~ ਬੋਰਡ ਚੇਅਰਮੈਨ ਤੋਂ ਬਿਨਾਂ ਫੀਸ ਲਏ ਸਰਟੀਫਿਕੇਟ ਜਾਰੀ ਕਰਨ ਦੀ ਰੱਖੀਂ ਮੰਗ
~ ਪ੍ਰੀਖਿਆ ਫੀਸਾਂ ਤੋਂ ਬਾਅਦ ਹੁਣ ਵਿਦਿਆਰਥੀਆਂ 'ਤੇ ਨਵਾਂ ਵਿੱਤੀ ਬੋਝ ਨਾ ਪਾਇਆ ਜਾਵੇ: ਡੀ.ਟੀ.ਐਫ.
1 ਅਪ੍ਰੈਲ, ਅਮ੍ਰਿਤਸਰ ( ) ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਵੱਲੋਂ ਵਿੱਦਿਅਕ ਸੈਸ਼ਨ 2019-20 ਅਤੇ 2020-21 ਦੋਰਾਨ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ, ਸਰਟੀਫਿਕੇਟ ਦੀ ਹਾਰਡ ਕਾਪੀ ਦਰਪੇਸ਼ ਸਮੱਸਿਆਵਾਂ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਫ਼ੀਸ ਪੂਰੀ ਤਰਾਂ ਰੱਦ ਕਰਨ ਦੀ ਮੰਗ ਰੱਖੀ ਗਈ ਹੈ।
ਇਸ ਸਬੰਧੀ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ, ਵਿਦਿਅਕ ਸੈਸ਼ਨ 2019-20 ਅਤੇ 2020-21 ਦੌਰਾਨ ਕੋਵਿਡ-19 ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ, ਉਥੇ ਸਿੱਖਿਆ ਬੋਰਡ ਤੋਂ ਵਿਦਿਆਰਥੀਆਂ ਨੂੰ ਆਰਥਿਕ ਰਿਆਇਤ ਮਿਲਣ ਦੀ ਥਾਂ, ਉਹਨਾਂ 'ਤੇ ਪਹਿਲਾਂ 300 ਰੁਪਏ ਅਤੇ ਹੁਣ 800 ਰੁਪਏ ਪ੍ਰਤੀ ਸਰਟੀਫਿਕੇਟ ਦੇ ਰੂਪ ਵਿੱਚ ਬੇਲੋੜੀਆਂ ਫੀਸਾਂ ਦੇ ਭਾਰ ਹੇਠ ਦੱਬਿਆ ਗਿਆ ਹੈ। ਜਦ ਕਿ ਵਿਦਿਆਰਥੀਆਂ ਵੱਲੋਂ ਪੂਰੀਆਂ ਪ੍ਰੀਖਿਆ ਫੀਸਾਂ ਭਰਨ ਦੇ ਬਾਵਜੂਦ ਕੋਵਿਡ ਦੇ ਮੱਦੇਨਜ਼ਰ ਪ੍ਰੀਖਿਆਵਾਂ ਹੀ ਨਹੀਂ ਹੋਈਆਂ। ਇਸ ਸਬੰਧ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲ ਕੇ ਦਸਵੀਂ/ਬਾਰਵੀਂ ਕਲਾਸ ਦੀ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ ਨੂੰ ਖਤਮ ਕਰਕੇ, ਪਹਿਲਾਂ ਵਸੂਲੀ ਜਾ ਚੁੱਕੀ ਪ੍ਰੀਖਿਆ ਫੀਸ ਦੇ ਅਧਾਰ ਤੇ ਹੀ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਕਰਨ ਦੀ ਮੰਗ ਕੀਤੀ ਗਈ ਅਤੇ ਫੌਜ ਦੀ ਭਰਤੀ ਸਮੇਤ ਵਿਦਿਆਰਥੀਆਂ ਦੇ ਰੋਜ਼ਗਾਰ ਨਾਲ ਜੁੜੀਆਂ ਹੋਰ ਸੰਸਥਾਵਾਂ ਵਿੱਚ ਡਿਜੀ ਲਾਕਰ ਸਰਟੀਫਿਕੇਟ ਨੂੰ ਲੈ ਕੇ ਵਿਦਿਆਰਥੀਆਂ ਦੀ ਹੋ ਰਹੀ ਖੱਜਲ ਖੁਆਰੀ ਉੱਪਰ ਵੀ ਚਰਚਾ ਕੀਤੀ ਗਈ। ਜਿਸ 'ਤੇ ਬੋਰਡ ਚੇਅਰਮੈਨ ਵੱਲੋ ਸਰਟੀਫਿਕੇਟ ਹਾਰਡ ਕਾਪੀ ਦੀ ਫੀਸ ਮੁਆਫ ਕਰਨ ਸਬੰਧੀ ਮਾਮਲਾ ਬੋਰਡ ਕਮੇਟੀ ਵਿੱਚ ਪੇਸ਼ ਕਰਕੇ ਵਿਚਾਰਨ ਅਤੇ ਡਿਜੀ ਲਾਕਰ ਸਰਟੀਫਿਕੇਟ ਦੀ ਮਾਨਤਾ ਨੂੰ ਲੈ ਕੇ ਕੁਝ ਥਾਈਂ ਦਰਪੇਸ਼ ਸਮੱਸਿਆਵਾਂ ਸਬੰਧੀ ਪੰਜਾਬ ਸਰਕਾਰ ਦੇ ਪੱਧਰ 'ਤੇ ਵਿਚਾਰਨ ਦੀ ਗੱਲ ਆਖੀ ਗਈ।
ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਜਗਪਾਲ ਬੰਗੀ ਅਤੇ ਰਘਵੀਰ ਭਵਾਨੀਗਡ਼੍ਹ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ, ਡੀ ਐਮ ਐਫ ਦੇ ਸੂਬਾਈ ਜਨਰਲ ਸਕੱਤਰ ਡਾ. ਹਰਦੀਪ ਟੋਡਰਪੁਰ, ਡੀਟੀਐਫ ਆਗੂ ਮੁਲਖਰਾਜ ਸ਼ਰਮਾ, ਪਰਮਿੰਦਰ ਮਾਨਸਾ, ਬੇਅੰਤ ਸਿੰਘ ਫੂਲੇਵਾਲ, ਜਸਪਾਲ ਚੌਧਰੀ ਅਤੇ ਹੰਸਰਾਜ ਗੜ੍ਹਸ਼ੰਕਰ ਵੀ ਮੌਜੂਦ ਰਹੇ।
ਜਾਰੀ ਕਰਤਾ:-
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ