GOOD NEWS : ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਅੰਤਰਰਾਸ਼ਟਰੀ ਪੱਧਰ ਤੇ ਕਾਂਸੀ ਦਾ ਤਗਮਾ ਜਿੱਤਿਆ, ਸਿੱਖਿਆ ਮੰਤਰੀ ਨੇ ਵਿਦਿਆਰਥਣ ਨਾਲ ਕੀਤਾ ਲੰਚ

 

ਅੰਤਰਰਾਸ਼ਟਰੀ ਪੱਧਰ ‘ਤੇ ਕਾਂਸੀ ਦਾ ਤਗਮਾ ਹਾਸਿਲ ਵਾਲੀ ਵਿਦਿਆਰਥਣ ਨੇ ਸਿੱਖਿਆ ਮੰਤਰੀ ਨਾਲ ਕੀਤਾ ਲੰਚ

ਸਾਧਾਰਨ ਪਰਿਵਾਰ ਨਾਲ ਸੰਬੰਧਿਤ ਸਰਕਾਰੀ ਸਕੂਲ ਦੀ ਵਿਦਿਆਰਥਣ ਬਣੀ ਜੂਨੀਅਰ ਸਾਇੰਸਦਾਨ

ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਲਗਾਤਾਰ ਇੱਕ ਸਾਲ ਕੀਤੀ ਖੋਜ 


ਚੰਡੀਗੜ੍ਹ 12 ਦਸੰਬਰ ( )


ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ ਜਿਲਾ ਫ਼ਿਰੋਜ਼ਪੁਰ ਦੀ ਵਿਦਿਆਰਥਣ ਰਹੀ ਭਜਨਪ੍ਰੀਤ ਕੌਰ ਨੂੰ ਆਪਣੀ ਰਿਹਾਇਸ਼ ‘ਤੇ ਦੁਪਹਿਰ ਦੇ ਖਾਣੇ ‘ਤੇ ਬੁਲਾ ਕੇ ਉਸਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।



   ਭਜਨਪ੍ਰੀਤ ਕੌਰ ਸਪੁੱਤਰੀ ਭਾਈ ਜਗਸੀਰ ਸਿੰਘ ਅਤੇ ਗਗਨਦੀਪ ਕੌਰ ਸਰਕਾਰੀ ਸਕੂਲ ਜ਼ੀਰਾ ਦੀ ਵਿਦਿਆਰਥਣ ਰਹੀ ਹੈ ਅਤੇ ਉਸਨੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਗਾਈਡ ਅਧਿਆਪਕ ਸੁਖਦੀਪ ਸਿੰਘ ਲੈਕਚਰਾਰ ਕਮਿਸਟਰੀ ਦੀ ਅਗਵਾਈ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਣ ਸਮੇਂ ਪਰਾਲ਼ੀ ਸਾੜਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਤਰੀਕਿਆਂ ਦੇ ਵਿਸ਼ੇ ‘ਤੇ ਗੋਆ ਵਿਖੇ ਹੋਈ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ। ਭਜਨਪ੍ਰੀਤ ਕੌਰ ਦੇ ਪਿਤਾ ਸਥਾਨਕ ਗੁਰਦੁਆਰਾ ਸਾਹਿਬ ਵਿਚ ਬਤੌਰ ਗ੍ਰੰਥੀ ਸਿੰਘ ਸੇਵਾ ਨਿਭਾਅ ਰਹੇ ਹਨ 


 ਇਸ ਸਮੇਂ ਭਜਨਪ੍ਰੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਬੀ.ਐੱਸ.ਸੀ. ਕਰ ਰਹੀ ਹੈ। 


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਜਨਪ੍ਰੀਤ ਕੌਰ ਨੇ ਪਰਾਲੀ ਨੂੰ ਨਾ ਕੇਵਲ ਖਾਦ ਦੇ ਰੂਪ ਵਿੱਚ ਵਰਤੋਂ ਕਰਨ ਬਾਰੇ ਆਪਣੀ ਗੱਲ ਰੱਖੀ ਸਗੋਂ ਪਰਾਲੀ ਤੋਂ ਸਿਲੀਕਾਨ ਨੂੰ ਵੱਖ ਕਰਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ ਦੇ ਸੰਭਾਵਿਤ ਹੱਲ ਵੀ ਦਿਖਾਏ। ਉਹਨਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਬੇਟੀ ਨੇ ਅੰਤਰਰਾਸ਼ਟਰੀ ਇਨੋਵੇਸ਼ਨ ਅਤੇ ਇਨਵੈਂਨਸ਼ਨ ਐਕਸਪੋ 2022 ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ ਆਏ 300 ਦੇ ਕਰੀਬ ਰਿਸਰਚਰ ਅਤੇ ਡੈਲੀਗੇਟਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮੌਜੂਦਗੀ ਨੂੰ ਦਰਜ ਕਰਵਾਇਆ ਅਤੇ ਜੂਨੀਅਰ ਲੈਵਲ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ।


ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਵਧੀਆ ਮਾਹੌਲ ਦਿੱਤਾ ਜਾ ਰਿਹਾ ਹੈ ਅਤੇ ਭਜਨਪ੍ਰੀਤ ਕੌਰ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਵੀ ਵਿਦਿਆਰਥੀ ਆਪਣੀ ਖੋਜ ਨੂੰ ਦੇਸ਼ ਅਤੇ ਦੁਨੀਆ ਨਾਲ ਸਾਂਝੇ ਕਰਨ ਲਈ ਪ੍ਰੇਰਿਤ ਹੋਣਗੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends