*ਮਿਡ-ਡੇ-ਮੀਲ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ 21 ਮਈ ਨੂੰ ਰੋਸ ਪ੍ਰਦਰਸ਼ਨ*
*ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਪੂਰਾ ਕਰੇ ਸਰਕਾਰ - ਰਿੰਪੀ ਰਾਣੀ*
ਨਵਾਂ ਸ਼ਹਿਰ ( ) ਮਿਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ ਨੂੰ ਦੁਗਣਾ ਕਰਨ ਦਾ ਵਾਅਦਾ ਪੂਰਾ ਨਾ ਕਰਨ, ਉਨ੍ਹਾਂ ਨੂੰ ਰੈਗੂਲਰ ਨਾ ਕਰਨ, ਅਚਨਚੇਤ ਛੁੱਟੀ ਲੈਣ ਸਮੇਂ ਉਨ੍ਹਾਂ ਦੀ ਥਾਂ ਉਚਿੱਤ ਬਦਲਵਾਂ ਪ੍ਰਬੰਧ ਨਾ ਕਰਨ ਆਦਿ ਮੰਗਾਂ ਦਾ ਨਿਪਟਾਰਾ ਸਾਲਾਂ ਬੱਧੀ ਨਾ ਕਰਨ 'ਤੇ ਮਿਡ -ਡੇ -ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 21 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੀ ਤਿਆਰੀ ਲਈ ਮਿਡ -ਡੇ-ਮੀਲ ਵਰਕਰਜ਼ ਯੂਨੀਅਨ ਮੁਕੰਦਪੁਰ ਦੀ ਭਰਵੀਂ ਮੀਟਿੰਗ ਬਲਾਕ ਪ੍ਰਧਾਨ ਸੁਨੀਤਾ ਖ਼ਾਨ ਖਾਨਾ, ਕਮਲਜੀਤ ਕੌਰ ਮਜਾਰਾ ਨੌ ਆਬਾਦ, ਕੁਲਵਿੰਦਰ ਕੌਰ ਕਰਨਾਣਾ ਅਤੇ ਬੀਨਾ ਮੁਕੰਦਪੁਰ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਨੂੰ ਮਿਲਦਾ ਨਿਗੂਣਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਵਾ ਸਾਲ ਬੀਤਣ ਬਾਅਦ ਵੀ ਸਾਨੂੰ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਪੀੜਤ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਕੋਈ ਉਪਰਾਲਾ ਨਹੀਂ ਕਰ ਰਿਹਾ। ਸਾਡੀਆਂ ਮੰਗਾਂ ਦਾ ਨਿਪਟਾਰਾ ਨਾ ਕਰਨ ਦੇ ਰੋਸ ਵਜੋਂ ਆਨੰਦਪੁਰ ਸਾਹਿਬ ਦੇ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਣਗੇ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਸਸਫ ਦੇ ਮੁੱਖ ਸਲਾਹਕਾਰ ਕਰਨੈਲ ਸਿੰਘ ਰਾਹੋਂ ਸਾਬਕਾ ਬੀ ਪੀ ਈ ਓ ਨੇ ਸਮੂਹ ਵਰਕਰਾਂ ਨੂੰ ਘੱਟੋ ਘੱਟ ਉਜਰਤ 18000 ਰੁਪਏ ਕਰਵਾਉਣ ਅਤੇ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਮਿਡ-ਡੇ-ਮੀਲ ਵਰਕਰਾਂ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਰੇ ਲੱਪੇ ਲਾ ਕੇ ਹੀ ਡੰਗ ਸਾਰ ਰਹੀ ਹੈ।
ਮੀਟਿੰਗ ਵਿੱਚ ਰਜਿੰਦਰ ਕੌਰ, ਦਲਜੀਤ ਕੌਰ, ਕਮਲੇਸ਼ ਕੌਰ, ਸੁਨੀਤਾ ਰਾਣੀ, ਪਰਮਜੀਤ, ਕ੍ਰਿਸ਼ਨਾ ਰਾਣੀ, ਮੀਨਾ ਰਾਣੀ, ਜਸਵਿੰਦਰ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਹਰਬੰਸ ਕੌਰ, ਆਸ਼ਾ ਰਾਣੀ, ਰਾਜਵਿੰਦਰ ਕੌਰ, ਰੇਨੂ, ਮਹਿੰਦਰ ਕੌਰ, ਅਵਤਾਰ ਕੌਰ ਜਸਵਿੰਦਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।