PUNJAB EXIT POLL 2022
ਚੰਡੀਗੜ੍ਹ , 7 ਮਾਰਚ 2022
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕੋਈ ਵੀ ਸਿਆਸੀ ਪਾਰਟੀ ਬਹੁਮਤ ਦੇ ਅੰਕੜੇ ਤੱਕ ਪੁੱਜਦੀ ਨਜ਼ਰ ਨਹੀਂ ਆ ਰਹੀ। ਇਸ ਵਾਰ ਆਮ ਆਦਮੀ ਪਾਰਟੀ (ਆਪ) ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ, ਪਰ ਉਹ ਵੀ ਆਪਣੇ ਦਮ 'ਤੇ ਸਰਕਾਰ ਬਣਾਉਣ ਲਈ ਲੋੜੀਂਦੀਆਂ 59 ਸੀਟਾਂ ਜਿੱਤਦੀ ਨਜ਼ਰ ਨਹੀਂ ਆ ਰਹੀ।
ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ 'ਚੋਂ 'ਆਪ' 38 ਤੋਂ 44 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ। 30 ਤੋਂ 39 ਸੀਟਾਂ ਨਾਲ ਅਕਾਲੀ ਦਲ-ਬਸਪਾ ਗਠਜੋੜ ਦੂਜੇ ਨੰਬਰ 'ਤੇ ਰਹਿ ਸਕਦਾ ਹੈ। ਇਸ ਚੋਣ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 77 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਨੂੰ ਇਸ ਵਾਰ ਸਿਰਫ਼ 26 ਤੋਂ 32 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਇਸ ਚੋਣ ਵਿੱਚ ਭਾਜਪਾ ਸ਼ਾਇਦ ਹੀ ਕੋਈ ਚਮਤਕਾਰ ਦਿਖਾ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗਠਜੋੜ ਕਰਕੇ ਚੋਣਾਂ ਵਿਚ ਉਤਰਨ ਵਾਲੀਆਂ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 7-10 ਸੀਟਾਂ ਮਿਲ ਸਕਦੀਆਂ ਹਨ। 1 ਤੋਂ 2 ਸੀਟਾਂ ਦੂਜਿਆਂ ਦੇ ਖਾਤੇ 'ਚ ਜਾ ਸਕਦੀਆਂ ਹਨ।