ਸਿੱਖਿਆ ਮੰਤਰੀ ਅਤੇ ਵਿਭਾਗ ਦਾ ਹਰ ਕਰਮਚਾਰੀ ਇੱਕ ਟੀਮ ਵੱਜੋਂ ਕਾਰਜ ਕਰਨ ਲਈ ਤਿਆਰ- ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ
ਮੈਂ ਛਾਪੇਮਾਰੀ ਨਹੀਂ ਜ਼ਮੀਨੀ ਹਕੀਕਤ ਜਾਨਣ ਅਤੇ ਸੁਧਾਰਾਂ ਲਈ ਸਕੂਲਾਂ ਵਿੱਚ ਜਾਵਾਂਗਾ - ਸਿੱਖਿਆ ਮੰਤਰੀ
ਸਟੇਟ ਅਤੇ ਜਿਲ੍ਹਿਆਂ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਮਾਰਟ ਸਕੂਲ ਟੀਮਾਂ ਦੇ ਮੈਂਬਰਾਂ ਨਾਲ ਉਤਸ਼ਾਹ ਵਧਾਉਣ ਲਈ ਨਿਵੇਕਲੀ ਮੀਟਿੰਗ ਆਯੋਜਿਤ
ਐੱਸ ਏ ਐੱਸ ਨਗਰ 20 ਜੁਲਾਈ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਪੰਜਾਬ ਅਤੇ ਜਿਲ੍ਹਿਆਂ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਮਾਰਟ ਸਕੂਲ ਮੁਹਿੰਮ ਵਿੱਚ ਕੰਮ ਕਰ ਰਹੇ ਸਟੇਟ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਈਸ਼ਾ ਕਾਲੀਆ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾ ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਹਰਿੰਦਰ ਕੌਰ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਪੰਜਾਬ, ਪ੍ਰੋ. ਯੋਗ ਰਾਜ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਵਾਤੀ ਟਿਵਾਣਾ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਮੌਜੂਦ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਭ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਚਾਰਦੀਵਾਰੀ, ਪਖਾਨੇ, ਬਿਜਲੀ, ਪਾਣੀ, ਬੈਂਚ ਆਦਿ ਹੋਣ ਇਸ ਲਈ ਕੁਝ ਪੈਰਾਮੀਟਰ ਨਿਰਧਾਰਿਤ ਕਰਕੇ ਗਰੇਡਿੰਗ ਕਰਕੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣਾ ਯਕੀਨੀ ਬਣਾਉਣ ਲਈ ਉਪਰਾਲਿਆਂ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਉਹ ਸਕੂਲਾਂ ਵਿੱਚ ਛਾਪਾਮਾਰੀ ਕਰਨ ਨਹੀਂ ਸਗੋਂ ਜ਼ਮੀਨੀ ਹਕੀਕਤ ਜਾਨਣ ਲਈ ਸਕੂਲਾਂ ਵਿੱਚ ਵਿਜਿਟ ਕਰਨਗੇ। ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਲਈ ਵਿਦੇਸ਼ਾਂ ਦੇ ਸਰਵੋਤਮ ਸੰਸਥਾਨਾਂ ਤੋਂ ਸਿਖਲਾਈ ਕਰਵਾਉਣਾ ਵੀ ਮੁੱਖ ਮੁੱਦਾ ਰਹੇਗਾ ਜਿਸ ਲਈ ਇਸ ਵਾਰ ਬਜਟ ਵਿੱਚ ਵੀ ਉਪਬੰਧ ਕੀਤਾ ਗਿਆ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਪਾਲਿਸੀਆਂ ਵਿੱਚ ਸੁਧਾਰਾਂ ਦੀ ਲੋੜ ਹੈ ਅਤੇ ਇਸ ਲਈ ਉਹਨਾਂ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਮੌਜੂਦ ਅਧਿਆਪਕਾਂ ਦੇ ਵਿਚਾਰ ਅਤੇ ਸੁਝਾਅ ਵੀ ਸੁਣੇ।
ਮੀਟਿੰਗ ਵਿੱਚ ਸਮਾਰਟ ਸਕੂਲ ਦੀ ਟੀਮ ਬਾਰੇ ਵਿਸਤਾਰ ਵਿੱਚ ਜਾਣਕਾਰੀ ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਸਮਾਰਟ ਸਕੂਲ ਨੇ ਸਾਂਝੀ ਕੀਤੀ। ਨਿਰਮਲ ਕੌਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਸੈਕੰਡਰੀ ਜਮਾਤਾਂ ਲਈ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ, ਟ੍ਰੇਨਿੰਗ ਮਾਡਿਊਲਾਂ ਅਤੇ ਸਮੁੱਚੀ ਟੀਮ ਬਾਰੇ ਜਾਣਕਾਰੀ ਦਿੱਤੀ। ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਪ੍ਰਾਇਮਰੀ ਜਮਾਤਾਂ ਲਈ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ, ਟ੍ਰੇਨਿੰਗ ਮਾਡਿਊਲਾਂ ਅਤੇ ਸਮੁੱਚੀ ਟੀਮ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਲਵਜੀਤ ਸਿੰਘ ਗਰੇਵਾਲ ਨੇ ਨਿਭਾਈ।
ਇਸ ਮੀਟਿੰਗ ਵਿੱਚ ਮਯੰਕ ਸਟੇਟ ਕੋਆਰਡੀਨੇਟਰ, ਗੁਰਜੀਤ ਸਿੰਘ ਸਹਾਇਕ ਡਾਇਰੈਕਟਰ, ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਮਨੋਜ ਕੁਮਾਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਤਨਜੀਤ ਕੌਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ, ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਸਮਾਰਟ ਸਕੂਲ, ਦਪਿੰਦਰ ਸਿੰਘ ਓ.ਐੱਸ. ਡੀ. ਟੂ ਸਿੱਖਿਆ ਮੰਤਰੀ ਮੌਜੂਦ ਸਨ।