ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਮਹਿਜ਼ 12 ਘੰਟਿਆਂ ’ਚ ਲੁੱਟ ਦੀ ਵੱਡੀ ਵਾਰਦਾਤ ਦਾ ਕੀਤਾ ਪਰਦਾਫਾਸ਼

 -ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਨੇ ਮਹਿਜ਼ 12 ਘੰਟਿਆਂ ’ਚ ਲੁੱਟ ਦੀ ਵੱਡੀ ਵਾਰਦਾਤ ਦਾ ਕੀਤਾ ਪਰਦਾਫਾਸ਼

-ਸਾਜਿਸ਼ ਸੀ ਰਾਮਪੁਰ ਹਲੇੜ ’ਚ ਹੋਈ 295 ਗ੍ਰਾਮ ਸੋਨੇ ਤੇ ਲੱਖਾਂ ਦੀ ਨਕਦੀ ਦੀ ਲੁੱਟ

-ਜਿਊਲਰ ਨੇ ਹੀ ਆਪਣੇ ਵਰਕਰ ਨਾਲ ਮਿਲ ਕੇ ਰਚੀ ਸੀ ਲੁੱਟ ਦੀ ਸਾਜਿਸ਼

-ਸੋਨੇ ਤੇ ਨਕਦੀ ਸਮੇਤ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ, 31 ਜੁਲਾਈ:

ਜ਼ਿਲ੍ਹਾ ਪੁਲਿਸ ਵਲੋਂ ਬੀਤੇ ਦਿਨ ਰਾਮਪੁਰ ਹਲੇੜ (ਦਸੂਹਾ) ਦੇ ਨਜ਼ਦੀਕ ਸੋਨਾ ਸਪਲਾਈ ਕਰਨ ਵਾਲੇ ਇਕ ਕਰਮਚਾਰੀ ਤੋਂ 295 ਗ੍ਰਾਮ ਸੋਨੇ ਅਤੇ ਲੱਖਾਂ ਦੀ ਨਕਦੀ ਦੀ ਹੋਈ ਲੁੱਟ ਦਾ ਮਹਿਜ਼ 12 ਘੰਟਿਆਂ ਅੰਦਰ ਪਰਦਾਫਾਸ਼ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਲਾਈਨ ਹੁਸ਼ਿਆਰਪੁਰ ਵਿਚ ਕੀਤੀ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਹੋਈ ਲੁੱਟ ਦੀ ਇਹ ਵਾਰਦਾਤ ਇਕ ਸਾਜਿਸ਼ ਤਹਿਤ ਕੀਤੀ ਗਈ ਸੀ, ਜਿਸ ਨੂੰ ਪੁਲਿਸ ਨੇ ਰਿਕਾਰਡ ਸਮੇਂ ਵਿਚ ਹੱਲ ਕਰਕੇ ਇਕ ਵੱਡੀ ਉਪਲਬੱਧੀ ਹਾਸਲ ਕੀਤੀ ਹੈ।


ਐਸ.ਐਸ.ਪੀ ਨੇ ਦੱਸਿਆ ਕਿ ਭਰਤ ਸੈਣੀ ਪੁੱਤਰ ਰਜਿੰਦਰ ਸੈਣੀ, ਨਿਵਾਸੀ ਖੇੜਲਾ, ਥਾਣਾ ਪਲਾਨੀ, ਜ਼ਿਲ੍ਹਾ ਝੁਨਝੁਨ (ਰਾਜਸਥਾਨ) ਨੇ ਥਾਣਾ ਦਸੂਹਾ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਹ ਮਾਂ ਭਵਾਨੀ ਲੈਜਿਸਟਿਕ ਕੰਪਨੀ ਚੰਡੀਗੜ੍ਹ ਵਿਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 29 ਜੁਲਾਈ ਨੂੰ ਉਸ ਨੇ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪਹੁੰਚ ਕੇ ਸੋਨੇ ਦਾ ਇਕ ਪਾਰਸਲ ਜਿਊਲਰ ਦੀ ਦੁਕਾਨ ’ਤੇ ਦੇ ਕੇ 18 ਲੱਖ 40 ਹਜ਼ਾਰ ਰੁਪਏ ਹਾਸਲ ਕੀਤੇ। ਉਸ ਤੋਂ ਬਾਅਦ ਉਸ ਨੇ ਇਕ ਹੋਰ ਸੋਨੇ ਦਾ ਪਾਰਸਲ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਸਹਦੇਵ ਜਿਊਲਰ ਤਲਵਾੜਾ ਨੂੰ ਹੁਸ਼ਿਆਜਰਪੁਰ ਬੱਸ ਸਟੈਂਡ ’ਤੇ ਡਿਲੀਵਰ ਕਰਨਾ ਸੀ। ਉਸ ਨੇ ਦੱਸਿਆ ਕਿ ਅਤੁਲ ਵਰਮਾ ਨੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਉਸ ਨੂੰ ਆਪਣੀ ਡਿਜ਼ਾਇਰ ਕਾਰ ਵਿਚ ਬਿਠਾ ਲਿਆ ਅਤੇ ਤਲਵਾੜਾ ਵੱਲ ਇਹ ਕਹਿ ਕੇ ਲੈ ਗਿਆ ਕਿ ਉਹ ਉਸ ਨੂੰ ਤਲਵਾੜਾ ਤੋਂ ਚੰਡੀਗੜ੍ਹ ਵਾਲੀ ਬੱਸ ਵਿਚ ਸੋਨੇ ਦੇ 17 ਲੱਖ ਰੁਪਏ ਦੇ ਕੇ ਚੜ੍ਹਾ ਦੇਵੇਗਾ। ਭਰਤ ਨੇ ਦੱਸਿਆ ਕਿ ਜਦ ਉਹ ਅਤੁਲ ਨਾਲ ਉਸ ਦੀ ਗੱਡੀ ਵਿਚ ਬੈਠ ਕੇ ਤਲਵਾੜਾ ਜਾ ਰਿਹਾ ਸੀ, ਤਾਂ ਰਸਤੇ ਵਿਚ ਰਾਮਪੁਰ ਹਲੇੜ (ਦਸੂਹਾ) ਦੇ ਨਜ਼ਦੀਕ ਦੋ ਅਣਜਾਣ ਨੌਜਵਾਨਾਂ ਨੇ ਗੱਡੀ ਦੇ ਅੱਗੇ ਆਪਣੀ ਐਕਟਿਵਾ ਲਗਾ ਕੇ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸੇ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਲੁੱਟ ਦੀ ਇਸ ਪੂਰੀ ਘਟਨਾ ਬਾਰੇ ਭਰਤ ਸੈਣੀ ਅਤੇ ਅਤੁਲ ਵਰਮਾ ਨੇ ਮੌਕੇ ’ਤੇ ਪਹੁੰਚੀ ਦਸੂਹਾ ਪੁਲਿਸ ਨੂੰ ਦੱਸਿਆ।

ਐਸ.ਐਸ.ਪੀ ਨੇ ਦੱਸਿਆ ਕਿ ਦਸੂਹਾ ਪੁਲਿਸ ਵਲੋਂ ਇਸ ਸਬੰਧ ਵਿਚ ਭਰਤ ਸੈਣੀ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 155 ਮਿਤੀ 30 ਜੁਲਾਈ 2023 ਧਾਰਾ 379 ਬੀ, 114, 115, 120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮੇ ਨੂੰ ਟਰੇਸ ਕਰਨ ਲਈ ਐਸ.ਪੀ (ਜਾਂਚ) ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ਵਿਚ ਡੀ.ਐਸ.ਪੀ ਸਬ ਡਵੀਜ਼ਨ ਦਸੂਹਾ ਬਲਬੀਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਦਸੂਹਾ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਗਠਿਤ ਕੀਤੀ ਗਈ। ਇਸ ਟੀਮ ਨੇ ਮਿਹਨਤ ਕਰਕੇ 12 ਘੰਟੇ ਦੇ ਅੰਦਰ ਲੁੱਟ ਦੀ ਸਾਰੀ ਵਾਰਦਾਤ ਸਬੰਧੀ ਜਾਂਚ ਪੂਰੀ ਕਰ ਲਈ। ਇਸ ਦੌਰਾਨ ਪੁਲਿਸ ਨੇ ਭਰਤ ਸੈਣੀ ਤੋਂ ਦੁਬਾਰਾ ਸਾਰੀ ਵਾਰਦਾਤ ਬਾਰੇ ਪੁੱਛਗਿੱਛ ਕਰਕੇ ਅਤੁਲ ਵਰਮਾ ਅਤੇ ਉਸ ਦੇ ਵਰਕਰ ਦਿਨੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ ਨਿਵਾਸੀ ਨਿਮੋਲੀ, ਥਾਣਾ ਤਲਵਾੜਾ ਨੂੰ ਪਿੰਡ ਸੰਸਾਰਪੁਰ ਨੇ ਤੋਂ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ। ਗੁੱਛਗਿੱਛ ਉਪਰੰਤ ਪੁਲਿਸ ਨੇ ਅਤੁਲ ਵਰਮਾ ਅਤੇ ਉਸ ਦੇ ਵਰਕਰ ਵਲੋਂ ਆਪਣੇ ਆਪ ਬਣਾਈ ਹੋਈ ਸਾਰੀ ਕਹਾਣੀ ਦਾ ਪਰਦਾਫਾਸ਼ ਕਰਕੇ ਅਤੁਲ ਵਰਮਾ ਤੋਂ 295 ਗ੍ਰਾਮ ਸੋਨਾ, ਜਿਸ ਦੀ ਕੀਮਤ ਕਰੀਬ 17 ਲੱਖ ਰੁਪਏ, ਮੌਕੇ ’ਤੇ ਐਕਟਿਵਾ ਨਾਲ ਲੁੱਟ ਕਰਨ ਵਾਲੇ ਦਿਨੇਸ਼ ਕੁਮਾਰ ਤੋਂ 14 ਲੱਖ 60 ਹਜ਼ਾਰ ਰੁਪਏ ਸਮੇਤ ਵਾਰਦਾਤ ਵਿਚ ਵਰਤੀ ਗਈ ਕਾਰ ਸਵਿਫਟ ਡਿਜਾਇਰ ਨੰਬਰ ਪੀ ਬੀ 07 ਬੀ.ਐਲ 1642 ਅਤੇ ਕਾਲੇ ਰੰਗ ਦੀ ਬਿਨਾਂ ਨੰਬਰ ਦੀ ਐਕਟਿਵਾ ਨੂੰ ਬਰਾਮਦ ਕੀਤਾ। ਇਨ੍ਹਾਂ ਦੇ ਤੀਜੇ ਸਾਥੀ ਨੂੰ ਹੁਣ ਗ੍ਰਿਫਤਾਰ ਕਰਨਾ ਬਾਕੀ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਇਹ ਸਾਰੀ ਕਹਾਣੀ ਸਹਿਦੇਵ ਜਿਊਲਰ ਦੇ ਮਾਲਕ ਅਤੁਲ ਵਰਮਾ ਨਿਵਾਸੀ ਤਲਵਾੜਾ ਵਲੋਂ ਆਪਣੇ ਵਰਕਰ ਦਿਨੇਸ਼ ਕੁਮਾਰ ਨਿਮੋਲੀ ਨਾਲ ਮਿਲ ਕੇ ਰਚੀ ਗਈ ਸੀ, ਜਿਸ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਨੇ 12 ਘੰਟੇ ਵਿਚ ਟਰੇਸ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਐਸ.ਪੀ (ਜਾਂਚ) ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਅਤੇ ਡੀ.ਐਸ.ਪੀ ਸਬ-ਡਵੀਜ਼ਨ ਦਸੂਹਾ ਬਲਬੀਰ ਸਿੰਘ ਵੀ ਮੌਜੂਦ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends