27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ਵਿੱਚ ਹੁਣੇ ਤੋਂ ਪੂਰੇ ਜ਼ੋਰ ਨਾਲ ਜੁਟ ਜਾਉ : ਕਿਸਾਨ ਆਗੂ

 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ਵਿੱਚ ਹੁਣੇ ਤੋਂ ਪੂਰੇ ਜ਼ੋਰ ਨਾਲ ਜੁਟ ਜਾਉ : ਕਿਸਾਨ ਆਗੂ


ਮੁਜ਼ੱਫਰਨਗਰ ਮਹਾਂ-ਪੰਚਾਇਤ ਦੀ ਅਪਾਰ ਸਫ਼ਲਤਾ ਲਈ ਅੰਦੋਲਨਕਾਰੀਆਂ ਨੂੰ ਦਿੱਤੀ ਵਧਾਈ 


ਭਾਜਪਾ ਆਗੂ ਹਰਜੀਤ ਗਰੇਵਾਲ ਵੱਲੋਂ ਪੱਤਰਕਾਰ ਲੜਕੀ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ; ਨੇਤਾ ਜਨਤਕ ਤੌਰ 'ਤੇ ਮਾਫੀ ਮੰਗੇ: ਕਿਸਾਨ ਆਗੂ 





ਚੰਡੀਗੜ੍ਹ, 6 ਸਤੰਬਰ 2021 : ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ, ਪਰਾਲੀ ਆਰਡੀਨੈਂਸ ਅਤੇ ਬਿਜ਼ਲੀ ਸੋਧ ਬਿਲ-2020 ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਜਾਰੀ ਪੱਕੇ ਕਿਸਾਨੀ-ਧਰਨੇ 341 ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਹੇ। 


ਅੱਜ ਧਰਨਿਆਂ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ-ਬੰਦ ਦੇ ਸੱਦੇ ਬਾਰੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਕੁੱਝ ਖਾਸ ਕਾਰਨਾਂ ਕਰਕੇ ਭਾਰਤ ਬੰਦ ਦੀ ਤਰੀਕ 25 ਦੀ ਬਜਾਏ ਹੁਣ 27 ਸਤੰਬਰ ਕਰ ਦਿੱਤੀ ਗਈ ਹੈ। ਮੁੱਜ਼ਫਰਨਗਰ ਦੀ ਇਤਿਹਾਸਕ ਮਹਾਂ-ਪੰਚਾਇਤ ਤੋਂ ਸਿਰਫ਼ ਤਿੰਨ ਹਫਤਿਆਂ ਬਾਅਦ ਹੋਣ ਵਾਲਾ ਇਹ ਇੱਕ ਹੋਰ ਵੱਡਾ ਪ੍ਰੋਗਰਾਮ ਹੈ, ਜਿਸ ਲਈ ਵੱਡੀਆਂ ਤਿਆਰੀਆਂ ਦੀ ਲੋੜ ਹੈ। 


ਕਿਸਾਨ ਆਗੂਆਂ ਨੇ ਕਿਹਾ ਕਿ ਸਾਡਾ ਅੰਦੋਲਨ ਹੁਣ ਦੇਸ਼- ਵਿਆਪੀ ਬਣ ਚੁੱਕਾ ਹੈ, ਇਸ ਲਈ ਭਾਰਤ-ਬੰਦ ਦਾ ਅਸਰ ਵੀ ਦੇਸ਼-ਵਿਆਪੀ ਦਿਖਣਾ ਚਾਹੀਦਾ ਹੈ। ਭਾਰਤ ਬੰਦ ਨੂੰ ਸਫਲ ਬਣਾਉਣ ਦੀ ਬਹੁਤ ਵੱਡੀ ਚੁਣੌਤੀ ਸਾਨੂੰ ਦਰਪੇਸ਼ ਹੈ।ਇਸ ਲਈ ਅੱਜ ਤੋਂ ਹੀ ਪੂਰੇ ਜ਼ੋਰ ਨਾਲ ਤਿਆਰੀਆਂ ਵਿੱਢ ਦਿਉ। 


ਅੱਜ ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਮੁਜ਼ੱਫਰਨਗਰ ਮਹਾਂ-ਪੰਚਾਇਤ ਦੀ ਅਪਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਇਸ ਸਫਲਤਾ ਨੂੰ ਹੋਰ ਪੱਕੇ ਪੈਰੀਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਰੈਲੀ ਨੇ ਕਿਸਾਨ ਅੰਦੋਲਨ ਨੂੰ ਇੱਕ ਹੋਰ ਉਚੇਚੇ ਪਾਇਦਾਨ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ ਅਤੇ ਅਸੀਂ ਦਿਨ-ਬਦਿਨ ਆਪਣੀ ਜਿੱਤ ਦੇ ਨਜਦੀਕ ਹੁੰਦੇ ਜਾ ਰਹੇ ਹਾਂ।

   

ਬੁਲਾਰਿਆਂ ਨੇ ਅੱਜਕੱਲ੍ਹ ਵਾਇਰਲ ਹੋਈ ਇੱਕ ਆਡੀਉ ਦੀ ਚਰਚਾ ਕੀਤੀ। ਇਸ ਆਡੀਉ 'ਚ ਬੀਜੇਪੀ ਨੇਤਾ ਹਰਜੀਤ ਗਰੇਵਾਲ, ਇੱਕ ਸਵਾਲ ਦੇ ਜਵਾਬ 'ਚ, ਇੱਕ ਪੱਤਰਕਾਰ ਲੜਕੀ ਨੂੰ ਪੁੱਛਦਾ ਹੈ ਕਿ 'ਤੁਸੀਂ ਆਪਣੇ ਪਿਤਾ ਦਾ ਨਾਂ ਦੱਸੋ, ਤੁਹਾਡੇ ਕੋਲ ਕੀ ਪਰੂਫ ਹੈ ਕਿ ਤੁਸੀਂ ਉਸ ਦੀ ਬੇਟੀ ਹੋ?' ਬੇਟੀ ਬਚਾਓ, ਬੇਟੀ ਪੜਾਉ ਦਾ ਨਾਹਰਾ ਲਾਉਣ ਦਾ ਖੇਖਣ ਕਰਨ ਵਾਲੀ ਸੱਤਾਧਾਰੀ ਪਾਰਟੀ ਦੇ ਨੇਤਾ ਵੱਲੋਂ ਇੱਕ ਲੜਕੀ ਲਈ ਵਰਤੀ ਇਹ ਭੱਦੀ ਸ਼ਬਦਾਵਲੀ ਬਹੁਤ ਨਿੰਦਣਯੋਗ ਅਤੇ ਗੈਰ-ਮਿਆਰੀ ਹੈ।


ਆਗੂਆਂ ਨੇ ਕਿਹਾ ਕਿ ਦਰਅਸਲ ਬੀਜੇਪੀ ਕਿਸਾਨ ਅੰਦੋਲਨ ਦੀ ਸੱਚਾਈ ਮੂਹਰੇ ਇਖਲਾਕੀ ਤੌਰ 'ਤੇ ਹਾਰ ਚੁੱਕੀ ਹੈ ਅਤੇ ਇਸ ਦੇ ਨੇਤਾ ਬੌਖਲਾ ਗਏ ਹਨ। ਸੰਯੁਕਤ ਕਿਸਾਨ ਮੋਰਚਾ ਇਸ ਨੇਤਾ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਉਸ ਨੂੰ ਲੱਖ ਲਾਹਣਤਾਂ ਪਾਉਂਦਾ ਹੈ ਅਤੇ ਪੁਰਜ਼ੋਰ ਮੰਗ ਕਰਦਾ ਹੈ ਕਿ ਇਹ ਨੇਤਾ ਉਸ ਪੱਤਰਕਾਰ ਬੇਟੀ ਤੋਂ ਜਨਤਕ ਤੌਰ 'ਤੇ ਮਾਫੀ ਮੰਗੇ।


ਪੰਜਾਬ ਭਰ 'ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ-ਆਗੂਆਂ ਨੇ ਦੁਹਰਾਇਆ ਕਿ ਸੰਘਰਸ਼ ਦੇ 8 ਮਹੀਨੇ ਬੀਤ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਰੁਖੀ ਧਾਰੀ ਹੋਈ ਹੈ, ਪਰ ਉਹ ਇਹ ਭੁੱਲ ਜਾਣ ਕੇ ਕਿਸਾਨ ਨਿਰਾਸ਼ ਹੋ ਕੇ ਘਰਾਂ ਨੂੰ ਵਾਪਿਸ ਚਲੇ ਜਾਣਗੇ, ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਖੇਤੀ-ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜਲੀ-ਸੋਧ ਬਿਲ-2020 ਤੁਰੰਤ ਰੱਦ ਕਰੇ।


ਕਿਸਾਨ ਆਗੂਆਂ ਨੇ ਕਿਹਾ ਕਿ 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸ਼ਮੂਲੀਅਤ ਜਾਰੀ ਹੈ। ਇਸੇ ਦੌਰਾਨ ਕਿਸਾਨਾਂ ਦੇ ਕਾਫ਼ਲਿਆਂ ਦਾ ਪੰਜਾਬ 'ਚੋਂ ਲਗਾਤਾਰ ਸਿੰਘੂ ਅਤੇ ਟਿਕਰੀ ਦੇ ਮੋਰਚਿਆਂ 'ਤੇ ਜਾਣਾ ਜਾਰੀ ਹੈ। ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਗੁਰਦਾਸਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਰਨਾਲਾ, ਨਵਾਂਸ਼ਹਿਰ, ਰੋਪੜ, ਮੁਹਾਲੀ ਜਿਲ੍ਹਿਆਂ ਸਮੇਤ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਕਿਸਾਨਾਂ ਦੇ ਦਰਜ਼ਨਾਂ ਜਥੇ ਰਵਾਨਾ ਹੋਏ। 


ਕਿਸਾਨਾਂ ਨੇ ਸੰਘਰਸ਼ੀ-ਮੋਰਚਿਆਂ ਤੋਂ ਪਿੱਛੇ ਨਾ ਹਟਣ ਦਾ ਅਹਿਦ ਲਿਆ ਹੈ। ਟੋਲ-ਪਲਾਜ਼ਿਆਂ, ਰਿਡਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਗਿਣਤੀ ਬਰਕਰਾਰ ਰੱਖਦਿਆਂ ਕਿਸਾਨਾਂ ਨੇ ਕੇਂਦਰ-ਸਰਕਾਰ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਪਿਛਾਂਹ ਨਹੀਂ ਹਟਣਗੇ। 


ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਮੋਦੀ ਹਕੂਮਤ ਖਿਲਾਫ਼ ਸਾਂਝਾ ਕਿਸਾਨ ਸੰਘਰਸ਼ ਐਨ ਸ਼ੁਰੂ ਹੋਣ ਸਮੇਂ ਤੋਂ ਹੀ ਸਾਜਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਹਰ ਸਾਜਿਸ਼ ਦਾ ਜਵਾਬ ਲੋਕ ਪੱਖੀ ਪੈਂਤੜੇ ਤੋਂ ਪਛਾੜਿਆ ਗਿਆ ਹੈ। ਹਰ ਹਕੂਮਤੀ ਸੱਦ ਦੀ ਬੇਦਰੇਗ਼ ਵਰਤੋਂ ਕਰਨ ਦੇ ਬਾਵਜੂਦ ਹਰ ਸਾਜਿਸ਼ ਮੋਦੀ ਹਕੂਮਤ ਨੂੰ ਪੁੱਠੀ ਪੈਂਦੀ ਆਈ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends