ਸੇਵਾ ਕੇਂਦਰਾਂ ਦੇ ਮੁਲਾਜਮਾਂ ਵੱਲੋਂ ਇੱਕ ਦਿਨ ਦੀ ਕਲਮ ਛੋੜ ਹੜਤਾਲ ਅੱਜ
ਭਾਦਸੋਂ, 15 ਮਈ (ਅਵਤਾਰ) ਸੇਵਾ ਕੇਂਦਰ ਮੁਲਾਜਮ ਯੂਨੀਅਨ ਦੇ ਸੱਦੇ ਤੇ 16 ਮਈ ਦਿਨ ਸੋਮਵਾਰ ਨੂੰ ਪਟਿਆਲਾ, ਸੰਗਰੂਰ, ਮਲੇਰਕੋਟਲਾ ਦੇ ਸਾਰੇ ਸੇਵਾ ਕੇਂਦਰਾਂ ਦੇ ਮੁਲਾਜਮ ਇੱਕ ਦਿਨਾ ਕਲਮ ਛੋੜ ਹੜਤਾਲ ਕਰਨਗੇ। ਯੂਨੀਅਨ ਦੇ ਪ੍ਰਧਾਨ ਸੰਗਰਾਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਰ ਵਾਰ ਇਹ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿੱਕਲਦਾ। ਆਗੂਆਂ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਪਰ ਉਨਾਂ ਨੂੰ ਮਿਲਣ ਵਾਲੀਆਂ ਇਨਾਂ ਨਿਗੁਣੀਆਂ ਤਨਖਾਹਾਂ ਨਾਲ ਮੁਲਾਜਮਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਨਹੀਂ ਹੁੰਦਾ। ਆਗੂਆਂ ਨੇ ਕਿਹਾ ਕਿ ਹਰ ਮਹੀਨੇ ਲੱਖਾਂ ਰੁਪਏ ਕਮਾ ਕੇ ਸਰਕਾਰ ਦੇ ਖਜ਼ਾਨੇ ਨੂੰ ਭਰਨ ਵਾਲੇ ਸੇਵਾ ਕੇਂਦਰ ਦੇ ਮੁਲਾਜਮ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਦੇ ਮੁਲਾਜਮਾਂ ਨੂੰ ਲਾਰਿਆਂ ਅਤੇ ਵਾਅਦਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਤੇ ਹੁਣ ਆਪ ਪਾਰਟੀ ਦੀ ਸਰਕਾਰ ਵੀ ਉਨਾਂ ਦੀਆਂ ਮੰਗਾਂ ਮੰਨਣ ਤੋਂ ਪਾਸਾ ਵੱਟ ਰਹੀ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 16 ਮਈ ਨੂੰ ਸੇਵਾ ਕੇਂਦਰਾਂ ਦੇ ਮੁਲਾਜਮ ਕਲਮ ਛੋੜ ਹੜਤਾਲ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਅਨੀਤਾ ਗੋਸਵਾਮੀ ਪਟਿਆਲਾ, ਸੁਖਵਿੰਦਰ ਸਿੰਘ ਨਾਭਾ ਜਿਲ੍ਹਾ ਸਲਾਹਕਾਰ, ਮਨਜੀਤ ਸਿੰਘ ਨਾਭਾ ਸਰਪ੍ਰਸਤ, ਸਤਪ੍ਰੀਤ ਸਿੰਘ ਜਨਰਲ ਸਕੱਤਰ, ਬਲਜਿੰਦਰ ਸਿੰਘ ਸਮਾਣਾ ਜਿਲ੍ਹਾ ਇੰਚਾਰਜ, ਗੁਰਪ੍ਰੀਤ ਸਿੰਘ ਪਾਤੜਾਂ, ਪ੍ਰਿੰਸ ਨਾਭਾ, ਦਵਿੰਦਰ ਸ਼ਰਮਾ ਨੇ ਵੀ ਸਰਕਾਰ ਕੋਲੋਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨੀਆਂ ਜਾਣ।