ਦਿੱਲੀ ਦੇ ਸਕੂਲ ਬਨਾਮ ਪੰਜਾਬ ਦੇ ਸਕੂਲ
ਸ੍ਰੀ ਭਗਵੰਤ ਮਾਨ ਨੂੰ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦਾ ਦੌਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ । ਖ਼ਾਸ ਤੌਰ ਤੇ ਉਨ੍ਹਾਂ ਸਕੂਲਾਂ ਦਾ, ਜਿਥੇ ਪੰਜਾਬ ਦੇ ਮਿਹਨਤੀ ਅਧਿਆਪਕਾਂ,ਦਾਨੀ ਸੱਜਣਾਂ, ਪਰਵਾਸੀ ਭਾਰਤੀਆਂ ਅਤੇ ਹੋਰ ਲੋਕਾਂ ਨੇ ਸਕੂਲਾਂ ਦੀ ਹਾਲਤ ਸੁਧਾਰੀ ਹੈ। ਇਸ ਤਰ੍ਹਾਂ ਦੀ ਉਦਾਹਰਨ ਦੇਸ਼ ਵਿੱਚ ਸ਼ਾਇਦ ਕਿਤੇ ਵੀ ਨਹੀਂ ਮਿਲੇਗੀ । ਸ੍ਰੀ ਭਗਵੰਤ ਮਾਨ ਨੂੰ ਅਕਾਲੀ ਜਾਂ ਕਾਂਗਰਸ ਸਰਕਾਰਾਂ ਕਰਕੇ ਨਾ ਸਹੀ ਪੰਜਾਬ ਦੇ ਲੋਕਾਂ ਦੀ ਸੇਵਾ ਭਾਵਨਾ ਕਰਕੇ ਹੀ ਇਹ 'ਸੇਵਾ ਤੇ ਮਿਹਨਤ ਦਾ ਮਾਡਲ' ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ,ਇਸ ਨਾਲ ਪੰਜਾਬੀਆਂ ਦਾ ਮਾਣ ਵਧੇਗਾ ।
ਵੈਸੇ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕਿਸੇ ਹੋਰ ਸੂਬੇ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੇ ਸਕੂਲਾਂ ਦੀਆਂ ਫੋਟੋਆਂ ਦਿਖਾ ਕੇ ਦਾਅਵੇ ਕਰਨ ਲੱਗ ਜਾਣ ਕਿ ਪੰਜਾਬ ਵਿਚ ਆਪ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਸੁਧਾਰ ਦਿੱਤੀ । ਕੁਝ ਦਿਨ ਪਹਿਲਾਂ ਇਕ ਸੱਜਣ ਨੇ ਕਿਹਾ ਸੀ ਕਿ ਪੰਜਾਬ ਦੇ ਵਧੀਆ ਸਕੂਲਾਂ ਦੀਆਂ ਫੋਟੋਆਂ ਹੁਣੇ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦੇਵੋ ਤਾ ਕਿ ਸਨਦ ਰਹੇ, ਪਤਾ ਨ੍ਹੀਂ ਕਦੋਂ ਇਨ੍ਹਾਂ ਦਾ ਸਿਹਰਾ ਨਵੀਂ ਸਰਕਾਰ ਨੇ ਆਪਣੇ ਸਿਰ ਬੰਨ੍ਹ ਲੈਣਾ ਹੈ।
ਪੰਜਾਬ ਦੇ ਸਕੂਲਾਂ ਵਿਚ ਸਭ ਤੋਂ ਵੱਡੀ ਕਮੀ ਅਧਿਆਪਕਾਂ ਅਤੇ ਹੋਰ ਸਟਾਫ ਦੀ ਹੈ, ਜਿਹੜੀ ਕਿ ਭਗਵੰਤ ਮਾਨ ਸਰਕਾਰ ਤੋਂ ਪੰਜ ਸਾਲਾਂ ਵਿੱਚ ਵੀ ਪੂਰੀ ਨਹੀਂ ਹੋਣੀ (- ਇਸ ਲਾਈਨ ਨੂੰ ਦੋ ਵਾਰ ਪੜ੍ਹ ਲਿਆ ਜਾਵੇ)।
ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ ਤੇਰਾਂ ਸੌ ਦੇ ਕਰੀਬ ਹੈ ਜਦਕਿ ਪੰਜਾਬ ਵਿੱਚ ਇਹ ਗਿਣਤੀ ਵੀਹ ਹਜ਼ਾਰ ਦੇ ਨੇੜੇ ਢੁੱਕਦੀ ਹੈ ।ਮੁਕਾਬਲਾ ਕਿੱਦਾਂ ਕਰੋਗੇ ?ਦਿੱਲੀ ਦੇ ਕੁਝ ਕੁ ਵਧੀਆ ਅਤੇ ਪੰਜਾਬ ਦੇ ਕੁਝ ਖਸਤਾ ਹਾਲਤ ਵਾਲੇ ਸਕੂਲਾਂ ਦੀਆਂ ਤਸਵੀਰਾਂ ਦਿਖਾ ਕੇ ਰਾਜਨੀਤੀ ਕਰਨੀ ਸੀ ਕਰ ਲਈ, ਪਰ ਹੁਣ ਤਾਂ ਹਕੀਕਤ ਨੂੰ ਪ੍ਰਵਾਨ ਕਰੋ ।ਆਪਣੀ ਰਾਜਨੀਤੀ ਦੇ ਚੱਕਰ ਵਿੱਚ ਪੰਜਾਬ ਦੇ ਮਿਹਨਤੀ ਅਧਿਆਪਕਾਂ ਤੇ ਦਾਨੀ ਸੱਜਣਾਂ ਨੂੰ ਤਾਂ ਨੀਵਾਂ ਨਾ ਦਿਖਾਓ ।
.
- ਪਰਵਿੰਦਰ ਸਿੰਘ ਕਿੱਤਣਾ
98143-13162