ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲ੍ਹੋਂ
16-17 ਦਸੰਬਰ ਨੂੰ ਪੰਜਾਬ ਭਰ ਚ ਥਾਂ-ਥਾਂ ਤੇ ਪੇਂਡੂ ਭੱਤੇ 'ਤੇ ਰੋਕ ਲਾਉਣ ਵਾਲੇ ਪੱਤਰ ਦੀਆਂ ਕਾਪੀਆਂ ਸਾੜਨ ਦਾ ਸੱਦਾ
19 ਦਸੰਬਰ ਨੂੰ ਖਰੜ ਵਿਖੇ ਚੰਨੀ ਹਕੂਮਤ ਵਿਰੁੱਧ ਲਲਕਾਰ ਰੈਲੀ, ਲੱਖਾਂ ਮੁਲਾਜ਼ਮ ਹੋਣਗੇ ਸ਼ਾਮਲ
ਖਰੜ, 14 ਦਸੰਬਰ (ਪੱਤਰ ਪ੍ਰੇਰਕ)
ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ 19 ਦਸੰਬਰ ਨੂੰ ਖਰੜ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ 'ਵੰਗਾਰ ਰੈਲੀ' ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਮਿਊਂਸੀਪਲ ਪਾਰਕ ਖਰੜ ਵਿਖੇ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਸੂਬਾਈ ਤਿਆਰੀ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਫਰੰਟ ਦੇ ਆਗੂਆਂ ਨੇ ਕਿਹਾ ਕਿ ਫੋਕੇ ਐਲਾਨਾਂ ਦੇ ਚੌਕੇ ਛਿੱਕੇ ਮਾਰਨ ਵਿੱਚ ਚੰਨੀ ਸਾਹਿਬ ਉਸਤਾਦ ਹਨ, ਪਰ ਲੋਕ ਘੋਲਾਂ ਅੱਗੇ ਦੁਨੀਆਂ ਦੇ ਵੱਡੇ ਤੋਂ ਵੱਡੇ ਉਸਤਾਦ ਵੀ ਗੋਡਿਆਂ ਪਰਨੇ ਹੋ ਜਾਂਦੇ ਹਨ। ਸਾਂਝੇ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਦੇ 5 ਪ੍ਰਤੀਸ਼ਤ ਪੇਂਡੂ ਭੱਤੇ, ਸਿਧੀ ਭਰਤੀ ਲਈ ਪਰਖ ਸਮੇਂ ਦੇ ਸਾਰੇ ਲਾਭ ਅਤੇ A.C.P. (4-9-14 ਸਾਲਾਂ) 'ਤੇ ਭਵਿੱਖੀ ਲਾਭ ਰੋਕਣ ਦੀ ਸਖ਼ਤ ਨਿਖੇਧੀ ਕਰਦਿਆਂ, ਇਸ ਵਿਰੁੱਧ ਘੋਲ ਨੂੰ ਤਿੱਖਾ ਕਰਨ ਦਾ ਸੱਦਾ ਦਿੱਤਾ।
ਸਾਂਝੇ ਫਰੰਟ ਨੇ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣ ਭੱਤਾ ਵਰਕਰਾਂ 'ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕਰਨ, ਆਊਟ ਸੋਰਸ ਪ੍ਰਣਾਲੀ ਰੱਦ ਕਰਕੇ ਸਾਰੇ ਵਰਕਰਾਂ ਨੂੰ ਵਿਭਾਗਾਂ ਵਿੱਚ ਲਿਆਉਣ ਅਤੇ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਐਨ.ਪੀ.ਐਸ. ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਰਗੇ ਜ਼ਰੂਰੀ ਮੁੱਦਿਆਂ 'ਤੇ 'ਚੰਨੀ ਸਰਕਾਰ' ਵੱਲੋਂ ਧਾਰੀ ਹੋਈ ਸਾਜਿਸ਼ੀ ਚੁੱਪ ਦਾ ਸਖ਼ਤ ਨੋਟਿਸ ਲੈਂਦਿਆਂ 19 ਦਸੰਬਰ ਦੀ ਖਰੜ ਰੈਲੀ ਨੂੰ ਸਫਲ ਕਰਨ ਦੀ ਯੋਜਨਾ ਉਲੀਕੀ।
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਨੂੰ 31-12-2015 ਤੋਂ 113% ਡੀ.ਏ. 'ਤੇ ਦਿੱਤੇ ਗਏ 15% ਵਾਧੇ ਦੇ ਫਾਰਮੂਲੇ ਨੂੰ ਰੱਦ ਕਰਦਿਆਂ ਸਾਂਝੇ ਫਰੰਟ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਦਕੀਆਨੂਸੀ ਵਿਚਾਰਾਂ ਵਾਲੇ ਇਸ ਮਨਘੜਤ ਫਾਰਮੂਲੇ ਨੂੰ ਰੱਦ ਕਰਕੇ 2.72 ਗੁਣਾਂਕ ਦਿੱਤਾ ਜਾਵੇ।
ਸਾਂਝੇ ਫਰੰਟ ਨੇ ਪੈਨਸ਼ਨਰਾਂ ਸਬੰਧੀ ਜਾਰੀ ਕੀਤੇ 29 ਅਕਤੂਬਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ 2.72 ਦੇ ਗੁਣਾਂਕ ਨਾਲ ਸੋਧ ਕੀਤੀ ਜਾਵੇ।
ਸਾਂਝੇ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ 11% ਡੀ.ਏ. ਨੂੰ ਜੁਲਾਈ 2021 ਤੋਂ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੁਲਾਈ 2021 ਤੋਂ ਬਕਾਇਆ ਪਿਆ 3 ਪ੍ਰਤੀਸ਼ਤ ਡੀ.ਏ. ਵੀ ਦਿੱਤਾ ਜਾਵੇ।
ਪੰਜਾਬ ਸਰਕਾਰ ਵੱਲੋਂ 01-01-16 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦਿੱਤੇ ਗਏ 15% ਵਾਧੇ ਨੂੰ ਰੱਦ ਕਰਦਿਆਂ ਸਾਂਝੇ ਫਰੰਟ ਨੇ ਮੰਗ ਕੀਤੀ ਕਿ ਇਹਨਾ ਮੁਲਾਜ਼ਮਾਂ ਦੇ ਪੇ-ਬੈਂਡ 'ਚ ਗ੍ਰੇਡ ਪੇਅ ਜੋੜਨ ਉਪਰੰਤ ਬਣਦੀ ਮੁਢਲੀ ਤਨਖ਼ਾਹ 'ਤੇ 2.72 ਦਾ ਗੁਣਾਂਕ ਦਿੱਤਾ ਜਾਵੇ। 17-7-2021 ਤੋਂ ਬਾਅਦ ਹਾਜ਼ਰ ਹੋਣ ਵਾਲੇ ਮੁਲਾਜ਼ਮਾ 'ਤੇ ਵੀ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਅਨ-ਰੀਵਾਈਜ਼ਡ ਅਤੇ ਅੰਸ਼ਕ ਰੀਵਾਈਜ਼ਡ ਵਰਗਾਂ ਦੇ ਮੁਲਾਜ਼ਮਾਂ ਦੀ ਦਸੰਬਰ 2011 ਦੀ ਤੋੜੀ ਗਈ ਪੇ-ਪੈਰਿਟੀ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ।
ਸਾਂਝੇ ਫਰੰਟ ਨੇ ਪੰਜਾਬ ਅੰਦਰ ਲੋਕ ਪੱਖੀ ਏਜੰਡੇ ਨੂੰ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ 19 ਦਸੰਬਰ ਨੂੰ ਖਰੜ ਵਿਖੇਤਣ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਵੰਗਾਰ ਰੈਲੀ ਕਰਕੇ ਮੁੱਖ ਮੰਤਰੀ ਚੰਨੀ ਦੇ ਘਰ ਦੇ ਘਿਰਾਉ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਸਾਂਝਾ ਫਰੰਟ ਦੇ ਕਨਵੀਨਰ ਜਰਮਨਜੀਤ ਸਿੰਘ, ਸੁਖਦੇਵ ਸਿੰਘ ਸੂਰਤਾਪੁਰੀ, ਸੁਰਮੁਖ ਸਿੰਘ, ਗੁਰਿੰਦਰ ਸਿੰਘ, ਬਲਬੀਰ ਸਿੰਘ ਧਾਨੀਆਂ, ਮੰਗਤ ਰਾਮ, ਮਨਜੀਤ ਸਿੰਘ ਸੈਣੀ, ਨੀਰਜ ਪਾਲ, ਪਰਮਜੀਤ ਕੌਰ ਮਾਨ ਅਤੇ ਸ਼ਕੁੰਤਲਾ ਸਰੋਏ ਆਦਿ ਆਗੂ ਵੀ ਹਾਜ਼ਰ ਸਨ।