ਫੇਸਬੁਕੀ ਦੋਸਤ ਦੇ ਛਲਾਵੇ 'ਚ ਆਈਆਂ ਨਾਬਾਲਗ ਸਕੀਆਂ ਭੈਣਾਂ ਪੁਲਸ ਨੇ ਦਿੱਲੀ ਤੋਂ 48 ਘੰਟਿਆਂ 'ਚ ਲੱਭੀਆਂ
ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ 'ਚੋ ਦੋ ਦਿਨ ਪਹਿਲਾਂ ਲਾਪਤਾ ਹੋਈਆਂ 2 ਨਾਬਾਲਗ ਸਕੀਆਂ ਭੈਣਾਂ ਨੂੰ ਪੁਲਸ ਨੇ ਮੁਸਤੈਦੀ ਦਿਖਾਉੰਦਿਆਂ 48 ਘੰਟਿਆਂ 'ਚ ਦਿੱਲੀ ਤੋ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਮੁਤਾਬਕ ਦੋਵੇਂ ਭੈਣਾਂ ਸੋਸ਼ਲ ਮੀਡੀਆ (ਫੇਸਬੁੱਕ) ਰਾਹੀਂ ਦਿੱਲੀ ਦੇ ਕਿਸੇ ਵਿਅਕਤੀ ਦੇ ਨਾਲ ਤਾਲਮੇਲ 'ਚ ਸਨ ਤੇ ਉਸਨੂੰ ਮਿਲਣ ਲਈ ਦਿੱਲੀ ਜਾ ਪਹੁੰਚੀਆਂ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਲੰਘੀ 5 ਜੂਨ ਨੂੰ ਦੋ ਨਾਬਾਲਗ ਸਕੀਆਂ ਭੈਣਾਂ ਜਿਨ੍ਹਾਂ 'ਚੋੰ ਵੱਡੀ ਲੜਕੀ ਦੀ ਉਮਰ 15 ਸਾਲ ਤੇ ਛੋਟੀ ਲਡ਼ਕੀ ਦੀ ਉਮਰ 10 ਸਾਲ ਹੈ, ਘਰ ਵਿੱਚੋੰ ਲਾਪਤਾ ਹੋ ਗਈਆਂ। ਲੜਕੀਆਂ ਦੇ ਲਾਪਤਾ ਹੋਣ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਫੁਰਤੀ ਤੇ ਮੁਸਤੈਦੀ ਨਾਲ ਕੰਮ ਕਰਦਿਆਂ ਲੜਕੀਆਂ ਦੇ ਪਿਤਾ ਨਿਰਭੈ ਸਿੰਘ ਵਾਸੀ ਝਨੇੜੀ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਆਰੰਭ ਦਿੱਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਦੀ ਅਗਵਾਈ ਅਤੇ ਡੀ.ਐੱਸ.ਪੀ ਭਵਾਨੀਗੜ੍ਹ ਦੀਪਕ ਰਾਏ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਵੱਲੋਂ ਐੱਸ.ਆਈ ਜਗਤਾਰ ਸਿੰਘ ਇੰਚਾਰਜ ਚੌਂਕੀ ਘਰਾਚੋਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਲੜਕੀਆਂ ਦੀ ਭਾਲ 'ਚ ਭੇਜੀਆਂ ਗਈਆਂ।
ਥਾਣਾ ਮੁਖੀ ਸ੍ਰੀ ਬਾਜਵਾ ਨੇ ਦੱਸਿਆ ਕਿ ਇਸ ਦੌਰਾਨ ਭਵਾਨੀਗੜ੍ਹ ਪੁਲਸ ਨੇ ਟੈਕਨੀਕਲ ਮਾਹਰਾਂ ਦੀ ਮਦਦ ਨਾਲ ਲੜਕੀਆਂ ਨੂੰ ਦਿੱਲੀ ਬੱਸ ਸਟੈਂਡ ਤੋਂ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵਾਂ ਲੜਕੀਆਂ ਨੂੰ ਉਨ੍ਹਾਂ ਦੇ ਪਿਤਾ ਨਿਰਭੈ ਸਿੰਘ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਦੇ ਹਵਾਲੇ ਕਰ ਦਿੱਤਾ ਹੈ। ਇਸ ਮੁਕੱਦਮੇ ਸਬੰਧੀ ਧਾਰਾ 164 ਸੀ.ਆਰ.ਪੀ.ਸੀ ਅਧੀਨ ਮਾਨਯੋਗ ਜੱਜ ਸਾਹਿਬ ਦੀ ਹਾਜ਼ਰੀ 'ਚ ਉਕਤ ਲੜਕੀਆਂ ਦੇ ਬਿਆਨ ਦਰਜ ਕਰਵਾਉਣ ਉਪਰੰਤ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਨਿਰਭੈ ਸਿੰਘ ਦੇ ਪਰਿਵਾਰ 'ਚ ਦੋ ਬੱਚੀਆਂ ਹੀ ਹਨ ਜਦੋਂਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਨਿਰਭੈ ਸਿੰਘ ਦੀਆਂ ਦੋਵੇਂ ਬੱਚੀਆਂ ਦੋ ਦਸਵੀਂ ਤੇ ਸੱਤਵੀਂ ਜਮਾਤ 'ਚ ਪੜ੍ਹਦੀਆਂ ਹਨ ਨੇ ਆਪਣੀ ਨਾ ਸਮਝੀ ਕਾਰਨ ਚੰਗੀ ਜਿੰਦਗੀ ਜਿਊਣ ਦੀ ਲਾਲਸਾ ਵਿੱਚ ਫੇਸਬੁੱਕ ਤੇ ਕਿਸੇ ਵਿਅਕਤੀ ਦੇ ਛਲਾਵੇ 'ਚ ਆ ਗਈਆਂ। ਫੇਸਬੁੱਕ ਰਾਹੀਂ ਬੱਚੀਆਂ ਦਿੱਲੀ ਤੇ ਬਠਿੰਡਾ ਦੇ ਦੋ ਵੱਖ-ਵੱਖ ਵਿਅਕਤੀਆਂ ਦੇ ਸੰਪਰਕ ਵਿੱਚ ਸਨ ਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦੀਆਂ ਸਨ। ਉਸ ਦਿਨ ਬੱਚੀਆਂ ਘਰੋਂ ਬੱਸ ਚੜ ਕੇ ਬਠਿੰਡੇ ਵਾਲੇ ਵਿਅਕਤੀ ਨੂੰ ਮਿਲੀਆਂ ਤੇ ਕਿਹਾ ਕਿ ਉਨ੍ਹਾਂ ਨੇ ਅੱਗੇ ਦਿੱਲੀ ਵਾਲੇ ਵਿਅਕਤੀ ਨੂੰ ਮਿਲਣ ਜਾਣਾ ਹੈ ਕਹਿ ਕੇ ਦਿੱਲੀ ਚਲੀਆਂ ਗਈਆਂ। ਪੁਲਸ ਨੇ ਟੈਕਨੀਕਲ ਮਾਹਿਰਾਂ ਦੀ ਮੱਦਦ ਨਾਲ ਬਠਿੰਡਾ ਵਾਲੇ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਦੋਵਾਂ ਬੱਚੀਆਂ ਨੂੰ ਦਿੱਲੀ ਦੇ ਬੱਸ ਸਟੈਂਡ ਤੋਂ ਲੱਭ ਲਈਆਂ। ਬੱਚੀਆਂ ਨੇ ਦੱਸਿਆ ਕਿ ਦਿੱਲੀ ਵਾਲੇ ਵਿਅਕਤੀ ਨੇ ਐਨ ਮੌਕੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।