ਕਰੀਬ 30 ਫੁੱਟ ਡੂੰਘੇ ਧੁੱਸੀ ਬੰਨ ਦੇ ਇਸ ਪਾੜ ਨੂੰ ਭਰਨਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਇਸ ਪਾੜ ਨੂੰ ਭਰਨ ਵਿੱਚ ਘੱਟੋ-ਘੱਟ 20 ਦਿਨ ਲੱਗਣਗੇ। ਪਰ ਸੰਗਤ ਦੀ ਅਣਥੱਕ ਸੇਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਹਾਰ ਨਾ ਮੰਨਣ ਵਾਲੇ ਹੌਂਸਲੇ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅੱਜ ਤੱਕ ਇਹ ਕਦੀ ਨਹੀਂ ਹੋਇਆ ਸੀ ਕਿ ਏਨ੍ਹਾਂ ਵੱਡਾ ਪਾੜ ਕੇਵਲ ਤਿੰਨ ਦਿਨਾਂ ਵਿੱਚ ਪੂਰ ਲਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਦੇ ਪਾੜ ਨੂੰ ਰਿਕਾਰਡ ਸਮੇਂ ਵਿੱਚ ਭਰ ਕੇ ਪੰਜਾਬੀਆਂ ਨੇ ਇੱਕ ਵਾਰ ਫਿਰ ਆਪਣਾ ਲੋਹਾ ਮਨਵਾਇਆ ਹੈ।  


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਜੋ ਸੇਵਾ ਕੀਤੀ ਹੈ ਇਸਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨੀ ਵੀ ਸੰਗਤ ਨੇ ਇਸ ਪਾੜ ਨੂੰ ਭਰਨ ਵਿੱਚ ਸਾਥ ਦਿੱਤਾ ਹੈ ਉਨ੍ਹਾਂ ਸਾਰਿਆਂ ਨੂੰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪਾੜ ਨੂੰ ਭਰਨ ਤੋਂ ਬਾਅਦ ਉਹ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਨ ਵਿੱਚ ਵੀ ਯੋਗਦਾਨ ਪਾਉਣ, ਇਸ ਲਈ ਵੀ ਪ੍ਰਸ਼ਾਸਨ ਉਨ੍ਹਾਂ ਦਾ ਧੰਨਵਾਦੀ ਹੋਵੇਗਾ। 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends