ਵਿਭਾਗ ਘਿਸਿਆ ਪਿਟਿਆ 'ਪੜ੍ਹੋ ਪੰਜਾਬ' ਦਾ ਮਾਡਲ ਲਾਗੂ ਨਾ ਕਰੇ : ਡੀ ਟੀ ਐੱਫ
ਪ੍ਰੋਜੈਕਟਾਂ ਵਿੱਚ ਅਤੇ ਪ੍ਰੀਖਿਆ ਡਿਊਟੀਆਂ ਵਿੱਚ ਲੱਗੇ ਹੋਣ ਕਾਰਣ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ: ਡੀ ਟੀ ਐੱਫ
16 ਮਈ ਚੰਡੀਗੜ੍ਹ
ਪੰਜਾਬ ਸਰਕਾਰ ਅਤੇ ਇਸਦੇ ਸਿੱਖਿਆ ਵਿਭਾਗ ਵੱਲੋੋਂ ਬਿਨਾਂ ਕਿਸੇ ਤਿਆਰੀ ਅਤੇ ਮਾਹਰਾਂ ਦੀ ਰਾਇ ਤੋਂ ਘਿਸੇ ਪਿਟੇ ਪ੍ਰੋਜੈਕਟ 'ਪੜ੍ਹੋ ਪੰਜਾਬ' ਤਹਿਤ ਬੇਸ ਲਾਈਨ ਟੈਸਟ ਲੈਣ ਲਈ ਜੋ ਸਮਾਂ ਚੁਣਿਆ ਗਿਆ ਹੈ, ਇਸ ਤੇ ਟਿੱਪਣੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੁਰਾਣੇ ਪ੍ਰੋਜੈਕਟਾਂ ਤੋਂ ਮੋਹ ਭੰਗ ਨਹੀਂ ਹੋਇਆ ਹੈ ਸਗੋਂ ਉਨ੍ਹਾਂ ਪ੍ਰੋਜੈਕਟਾਂ ਨੂੰ ਬਿਨਾਂ ਤਿਆਰੀ, ਵਿਚਾਰ ਵਟਾਂਦਰਾ ਕੀਤਿਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪ੍ਰੋਜੈਕਟਾਂ ਨੇ ਪਹਿਲਾਂ ਹੀ ਪੰਜਾਬ ਦੀ ਸਿੱਖਿਆ ਦਾ ਬੇੜਾ ਗਰਕ ਕਰ ਦਿੱਤਾ ਹੈ। ਹੁਣ ਸਿੱਖਿਆ ਵਿਭਾਗ ਵੱਲੋੋਂ ਵਿਦਿਆਰਥੀਆਂ ਨੂੰ ਬੇਸ ਲਾਈਨ ਟੈਸਟ ਆਨ ਲਾਈਨ ਮੋਡ ਰਾਹੀਂ ਦੇਣ ਦਾ ਹੁਕਮ ਚਾੜ੍ਹਿਆ ਜਾ ਰਿਹਾ ਹੈ ਜੋ ਕਿ ਜ਼ਮੀਨੀ ਹਕੀਕਤਾਂ ਤੋਂ ਬਿਲਕੁਲ ਉਲਟ ਹੈ। ਆਗੂਆਂ ਨੇ ਦੱਸਿਆ ਕਿ ਪੰਜਵੀਂ ਜਮਾਤ ਦਾ ਨਤੀਜਾ ਹੁਣੇ ਘੋਸ਼ਿਤ ਹੋਇਆ ਹੈ, ਅੱਠਵੀਂ ਜਮਾਤ ਵਾਲੇ ਵਿਦਿਆਰਥੀ 9 ਮਈ ਨੂੰ ਆਪਣੀ ਸਲਾਨਾ ਪ੍ਰੀਖਿਆ ਖਤਮ ਕਰਕੇ ਹਟੇ ਹਨ ਅਤੇ ਇੰਨ੍ਹਾਂ ਵਿਦਿਆਰਥੀਆਂ ਦੇ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਦਾਖਲੇ ਚੱਲ ਰਹੇ ਹਨ। ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਹੋਣ, ਬੀ ਐੱਮਸ/ ਡੀ ਐੱਮਸ ਦਾ ਸਕੂਲਾਂ ਵਿੱਚੋਂ ਲੰਮੇ ਸਮੇਂ ਤੋਂ ਬਾਹਰ ਹੋਣ ਅਤੇ ਅਧਿਆਪਕਾਂ ਦੀ ਬੋਰਡ ਪ੍ਰੀਖਿਆ ਡਿਊਟੀਆਂ, ਮੁਲਾਂਕਣ ਡਿਊਟੀਆਂ ਲੱਗੀਆਂ ਹੋਣ ਕਾਰਣ ਅਧਿਆਪਕਾਂ ਦੀ ਸਕੂਲਾਂ ਵਿੱਚ ਭਾਰੀ ਘਾਟ ਹੈ। ਅਜਿਹੇ ਸਮੇਂ ਤੇ ਜਦੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕੱਢਿਆ ਹੋਵੇ ਇਸ ਕਿਸਮ ਦਾ ਟੈਸਟ ਲੈਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਕੋਈ ਟੈਸਟ ਲਿਆ ਜਾਣਾ ਹੈ ਤਾਂ ਉਸਨੂੰ ਸਿੱਖਿਆ ਵਿਭਾਗ ਦੇ ਸੰਵਿਧਾਨਕ ਢਾਂਚੇ ਅੰਦਰ ਕੰਮ ਕਰਦੇ ਮਾਹਰਾਂ ਦੁਆਰਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਮਾਨਸਿਕ ਤੌਰ ਤਿਆਰ ਕਰਕੇ ਹੀ ਲਿਆ ਜਾਣਾ ਚਾਹੀਦਾ ਹੈ।
ਜਾਰੀ ਕਰਤਾ
ਪਵਨ ਕੁਮਾਰ
ਪ੍ਰੈੱਸ ਸਕੱਤਰ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ